Share on Facebook Share on Twitter Share on Google+ Share on Pinterest Share on Linkedin ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਮਾਮਲੇ ਵਿੱਚ 10 ਸਾਲ ਦੀ ਕੈਦ ਬਲਾਤਕਾਰੀ ਬਾਬੇ ਨੂੰ ਹਰਿਆਣਾ ਦੀ ਜ਼ੇਲ੍ਹ ’ਚੋਂ ਦੇਸ਼ ਦੀ ਕਿਸੇ ਹੋਰ ਜੇਲ੍ਹ ਵਿੱਚ ਸ਼ਿਫ਼ਟ ਕੀਤਾ ਜਾਵੇ: ਐਮ ਐਸ ਬਿੱਟਾ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਰੋਹਤਕ, 29 ਅਗਸਤ: ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ 10 ਸਾਲ ਦੀ ਸਜ਼ਾ ਸੁਣਵਾਈ ਗਈ ਹੈ। ਬੀਤੀ 25 ਅਗਸਤ ਨੂੰ ਵਾਪਰੀਆਂ ਹਿੰਸਕ ਘਟਨਾਵਾਂ ਨੂੰ ਦੇਖਦੇ ਹੋਏ ਹਰਿਆਣਾ ਸਰਕਾਰ ਵੱਲੋਂ ਅੱਜ ਰੋਹਤਕ ਜੇਲ੍ਹ ਦੇ ਨੇੜੇ ਸਿੱਖਿਆ ਸੰਸਥਾਨ ਦੀ ਲਾਇਬਰੇਰੀ ਵਿੱਚ ਆਰਜ਼ੀ ਤੌਰ ’ਤੇ ਸੀਬੀਆਈ ਦੀ ਸਪੈਸ਼ਲ ਅਦਾਲਤ ਦੀ ਵਿਵਸਥਾ ਕੀਤੀ ਗਈ। ਜਿੱਥੇ ਮਾਣਯੋਗ ਜਸਟਿਸ ਜਗਦੀਪ ਸਿੰਘ ਇਹ ਫੈਸਲਾ ਸੁਣਾਇਆ। ਦੁਪਹਿਰ ਕਰੀਬ ਸਵਾ ਦੋ ਵਜੇ ਸ਼ੁਰੂ ਹੋਈ ਅਦਾਲਤੀ ਕਾਰਵਾਈ ਦੌਰਾਨ ਦੋਵਾਂ ਧਿਰਾਂ ਦੇ ਵਕੀਲਾਂ ਨੂੰ ਬਹਿਸ ਲਈ 10-10 ਮਿੰਟ ਦਾ ਸਮਾਂ ਦਿੱਤਾ ਗਿਆ। ਇਸ ਦੌਰਾਨ ਬਹਿਸ ਵਿੱਚ ਹਿੱਸਾ ਲੈਂਦਿਆਂ ਸੀਬੀਆਈ ਦੇ ਸਰਕਾਰੀ ਵਕੀਲ ਨੇ ਡੇਰਾ ਮੁਖੀ ਵਿਰੁੱਧ ਸਾਧਵੀਆਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਸ਼ਿਕਾਇਤ ਕਰਤਾ ਸਾਧਵੀ ਦੀ ਸ਼ਿਕਾਇਤ ਸਮੇਤ ਹੋਰ ਵੱਖ ਵੱਖ ਪਹਿਲੂਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਬਾਬਾ ਖ਼ਿਲਾਫ਼ ਹੋਰ ਅਦਾਲਤਾਂ ਵਿੱਚ ਚਲ ਰਹੇ ਕੇਸਾਂ ਬਾਰੇ ਜਾਣਕਾਰੀ ਦਿੰਦਿਆਂ ਬਾਬੇ ਨੂੰ ਸਖ਼ਤ ਤੋਂ ਸਖ਼ਤ ਦੇਣ ਦੀ ਮੰਗ ਕੀਤੀ। ਉਧਰ ਬਚਾਅ ਪੱਖ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਬਾਬੇ ਵੱਲੋਂ ਆਮ ਲੋਕਾਂ ਨੂੰ ਧਰਮ ਦਾ ਪਾਠ ਪੜ੍ਹਾਉਣ ਦੇ ਨਾਲ ਨਾਲ ਸਕੂਲ ਅਤੇ ਹਸਪਤਾਲ ਚਲਾਏ ਜਾ ਰਹੇ ਹਨ ਅਤੇ ਵੱਡੀ ਗਿਣਤੀ ਵਿੱਚ ਗ਼ਰੀਬ ਪਰਿਵਾਰਾਂ ਨੂੰ ਆਪਣੇ ਡੇਰੇ ਵਿੱਚ ਛੱਤ ਮੁਹੱਈਆ ਕਰਵਾਈ ਗਈ ਹੈ। ਇਨ੍ਹਾਂ ਸਮਾਜ ਸੇਵੀ ਕੰਮਾਂ ਨੂੰ ਦੇਖਦੇ ਹੋਏ ਬਾਬੇ ਨੂੰ ਘੱਟ ਤੋਂ ਘੱਟ ਸਜ਼ਾ ਸੁਣਾਈ ਜਾਵੇ। ਇਹੀ ਬਚਾਅ ਪੱਖ ਦੇ ਵਕੀਲਾਂ ਨੇ ਬਾਬੇ ਦੀ ਸਿਹਤ ਖ਼ਰਾਬ ਹੋਣ ਦੀ ਵੀ ਦੁਹਾਈ ਦਿੱਤੀ ਅਤੇ ਇਲਾਜ ਲਈ ਮਿਆਰੀ ਸਹੂਲਤਾਂ ਵਾਲੇ ਹਸਪਤਾਲ ਵਿੱਚ ਇਲਾਜ ਦੀ ਗੁਹਾਰ ਲਗਾਈ ਗਈ। ਇਸ ਤੋਂ ਇਲਾਵਾ ਬਲਾਤਕਾਰੀ ਬਾਬੇ ਨੇ ਜੱਜ ਦੇ ਸਾਹਮਣੇ ਦੋਵੇਂ ਹੱਥ ਜੋੜ ਕੇ ਰਹਿਮ ਦੀ ਅਪੀਲ ਕੀਤੀ। ਪਤਾ ਲੱਗਾ ਹੈ ਕਿ ਅਦਾਲਤ ਵਿੱਚ ਬਾਬਾ ਰੋ ਵੀ ਪਿਆ ਸੀ। ਮਾਣਯੋਗ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਡੇਰਾ ਮੁਖੀ ਨੂੰ ਸਾਧਵੀ ਨਾਲ ਬਲਾਤਕਾਰ ਦੇ ਮਾਮਲੇ ਵਿੱਚ 10 ਸਾਲ ਦੀ ਸਜ਼ਾ ਸੁਣਾਈ ਗਈ। ਜਦੋਂ ਜੱਜ ਨੇ ਬਾਬੇ ਨੂੰ ਸ਼ਜਾ ਸੁਣਾਈ ਤਾਂ ਬਲਾਤਕਾਰੀ ਬਾਬਾ ਆਰਜ਼ੀ ਅਦਾਲਤ ਵਿੱਚ ਜ਼ਮੀਨ ’ਤੇ ਬੈਠ ਕੇ ਫੁੱਟ ਫੁੱਟ ਕੇ ਰੌਣ ਲੱਗ ਪਿਆ ਅਤੇ ਜੇਲ੍ਹ ਦੀ ਬੈਰਕ ਵਿੱਚ ਜਾਣ ਨੂੰ ਤਿਆਰ ਨਹੀਂ ਹੋਇਆ। ਸਜ਼ਾ ਸੁਣਨ ਤੋਂ ਬਾਅਦ ਬਾਬਾ ਆਪਣੇ ਮੱਥੇ ’ਤੇ ਹੱਥ ਰੱਖ ਕੇ ਬੈਠ ਗਿਆ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਵੇਲੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਲਾਲ ਰੰਗ ਦੇ ਹੈਲੀਕਾਪਟਰ ਵਿੱਚ ਰੋਹਤਕ ਲਿਜਾਇਆ ਗਿਆ। ਕਰੀਬ ਸਵਾ ਦੋ ਵਜੇ ਜੱਜ ਸਾਹਿਬ ਅਤੇ ਉਨ੍ਹਾਂ ਦਾ ਸਟਾਫ਼ ਰੋਹਤਕ ਵਿੱਚ ਬਣਾਈ ਆਰਜ਼ੀ ਅਦਾਲਤ ਵਿੱਚ ਪਹੁੰਚ ਗਏ ਸੀ ਅਤੇ ਕਰੀਬ ਸਵਾ ਦੋ ਵਜੇ ਅਦਾਲਤ ਵਿੱਚ ਸੁਣਵਾਈ ਸ਼ੁਰੂ ਹੋਈ। ਉਧਰ, ਬੀਤੀ 25 ਅਗਸਤ ਦੀਆਂ ਹਿੰਸਕ ਘਟਨਾਵਾਂ ਨੂੰ ਦੇਖਦੇ ਹੋਏ ਰੋਹਤਕ ਜੇਲ੍ਹ ਦੇ ਬਾਹਰ ਅਤੇ ਆਰਜ਼ੀ ਅਦਾਲਤ ਦੇ ਅੰਦਰ ਅਤੇ ਬਾਹਰ ਦੂਰ ਦੂਰ ਤੱਕ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ। ਜਾਣਕਾਰੀ ਅਨੁਸਾਰ ਪੰਚਕੂਲਾ ਦੀ ਘਟਨਾ ਤੋਂ ਬਾਅਦ ਹਰਿਆਣਾ ਸਰਕਾਰ ਨੇ ਬਦਨਾਮੀ ਤੋਂ ਬਚਨ ਲਈ ਐਤਕੀਂ ਰੋਹਤਕ ਵਿੱਚ ਸਜ਼ਾ ਸੁਣਾਉਣ ਵੇਲੇ ਡੇਰਾ ਪ੍ਰੇਮੀਆਂ ਵੱਲੋਂ ਹਿੰਸਕ ਘਟਨਾਵਾਂ ਨੂੰ ਅੰਜਾਮ ਦੇਣ ’ਤੇ ਹਰਿਆਣਾ ਪੁਲੀਸ ਅਤੇ ਪੈਰਾ ਮਿਲਟਰੀ ਫੋਰਸ ਨੂੰ ਦੰਗਾਕਾਰੀਆਂ ਨੂੰ ਤੁਰੰਤ ਗੋਲੀ ਮਾਰਨ ਦੇ ਆਦੇਸ਼ ਦਿੱਤੇ ਗਏ। ਜਿਸ ਕਾਰਨ ਸਜ਼ਾ ਸੁਣਾਉਣ ਤੋਂ ਬਾਅਦ ਹਿੰਸਾ ਨਹੀਂ ਭੜਕ ਸਕੀ। ਉਧਰ, ਟੀਵੀ ਚੈਨਲ ’ਤੇ ਇਸ ਮੁੱਦੇ ’ਤੇ ਬਹਿਸ ਵਿੱਚ ਲੈਂਦਿਆਂ ਅਤਿਵਾਦੀ ਵਿਰੋਧੀ ਫਰੰਟ ਦੇ ਕੌਮੀ ਪ੍ਰਧਾਨ ਸ੍ਰ. ਮਨਜਿੰਦਰ ਸਿੰਘ ਬਿੱਟਾ ਨੇ ਸੀਬੀਆਈ ਅਦਾਲਤ ਦੇ ਜੱਜ ਦੇ ਦਲੇਰਾਨਾ ਫੈਸਲੇ ਦੀ ਸ਼ਲਾਘਾ ਕਰਦਿਆਂ ਮੰਗ ਕੀਤੀ ਕਿ ਬਲਾਤਕਾਰੀ ਬਾਬੇ ਨੂੰ ਰੋਹਤਕ ਜੇਲ੍ਹ ’ਚੋਂ ਦੇਸ਼ ਦੀ ਕਿਸੇ ਹੋਰ ਸੁਰੱਖਿਅਤ ਜੇਲ੍ਹ ਵਿੱਚ ਸ਼ਿਫ਼ਟ ਕੀਤਾ ਜਾਵੇ। ਉਨ੍ਹਾਂ ਸ਼ੰਕਾ ਜ਼ਾਹਰ ਕੀਤੀ ਕਿ ਹਰਿਆਣਾ ਦੀ ਖੱਟਰ ਸਰਕਾਰ ਬਾਬੇ ਨੂੰ ਵੀਵੀਆਈਪੀ ਸਹੂਲਤ ਮੁਹੱਈਆ ਕਰਨ ਲਈ ਜੇਲ੍ਹ ਪ੍ਰਸ਼ਾਸਨ ’ਤੇ ਦਬਾਅ ਪਾ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਮੌਜੂਦਾ ਸਮੇਂ ਵਿੱਚ ਬਹੁਤ ਸਾਰੀਆਂ ਜੇਲ੍ਹਾਂ ਵਿੱਚ ਸਜ਼ਾ ਭੁਗਤ ਰਹੇ ਅਪਰਾਧੀ ਕਿਸਮ ਦੇ ਵਿਅਕਤੀਆਂ ਵੱਲੋਂ ਜੇਲ੍ਹ ਵਿੱਚ ਬੈਠ ਕੇ ਆਪਣੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਖਦਸ਼ਾ ਪ੍ਰਗਟ ਕੀਤਾ ਕਿ ਬਾਬਾ ਜੇਲ੍ਹ ਵਿੱਚ ਬੈਠ ਕੇ ਵੀ ਆਪਣੀ ਗਤੀਵਿਧੀਆਂ ਚਲਾ ਸਕਦਾ ਹੈ। ਲਿਹਾਜ਼ਾ ਉਨ੍ਹਾਂ ਨੂੰ ਰੋਹਤਕ ਜੇਲ੍ਹ ’ਚੋਂ ਤਬਦੀਲ ਕਰਨਾ ਜ਼ਰੂਰੀ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਬਲਾਤਕਾਰੀ ਬਾਬੇ ਦੇ ਖ਼ਿਲਾਫ਼ ਹੋਰ ਵੱਖ ਵੱਖ ਅਦਾਲਤਾਂ ਵਿੱਚ ਚਲ ਰਹੇ ਕਤਲ ਕੇਸਾਂ ਦੇ ਮਾਮਲੇ ਵਿੱਚ ਬਾਬੇ ਨੂੰ ਘੱਟੋ ਘੱਟ ਮਰਨ ਤੱਕ ਉਮਰ ਕੈਦ ਜਾਂ ਸਿੱਧੇ ਤੌਰ ’ਤੇ ਫਾਂਸੀ ਦੀ ਸਜ਼ਾ ਸੁਣਾਈ ਜਾਵੇ। ਸ੍ਰ. ਬਿੱਟਾ ਨੇ ਪੰਜਾਬ ਤੇ ਹਰਿਆਣਾ ਦੀਆਂ ਵੱਖ ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਦੀ ਚੁੱਪੀ ’ਤੇ ਆਪਣੀ ਟਿੱਪਣੀ ਕਰਦਿਆਂ ਕਿਹਾ ਕਿ ਇਹ ਦੇਸ਼ ਲਈ ਬਹੁਤ ਮੰਦਭਾਗੀ ਗੱਲ ਹੈ ਕਿ ਡੇਰਾ ਮੁਖੀ ਨੂੰ ਬਲਾਤਕਾਰ ਦਾ ਦੋਸ਼ੀ ਮੰਨਦਿਆਂ 10 ਸਾਲ ਦੀ ਕੈਦ ਦੀ ਸਜ਼ਾ ਸੁਣਾਉਣ ਤੋਂ ਬਾਅਦ ਵੀ ਸਿਆਸੀ ਆਗੂ ਚੁੱਪ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ