Nabaz-e-punjab.com

ਗੁਰੂ ਮਾਨਿਉ ਗ੍ਰੰਥ ਸ਼ਬਦ ਚੇਤਨਾ ਮਾਰਚ ‘ਨਗਰ ਕੀਰਤਨ’ ਦਾ ਸੁਲਤਾਨਪੁਰ ਲੋਧੀ ਪਹੁੰਚਣ ’ਤੇ ਸ਼ਾਨਦਾਰ ਸਵਾਗਤ

ਭਾਰਤ ਤੇ ਪਾਕਿ ਸਰਕਾਰ ਸੰਗਤਾਂ ਦੀ ਸਹੂਲਤ ਲਈ ਸਰਲ ਕਾਨੂੰਨੀ ਪ੍ਰਕਿਰਿਆ ਬਣਾਵੇ: ਪੀਰ ਮੁਹੰਮਦ

ਨਬਜ਼-ਏ-ਪੰਜਾਬ ਬਿਊਰੋ, ਸੁਲਤਾਨਪੁਰ ਲੋਧੀ, 19 ਨਵੰਬਰ:
ਗੁਰਦੁਆਰਾ ਗੁਰ ਸਾਗਰ ਸਾਹਿਬ ਨੇੜੇ ਸੁਖਨਾ ਝੀਲ (ਚੰਡੀਗੜ੍ਹ) ਤੋਂ ਬੀਤੇ ਦਿਨੀਂ ਸ਼ੁਰੂ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਪੰਜ ਰੋਜ਼ਾ ਗੁਰੂ ਮਾਨਿਉ ਗ੍ਰੰਥ ਸ਼ਬਦ ਚੇਤਨਾ ਮਾਰਚ ‘ਵਿਸ਼ਾਲ ਨਗਰ ਕੀਰਤਨ’ ਅੱਜ ਸੁਲਤਾਨਪੁਰ ਲੋਧੀ ਦੀ ਧਰਤੀ ’ਤੇ ਪਹੁੰਚਿਆ। ਜਿੱਥੇ ਗੁਰਦੁਆਰਾ ਬੇਰ ਸਾਹਿਬ ਦੇ ਹੈਡ ਗ੍ਰੰਥੀ ਭਾਈ ਸੁਰਜੀਤ ਸਿੰਘ ਸਭਰਾ ਦੀ ਅਗਵਾਈ ਹੇਠ ਸੰਗਤਾਂ ਨੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਗ੍ਰੰਥੀ ਸਿੰਘ ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ ਅਤੇ ਨਗਰ ਕੀਰਤਨ ਨਾਲ ਚੱਲ ਰਹੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸਕੱਤਰ ਜਨਰਲ ਸਕੱਤਰ ਜਥੇਦਾਰ ਸੇਵਾ ਸਿੰਘ ਸੇਖਵਾ, ਸੰਤ ਬਾਬਾ ਪ੍ਰਿਤਪਾਲ ਸਿੰਘ, ਜਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਭਾਈ ਦਰਸ਼ਨ ਸਿੰਘ ਘੋਲੀਆ ਦਾ ਵੀ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।
ਨਗਰ ਕੀਰਤਨ ਨੇ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਹੱਟ ਸਾਹਿਬ ਬੇਬੇ ਨਾਨਕੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦਿਆਂ ਸਾਰੇ ਸ਼ਹਿਰ ਦੀ ਪ੍ਰਕਰਮਾ ਕੀਤੀ ਤੇ ਸੰਤ ਘਾਟ ਪਹੁੰਚ ਕੀਤੀ ਜਿੱਥੇ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਵੀਰ ਸਿੰਘ ਨੇ ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ ਕੀਤਾ। ਉਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲਾ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕੀਤੇ ਗਏ। ਇਸ ਮੌਕੇ ਉਹਨਾਂ ਸੰਤ ਬਾਬਾ ਪ੍ਰਿਤਪਾਲ ਸਿੰਘ, ਬੀਬਾ ਚਰਨਕਮਲ ਕੌਰ, ਭਾਈ ਕਰਨੈਲ ਸਿੰਘ ਪੀਰ ਮੁਹੰਮਦ, ਹੋਂਦ ਚਿੱਲੜ ਸਿੱਖ ਇਨਸਾਫ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ, ਭਾਈ ਤੇਜਸਵਰ ਪ੍ਰਤਾਪ ਸਿੰਘ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ। ਇਸ ਉਪਰੰਤ ਇਹ ਨਗਰ ਕੀਰਤਨ ਸ੍ਰੀ ਕਰਤਾਰਪੁਰ ਸਾਹਿਬ ਲਈ ਰਵਾਨਾ ਹੋ ਗਿਆ। ਇਸ ਨਗਰ ਕੀਰਤਨ ਦੀ ਸਮੁੱਚੀ ਦੇਖ ਰੇਖ ਸ਼੍ਰੋਮਣੀ ਸੰਤ ਖਾਲਸਾ ਇੰਟਰਨੈਸ਼ਨਲ ਫਾਉਂਡੇਸ਼ਨ ਦੇ ਚੇਅਰਮੈਨ ਸੰਤ ਬਾਬਾ ਪ੍ਰਿਤਪਾਲ ਸਿੰਘ ਕਰ ਰਹੇ ਸਨ। ਜਿਸ ਵਿੱਚ ਹਜ਼ਾਰਾਂ ਸੰਗਤਾਂ ਬੀਬੀਆਂ ਬੱਚੇ ਬਜ਼ੁਰਗ ਵੱਡੀ ਗਿਣਤੀ ਵਿੱਚ ਸ਼ਾਮਲ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਸ਼੍ਰੋਮਣੀ ਸੰਤ ਖਾਲਸਾ ਇੰਟਰਨੈਸ਼ਨਲ ਫਾਉਂਡੇਸ਼ਨ ਦੇ ਸਕੱਤਰ ਜਸਬੀਰ ਸਿੰਘ ਬੇਦੀ ਨੇ ਦੱਸਿਆ ਕਿ ਇਹ ਮਹਾਨ ਨਗਰ ਕੀਰਤਨ ਅੱਜ ਰਾਤ ਜਲੰਧਰ ਨੇੜੇ ਪਤਿਆਲਾ ਵਿਸ਼ਰਾਮ ਕਰਕੇ ਕੱਲ ਸ਼ਾਮ ਨੂੰ ਗੁਰਦੁਆਰਾ ਡੇਰਾ ਬਾਬਾ ਨਾਨਕ ਗੁਰਦਾਸਪੁਰ ਵਿੱਚ ਪਹੁੰਚੇਗਾ। ਉਹਨਾਂ ਕਿਹਾ ਕਿ ਕਰਤਾਰਪੁਰ ਸਾਹਿਬ ਨਗਰ ਕੀਰਤਨ ਨੂੰ ਜਾਣ ਦੀ ਮਨਜ਼ੂਰੀ ਨਾ ਮਿਲਣ ਕਰਕੇ ਹੁਣ ਕਰਤਾਰਪੁਰ ਸਾਹਿਬ ਦੇ ਦਰਸ਼ਨ ਭਾਰਤ ਵਾਲੇ ਪਾਸਿਉ ਹੀ ਕਰਤਾਰਪੁਰ ਕੌਰੀਡੋਰ ਤੋਂ ਕੀਤੇ ਜਾਣਗੇ। ਸ੍ਰੀ ਪੀਰ ਮੁਹੰਮਦ ਅਤੇ ਸੰਤ ਬਾਬਾ ਪ੍ਰਿਤਪਾਲ ਸਿੰਘ ਨੇ ਕਰਤਾਰਪੁਰ ਸਾਹਿਬ ਲਾਂਘੇ ਦੇ ਖੁੱਲ੍ਹਣ ਦਾ ਜਿੱਥੇ ਸਵਾਗਤ ਕੀਤਾ। ਉੱਥੇ ਨਾਲ ਹੀ ਭਾਰਤ ਸਰਕਾਰ ਅਤੇ ਪਾਕਿਸਤਾਨ ਸਰਕਾਰ ਨੂੰ ਮਿਲ ਬੈਠ ਕੇ ਸੰਗਤਾਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਸਬੰਧੀ ਕਾਨੂੰਨੀ ਪ੍ਰਕਿਰਿਆ ਸੁਖਾਲੀ ਬਣਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਹੁਣ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਡੇਰਾ ਬਾਬਾ ਨਾਨਕ ਦੇ ਕਰਤਾਰਪੁਰ ਸਾਹਿਬ ਕੌਰੀਡੋਰ ਤੋਂ ਹੀ ਦਰਸ਼ਨ ਕਰਕੇ ਵਾਪਸ ਪਰਤਣਗੀਆਂ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ ਸਰਕਾਰ ’ਤੇ ਵਾਰ-ਵਾਰ ਮ…