ਗੁਰੂ ਹਰਿਰਾਇ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਦੂਜੇ ਦਿਨ ਵੱਡੀ ਗਿਣਤੀ ਵਿੱਚ ਪੁੱਜੀ ਸੰਗਤ

ਸਮਾਜ ਅੰਦਰ ਫੈਲ ਰਹੀਆਂ ਅਲਾਮਤਾਂ ਨੂੰ ਠੱਲ੍ਹ ਪਾਉਣ ਲਈ ਬੀਬੀਆਂ ਦਾ ਰੋਲ ਅਹਿਮ: ਪ੍ਰੋ. ਬਡੂੰਗਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਫਰਵਰੀ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਫੇਜ਼-8 ਵਿੱਚ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਤਿੰਨ ਰੋਜ਼ਾ ਸਾਲਾਨਾ ਜੋੜ-ਮੇਲ ਦੇ ਦੂਜੇ ਦਿਨ ਵੱਡੀ ਗਿਣਤੀ ਵਿੱਚ ਇਲਾਕੇ ਦੀ ਸੰਗਤ ਨੇ ਸ਼ਿਰਕਤ ਕੀਤੀ। ਸਵੇਰ ਤੋਂ ਲੈ ਕੇ ਸਾਰਾ ਦਿਨ ਦੇਰ ਸ਼ਾਮ ਤੱਕ ਕਥਾ, ਕੀਰਤਨ ਅਤੇ ਗੁਰਬਾਣੀ ਦਾ ਪ੍ਰਵਾਹ ਚੱਲਿਆ। ਸਮਾਗਮ ਵਿੱਚ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸਾਬਕਾ ਸੰਸਦ ਮੈਂਬਰ ਪ੍ਰੋ. ਪੇ੍ਰਮ ਸਿੰਘ ਚੰਦੂਮਾਜਰਾ, ਮਹਿਲਾ ਕਮਿਸ਼ਨ ਦੀ ਸਾਬਕਾ ਮੁਖੀ ਤੇ ਐਸਜੀਪੀਸੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਬੀਬੀ ਕੁਲਦੀਪ ਕੌਰ ਟੌਹੜਾ, ਨਿਰਮੈਲ ਸਿੰਘ ਜੌਲਾਂ, ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਆਗੂ ਜਥੇਦਾਰ ਗੁਰਸੇਵ ਸਿੰਘ ਹਰਪਾਲਪੁਰ, ਐਸਜੀਪੀਸੀ ਮੈਨੇਜਰ ਰਜਿੰਦਰ ਸਿੰਘ ਟੌਹੜਾ ਸਣੇ ਹੋਰ ਉੱਘੀਆਂ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਭਰੀ।
ਸਮਾਗਮ ਵਿੱਚ ਕੀਰਤਨ ਸੁਖਮਨੀ ਸੇਵਾ ਸੁਸਾਇਟੀ, ਭਾਈ ਰਜਿੰਦਰ ਸਿੰਘ, ਭਾਈ ਸਿੰਘ, ਭਾਈ ਪ੍ਰਤਾਪ ਸਿੰਘ, ਢਾਡੀ ਜਥਾ ਗਿਆਨੀ ਗੁਰਨਾਮ ਸਿੰਘ ਮੋਹੀ ਅਤੇ ਭਾਈ ਸ਼ੌਕੀਨ ਸਿੰਘ, ਭਾਈ ਸਤਨਾਮ ਸਿੰਘ, ਭਾਈ ਸੁਖਜਿੰਦਰ ਸਿੰਘ, ਭਾਈ ਜਗਤਾਰ ਸਿੰਘ, ਭਾਈ ਅਮਨਦੀਪ ਸਿੰਘ, ਕਥਾ ਭਾਈ ਸਰਬਜੀਤ ਸਿੰਘ ਲੁਧਿਆਣਾ ਵਾਲੇ, ਭਾਈ ਰਵਿੰਦਰ ਸਿੰਘ ਸਾਰੇ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਮਨਪ੍ਰੀਤ ਸਿੰਘ ਕਾਨਪੁਰ ਨੇ ਸੰਗਤਾਂ ਨੂੰ ਸਾਰਾ ਦਿਨ ਕਥਾ, ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕੀਤਾ।
ਇਸ ਮੌਕੇ ਬੋਲਦਿਆਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਸਮਾਜ ਅੰਦਰ ਫੈਲ ਰਹੀਆਂ ਅਲਾਮਤਾਂ ਨੂੰ ਰੋਕਣ ਲਈ ਬੀਬੀਆਂ ਅਹਿਮ ਰੋਲ ਅਦਾ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਗੁਰਬਾਣੀ ਵਿੱਚ ਵੀ ਅੌਰਤਾਂ ਨੂੰ ਬਹੁਤ ਸਤਿਕਾਰ ਅਤੇ ਜੱਗ ਜਣਨੀ ਦਾ ਦਰਜਾ ਹਾਸਲ ਹੈ। ਇਸ ਲਈ ਜਦੋਂ ਬੀਬੀਆਂ ਆਪਣੇ ਘਰ ਤੋਂ ਸਮਾਜਿਕ ਅਲਾਮਤਾਂ ਵਿਰੁੱਧ ਮੁਹਿੰਮ ਸ਼ੁਰੂ ਕਰਨਗੀਆਂ ਅਤੇ ਪੁਰਸ਼ਾਂ ਨੂੰ ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਲਈ ਪ੍ਰੇਰਿਤ ਕਰਨਗੀਆਂ ਤਾਂ ਸਮਾਜ ’ਚੋਂ ਸਾਰਾ ਗੰਧਲਾ ਵਾਤਾਵਰਨ ਸ਼ੁੱਧ ਹੋ ਜਾਵੇਗਾ। ਅਜਿਹਾ ਹੋਣ ਨਾਲ ਜਬਰ-ਜਨਾਹ ਅਤੇ ਅੌਰਤਾਂ ’ਤੇ ਅੱਤਿਆਚਾਰ ਵਰਗੀਆਂ ਘਟਨਾਵਾਂ ਨੂੰ ਠੱਲ੍ਹ ਪਵੇਗੀ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਖ਼ਿਲਾਫ਼ ਡਟਣ ਲਈ ਪ੍ਰੇਰਦਿਆਂ ਕਿਹਾ ਕਿ ਸਮਾਜਿਕ ਪਰਿਵਰਤਨ ਲਈ ਨੌਜਵਾਨ ਪੀੜ੍ਹੀ ਨੂੰ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਕਰਮ ਸਿੰਘ ਉਪ ਮੈਨੇਜਰ ਗੁਰਦੁਆਰਾ ਦੁਖ ਨਿਵਾਰਨ ਸਾਹਿਬ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਸ਼ਾਵਰਜੀਤ ਸਿੰਘ, ਸਤਪਾਲ ਸਿੰਘ ਮੈਨੇਜਰ ਗੁਰਦੁਆਰਾ ਬਾਗ ਸ਼ਹੀਦਾਂ, ਭਾਜਪਾ ਆਗੂ ਅਰੁਣ ਸ਼ਰਮਾ, ਅਕਾਲੀ ਆਗੂ ਪਰਮਜੀਤ ਸਿੰਘ ਕਾਹਲੋਂ, ਪਰਵਿੰਦਰ ਸਿੰਘ ਤਸਿੰਬਲੀ, ਕਮਲਜੀਤ ਸਿੰਘ ਰੂਬੀ, ਸਤਵੀਰ ਸਿੰਘ ਧਨੋਆ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਐਸਜੀਪੀਸੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਅਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਟੌਹੜਾ ਅਤੇ ਪ੍ਰਚਾਰਕ ਰਾਜਪਾਲ ਸਿੰਘ ਨੇ ਦੱਸਿਆ ਕਿ ਭਲਕੇ ਅਖੀਰਲੇ ਦਿਨ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਉਪਰੰਤ ਦੇਰ ਰਾਤ ਤੱਕ ਵੱਖ-ਵੱਖ ਰਾਗੀ ਅਤੇ ਢਾਡੀ ਜਥੇ ਨੇ ਕਥਾ, ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਗੇ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਸਮਾਗਮ ਵਿੱਚ ਸ਼ਾਮਲ ਹੋਣਗੇ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …