
ਪੰਜਾਬ ਸਰਕਾਰ ਦੇ ਸਹਿਯੋਗ ਨਾਲ ਚੰਡੀਗੜ੍ਹ ਯੂਨੀਵਰਸਿਟੀ ਵਿੱਚ ‘ਗੁਰੂ ਨਾਨਕ ਚੇਅਰ’ ਦੀ ਹੋਈ ਸਥਾਪਨਾ
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਅੱਜ ਵੀ ਰਹਿਬਰ ਬਣ ਕੇ ਸਾਡੇ ਅੱਗੇ ਆਉਂਦੀ ਹੈ: ਚਰਨਜੀਤ ਚੰਨੀ
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਪ੍ਰੈਕਟੀਕਲ ਤੌਰ ’ਤੇ ਲਾਗੂ ਕਰਨ ਦੀ ਲੋੜ: ਸੰਤ ਸੀਚੇਵਾਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਨਵੰਬਰ:
ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਚੰਡੀਗੜ ਯੂਨੀਵਰਸਿਟੀ ਘੜੂੰਆਂ ਵਿਖੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ‘ਗੁਰੂ ਨਾਨਕ ਚੇਅਰ‘ ਦੀ ਸਥਾਪਨਾ ਕੀਤੀ ਗਈ, ਜਿੱਥੇ ਵਿਦਿਆਰਥੀਆਂ ਨੂੰ ਬਾਬੇ ਨਾਨਕ ਦੀਆਂ ਸਿੱਖਿਆਵਾਂ, ਉਪਦੇਸ਼ਾਂ ਅਤੇ ਵਿਚਾਰਧਾਰਾ ਤੋਂ ਵਧੇਰੇ ਜਾਣੂ ਕਰਵਾਉਣ ਬਾਬਤ ਖੋਜ ਕਾਰਜਾਂ ਲਈ ਪ੍ਰੋਸਾਹਿਤ ਕੀਤਾ ਜਾਵੇਗਾ।ਚੇਅਰ ਦੇ ਉਦਘਾਟਨੀ ਸਮਾਰੋਹ ਦੌਰਾਨ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਪੰਜਾਬ ਚਰਨਜੀਤ ਸਿੰੰਘ ਚੰਨੀ, ਵਿਸ਼ਵ ਪ੍ਰਸਿੱਧ ਅਧਿਆਤਮ ਆਗੂ ਸ਼੍ਰੀਸ਼੍ਰੀ ਰਵੀ ਸ਼ੰਕਰ, ਵਾਤਾਵਰਣ ਪ੍ਰੇਮੀ ਅਤੇ ਸਮਾਜ ਸੇਵੀ ਸੰਤ ਬਲਬੀਰ ਸਿੰਘ ਸੀਚੇਵਾਲ, ਪ੍ਰੋ-ਚਾਂਸਲਰ ਡਾ. ਆਰ.ਐਸ. ਬਾਵਾ, ਪ੍ਰੋ-ਵਾਈਸ ਚਾਂਸਲਰ ਪ੍ਰੋ. ਬੀ.ਐਸ. ਸੋਹੀ ਉਚੇੇਚੇ ਤੌਰ ‘ਤੇ ਮੌਜੂਦ ਰਹੇ। ਇਸ ਮੌਕੇ ਮੁੱਖ ਮਹਿਮਾਨਾਂ ਦੀ ਹਾਜ਼ਰੀ ਵਿੱਚ ਚੰਡੀਗੜ ਯੂਨੀਵਰਸਿਟੀ ਵਿਖੇ ‘ਗੁਰੂ ਨਾਨਕ ਬਗ਼ੀਚੀ‘ ਦਾ ਉਦਘਾਟਨ ਵੀ ਕੀਤਾ ਗਿਆ। ਇਸ ਮੌਕੇ ‘ਵਰਸਿਟੀ ਵੱਲੋਂ ਨੇੜਲੇ 13 ਪਿੰਡਾਂ ਵਿੱਚ ‘ਗੁਰੂ ਨਾਨਕ ਬਗ਼ੀਚੀਆਂ’ ਸਥਾਪਿਤ ਕਰਨ ਦਾ ਐਲਾਨ ਵੀ ਕੀਤਾ ਗਿਆ, ਜਿਸ ਦੀ ਸਮੁੱਚੀ ਦੇਖਰੇਖ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕੀਤੀ ਜਾਵੇਗੀ। ਇਸ ਮੌਕੇ ‘ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਫ਼ਲਸਫ਼ਾ ਅਤੇ ਸਥਿਰ ਵਿਕਾਸ ਲਈ ਸੰਯੁਕਤ ਰਾਸ਼ਟਰ ਦਾ ਏਜੰਡਾ‘ ਵਿਸੇ ‘ਤੇ ਕਰਵਾਈ ਅੰਤਰਰਾਸ਼ਟਰੀ ਸੈਮੀਨਾਰ ਦੌਰਾਨ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਬੁੱਧੀਜੀਵੀਆਂ, ਵਿਸ਼ਾ ਮਾਹਰਾਂ, ਚਿੰਤਕਾਂ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਈ।
ਇਸ ਮੌਕੇ ਗੁਰੂਦੇਵ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਨਮੋਲ ਗਿਆਨ ਦੀ ਸਾਰਥਕਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਅਜੋਕੇ ਯੁੱਗ ‘ਚ ਸ਼੍ਰੀ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਅਤੇ ਉਪਦੇਸ਼ਾਂ ਦੀ ਬਹੁਤ ਜ਼ਿਆਦਾ ਲੋੜ ਹੈ। ਉਨ੍ਹਾਂ ਕਿਹਾ ਕਿ ਬਾਬੇ ਨਾਨਕ ਨੇ ਨਾ ਕੇਵਲ ਕਿਸੇ ਵਿਅਕਤੀ ਜਾਂ ਸਿਰਫ਼ ਪੰਜਾਬ ਅਤੇ ਦੇਸ਼ ਦੇ ਹਿੱਤਾਂ ਦੀ ਗੱਲ ਕੀਤੀ ਬਲਕਿ ਗੁਰੂ ਸਾਹਿਬ ਦੀ ਵਿਚਾਰਧਾਰਾ ਸਮੁੱਚੇ ਸੰਸਾਰ ਅਤੇ ਧਰਤੀ ਦੀ ਸੁਰੱਖਿਆ ਕਰਨ ਲਈ ਪ੍ਰੇਰਦੀ ਹੈ।ਰਵੀਸ਼ੰਕਰ ਜੀ ਨੇ ਨਾਨਕ ਪਾਤਸ਼ਾਹ ਦੀਆਂ ਸਿੱਖਿਆਵਾਂ ਸਬੰਧੀ ਤੱਥ ਸਨਮੁੱਖ ਰੱਖਦਿਆਂ ਕਿਹਾ ਕਿ ਅਜੋਕੇ ਸਮੇਂ ‘ਚ ਸੰਯੁਕਤ ਰਾਸ਼ਟਰ ਦੇ ਸਥਿਰ ਵਿਕਾਸ ਟੀਚਿਆਂ ਦੀ ਪ੍ਰਾਪਤੀ ਲਈ ਸਾਨੂੰ ਜਿਥੇ ਬਾਬੇ ਨਾਨਕ ਦੀ ਵਿਚਾਰਧਾਰ ਨੂੰ ਅਪਣਾਉਣ ਦੀ ਲੋੜ ਹੈ ਉਥੇ ਹੀ ਵੱਧ ਤੋਂ ਵੱਧ ਲੋਕਾਂ ਨੂੰ ਜ਼ਮੀਨੀ ਪੱਧਰ ‘ਤੇ ਜਾਗਰੂਕ ਕੀਤਾ ਜਾਣਾ ਜ਼ਰੂਰੀ ਹੈ।ਰਵੀ ਸ਼ੰਕਰ ਜੀ ਨੇ ਕਿਹਾ ਕਿ ਨਾਨਕ ਜੀ ਨੇ ਸਾਰੇ ਧਰਮ ਗ੍ਰੰਥਾਂ ਦਾ ਨਿਚੋੜ ਸਰਲ ਸ਼ਬਦਾਂ ਵਿਚ ਪ੍ਰਗਟ ਕੀਤਾ ਹੈ, ਜਿਸ ਨੂੰ ਬੱਚਿਆਂ, ਬਜ਼ੁਰਗਾਂ ਤੋਂ ਲੈ ਕੇ ਹਰ ਵਰਗ ਦਾ ਮਨੁੱਖ ਸਮਝ ਸਕਦਾ ਹੈ।ਅੰਤ ‘ਚ ਉਨਾਂ ਕਿਹਾ ਕਿ ਸਾਨੂੰ ਆਪਣੀਆਂ ਆਉਣ ਵਾਲੀਆਂ ਪੀੜੀਆਂ ਲਈ ਮਿਆਰੀ ਸਿੱਖਿਆ ਦੇ ਨਾਲ-ਨਾਲ ਇੱਕ ਵਧੀਆ ਅਤੇ ਸਾਫ਼ ਸੁਥਰੇ ਵਾਤਾਵਰਣ ਪ੍ਰਦਾਨ ਕਰਨ ਜ਼ਿੰਮੇਵਾਰੀ ਨੂੰ ਸਮਝਣਾ ਹੋਵੇਗਾ।
ਉਦਘਾਟਨੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸੈਰ-ਸਪਾਟਾ ਵਿਭਾਗ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਦਿਆਂ ਸਮੁੱਚੇ ਸੂਬੇ ‘ਚ ਵੱਡੀ ਗਿਣਤੀ ‘ਚ ਧਾਰਮਿਕ ਸਮਾਗਮ ਉਲੀਕੇ ਗਏ, ਜਿਥੇ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਅਤੇ ਵਿਚਾਰਧਾਰਾ ਸਬੰਧੀ ਨਾਮ ਲੇਵਾ ਸੰਗਤ ਨੂੰ ਜਾਣੂ ਕਰਵਾਇਆ ਗਿਆ ਅਤੇ ਇਨਾਂ ਧਾਰਮਿਕ ਸਮਾਗਮਾਂ ਸਬੰਧੀ ਪੰਜਾਬ ਸਰਕਾਰ 30 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਸਮਾਪਤੀ ਸਮਾਗਮ ਕਰਵਾਉਣ ਜਾ ਰਹੀ ਹੈ।ਸ. ਚੰਨੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਵਿਚਾਰਧਾਰਾ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਪੱਧਰ ‘ਤੇ ਅੱਜ ਵੀ ਸਾਰਥਿਕ ਸਿੱਧ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਬਾਬੇ ਨਾਨਕ ਨੇ ਆਪਣੀ ਬਾਣੀ ‘ਚ ਹਮੇਸ਼ਾ ਅੌਰਤਾਂ, ਪਾਣੀ ਅਤੇ ਵਾਤਾਵਰਣ ਦੇ ਸਤਿਕਾਰ ਦੀ ਗੱਲ ਕੀਤੀ ਹੈ ਅਤੇ ਗੁਰੂ ਸਾਹਿਬ ਦੀ ਬਾਣੀ ਅੱਜ ਵੀ ਰਹਿਬਰ ਹੋ ਕੇ ਸਾਡੇ ਅੱਗੇ ਆਉਂਦੀ ਹੈ।
ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਮਨੁੱਖਤਾ ਦੇ ਕਲਿਆਣ ਅਤੇ ਵਾਤਾਵਰਣ ਦੀ ਸੰਭਾਲ ਲਈ ਗੁਰੂ ਸਾਹਿਬ ਵੱਲੋਂ ਦਿੱਤੀਆਂ ਸਿੱਖਿਆਵਾਂ ਅਤੇ ਉਪਦੇਸ਼ਾਂ ਬਾਰੇ ਜਾਣੂ ਕਰਵਾਇਆ।ਸੰਤ ਸੀਚੇਵਾਲ ਨੇ ਕਿਹਾ ਕਿ ਬਾਬੇ ਨਾਨਕ ਨੇ ਆਪਣੀਆਂ ਸਿੱਖਿਆਵਾਂ ‘ਚ ਪਾਣੀ, ਹਵਾ ਅਤੇ ਖੁਰਾਕ ਨੂੰ ਸ਼ੁੱਧ ਰੱਖਣ ਦੀ ਗੱਲ ਕੀਤੀ ਹੈ ਅਤੇ ਉਨਾਂ ਦੀ ਵਿਚਾਰਧਾਰਾ ਨੂੰ ਅੱਜ ਵਿਸ਼ਵਵਿਆਪੀ ਪੱਧਰ ‘ਤੇ ਪ੍ਰੈਕਟੀਕਲ ਤੌਰ ‘ਤੇ ਲਾਗੂ ਕਰਨ ਦੀ ਲੋੜ ਹੈ।ਉਨਾਂ ਕਿਹਾ ਕਿ ਵਾਤਾਵਰਣ ਦੇ ਪ੍ਰਦੂਸ਼ਿਤ ਹੋਣ ਨਾਲ ਪਸ਼ੂ-ਪੰਛੀਆਂ ਸਮੇਤ ਸਮੁੱਚੇ ਜੀਵ ਜਗਤ ‘ਤੇ ਪ੍ਰਤੀਕੂਲ ਪ੍ਰਭਾਵ ਪੈ ਰਿਹਾ ਹੈ।ਉਨਾਂ ਸਮੂਹ ਲੋਕਾਂ ਨੂੰ ਵਾਤਾਵਰਣ ਅਤੇ ਪਾਣੀਆਂ ਦੀ ਸੰਭਾਲ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਇੱਕ ਸੁਖਾਵਾਂ ਅਤੇ ਸਿਹਤਵੰਦ ਵਾਤਾਵਰਣ ਸੌਂਪਿਆਂ ਜਾ ਸਕੇ।ਉਨਾਂ ਕਿਹਾ ਕਿ ਜੇਕਰ ਬਾਬੇ ਨਾਨਕ ਦੀਆਂ ਸਿੱਖਿਆਵਾਂ ਨੂੰ ਅੱਜ ਵਿਸ਼ਵ ਭਰ ‘ਚ ਜ਼ਮੀਨੀ ਪੱਧਰ ‘ਤੇ ਲਾਗੂ ਕੀਤਾ ਜਾਵੇ ਤਾਂ ਸਮੁੱਚਾ ਵਿਸ਼ਵ ਤਰੱਕੀ ਦੇ ਰਾਹ ਤੁਰ ਸਕਦਾ ਹੈ।
ਇਸ ਮੌਕੇ ਮੁੱਖ ਮਹਿਮਾਨਾਂ ਦੀ ਹਾਜ਼ਰੀ ‘ਚ ਚੰਡੀਗੜ ਯੂਨੀਵਰਸਿਟੀ ਵਿਖੇ ‘ਗੁਰੂ ਨਾਨਕ ਬਗ਼ੀਚੀ‘ ਦਾ ਉਦਘਾਟਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਬਗ਼ੀਚੀ ਵਿੱਚ ਵਾਤਾਵਰਣ ਦੇ ਨਾਲ-ਨਾਲ ਮਨੁੱਖੀ ਸਿਹਤ ਲਈ ਲਾਹੇਵੰਦ ਚਿਕਿਤਸਕ ਪੌਦੇ ਜਿਵੇਂ ਕਿ ਹਰੜ, ਸੁਹਾਜਨਾ, ਕਰੌਂਦਾ, ਲਸੂੜੀ, ਤੁਲਸੀ, ਬਹੇੜਾ, ਪਿਲਖਣ, ਨਿੰਮ, ਅਸਵਗੰਧਾ, ਦੇਸੀ ਅੰਬ ਆਦਿ ਬੂਟੇ ਲਗਾਏ ਜਾਣਗੇ ਤਾਂ ਜੋ ਵਾਤਾਵਰਣ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਿਆ ਜਾਵੇ ਜਦਕਿ ਪੰਛੀਆਂ ਰਹਿਣਗਾਹ ਅਤੇ ਉਨਾਂ ਦੀ ਕੁਦਰਤੀ ਖੁਰਾਕ ਵੀ ਯਕੀਨੀ ਬਣਾਈ ਜਾ ਸਕੇ। ਬਗ਼ੀਚੀ ਨੂੰ ਵਿਦੇਸ਼ੀ ਤਕਨਾਲੋਜੀ ਅਨੁਸਾਰ ਤਿਆਰ ਕੀਤਾ ਜਾਵੇਗਾ, ਜਿਸ ਨਾਲ ਪੌਦਿਆਂ ਦਾ ਵਿਕਾਸ ਕਈ ਗੁਣਾ ਤੇਜ਼ੀ ਨਾਲ ਹੁੰਦਾ ਹੈ, ਜੋ ਗ੍ਰੀਨ ਹਾਊਸ ਗੈਸਾਂ ਅਤੇ ਜਲਵਾਯੂ ਵਿੱਚ ਆ ਰਹੀਆਂ ਤਬਦੀਲੀਆਂ ਕਾਰਨ ਪੈਣ ਵਾਲੇ ਪ੍ਰਭਾਵਾਂ ਨੂੰ ਘੱਟ ਕਰਨ ‘ਚ ਸਹਾਈ ਹੋਣਗੇ।
ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਇਸ ਦੌਰਾਨ ਨੌਜਵਾਨਾਂ ਨੂੰ ਆਉਣ ਵਾਲੇ ਸਮੇਂ ‘ਚ ਬਾਬੇ ਨਾਨਕ ਦੀਆਂ ਸਿੱਖਿਆਵਾਂ, ਫ਼ਲਸਫ਼ੇ ਅਤੇ ਵਿਚਾਰਧਾਰਾ ਬਾਰੇ ਵਧੇਰੇ ਜਾਣੂ ਕਰਵਾਉਣ ਦੇ ਉਦੇਸ਼ ਨਾਲ ‘ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫ਼ਲਸਫ਼ਾ ਅਤੇ ਸਥਿਰ ਵਿਕਾਸ ਲਈ ਸੰਯੁਕਤ ਰਾਸ਼ਟਰ ਦਾ ਏਜੰਡਾ‘ ਵਿਸ਼ੇ ‘ਤੇ ਅੰਤਰਰਾਸ਼ਟਰੀ ਪੱਧਰੀ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਸੈਮੀਨਾਰ ਦੌਰਾਨ ਡਾ. ਐਸ.ਪੀ ਸਿੰਘ ਓਬਰਾਏ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਪ੍ਰਬੰਧਕੀ ਟਰੱਸਟੀ, ਪ੍ਰੋ. ਨਸੀਮ ਹਾਮਿਦੁੱਲਾ ਸੈਂਟਰਲ ਯੂਨੀਵਰਸਿਟੀ ਆਫ਼ ਕਸ਼ਮੀਰ, ਪ੍ਰੋ.ਐਨ. ਮੁਥੂ ਮੋਹਨ ਮਧੂਰਾਏ ਕਾਮਰਾਜ ਯੂਨੀਵਰਸਿਟੀ, ਤਾਮਿਲਨਾਡੂ, ਪ੍ਰੋ. ਸੁਰਜੀਤ ਕੌਰ ਚਾਹਲ ਸਵਿੱਤਰੀਬਾਈ ਫੁੱਲੇ ਪੂਨੇ ਯੂਨੀਵਰਸਿਟੀ, ਡਾ. ਅਮਨਪ੍ਰੀਤ ਸਿੰਘ ਗਿੱਲ ਐਸ.ਜੀ.ਟੀ.ਬੀ ਕਾਲਜ ਦਿੱਲੀ, ਪ੍ਰੋ. ਬਲਵੰਤ ਸਿੰਘ ਢਿੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪ੍ਰੋ. ਹਿਮਾਦਰੀ ਬੈਨਰਜੀ ਜਾਧਵਪੁਰ ਯੂਨੀਵਰਸਿਟੀ ਕਲਕੱਤਾ, ਡਾ. ਅਮਰਜੀਤ ਸਿੰਘ ਜੀ.ਐਨ.ਡੀ. ਯੂਨੀਵਰਸਿਟੀ ਅੰਮ੍ਰਿਤਸਰ, ਪ੍ਰੋ. ਗੁਰਿੰਦਰ ਸਿੰਘ ਮਾਨ ਯੂਨੀਵਰਸਿਟੀ ਆਫ਼ ਕੈਂਟ, ਕੈਂਟਰਬਰੀ ਇੰਗਲੈਂਡ, ਪ੍ਰੋ. ਮੋਨਿਕਾ ਹੋਰਜਮਾਨ ਯੂਨੀਵਰਸਿਟੀ ਆਫ਼ ਬੋਨ ਜਰਮਨੀ ਅਤੇ ਪ੍ਰੋ. ਦਵਿੰਦਰਪਾਲ ਸਿੰਘ ਸੈਂਟਰ ਫ਼ਾਰ ਅੰਡਰਸਟੈਂਡਿੰਗ ਸਿੱਖੀਜ਼ਮ ਕੈਨੇਡਾ ਆਦਿ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਈ।
ਸਮਾਗਮ ਸਬੰਧੀ ਸੰਦੇਸ਼ ਜਾਰੀ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਧਰਮ, ਫਲਸਫ਼ਾ, ਸਿੱਖਿਆ, ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਪ੍ਰਣਾਲੀਆਂ ਵਰਗੇ ਵਿਸ਼ੇ ਜੋ ਅੱਜ ਵਿਸ਼ਵਵਿਆਪੀ ਮੰਚ ‘ਤੇ ਵਧੇਰੇ ਢੁਕਵੇਂ ਹੋ ਰਹੇ ਹਨ, ਨੂੰ ਸਦੀਆਂ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਆਪਣੀਆਂ ਸਿੱਖਿਆਵਾਂ, ਉਪਦੇਸ਼ਾਂ ਵਿੱਚ ਉਜਾਗਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਸਥਿਰ ਵਿਕਾਸ ਸਬੰਧੀ ਏਜੰਡਿਆਂ ਦੀ ਪ੍ਰਾਪਤੀ ਲਈ ਬਾਬੇ ਨਾਨਕ ਦਾ ਫ਼ਲਸਫ਼ਾ ਸਹਾਈ ਤੇ ਸਾਰਥਿਕ ਸਿੱਧ ਹੋ ਰਿਹਾ ਹੈ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਚੰਡੀਗੜ ਯੂਨੀਵਰਸਿਟੀ ਨੇ ਨੌਜਵਾਨ ਪੀੜੀ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਤੇ ਫ਼ਲਸਫ਼ੇ ਬਾਰੇ ਵਧੇਰੇ ਜਾਣੂ ਕਰਵਾਉਣ ਅਤੇ ਉਨਾਂ ‘ਤੇ ਖੋਜ ਕਾਰਜਾਂ ਲਈ ਪੰਜਾਬ ਸਰਕਾਰ ਦੇ ਸਹਿਯੋਗ ਨਾਲ ‘ਗੁਰੂ ਨਾਨਕ ਚੇਅਰ‘ ਦੀ ਸਥਾਪਨਾ ਕੀਤੀ ਹੈ। ਸ੍ਰੀ ਸੰਧੂ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਬਾਬੇ ਨਾਨਕ ਦੇ ਉਪਦੇਸ਼ ਅਤੇ ਵਿਚਾਰਧਾਰਾ ਨੂੰ ਦੁਨੀਆਂ ਸਨਮੁੱਖ ਸਾਂਝਾ ਕਰਨ ਲਈ ਕੈਂਪਸ ਵਿਖੇ ਸਥਾਪਿਤ ਕੀਤੀ ਚੇਅਰ ਸ਼ਾਂਤੀ ਅਤੇ ਵਿਸ਼ਵਵਿਆਪੀ ਭਾਈਚਾਰੇ ਦੇ ਸੰਦੇਸ਼ ਨੂੰ ਅੱਗੇ ਵਧਾਉਣ ਵਿੱਚ ਯੋਗਦਾਨ ਪਾਏਗੀ।