Nabaz-e-punjab.com

ਗੁਰੂ ਰਵਿਦਾਸ ਜੀ ਮਹਾਰਾਜ ਦੀ ਵਿਚਾਰਧਾਰਾ ਅੱਜ ਦੇ ਸਮੇਂ ਵਿੱਚ ਵੀ ਪੂਰੀ ਤਰ੍ਹਾਂ ਸਾਰਥਕ: ਸਿੱਧੂ

ਕੈਬਨਿਟ ਮੰਤਰੀ ਸਿੱਧੂ ਵੱਲੋਂ ਗੁਰੂ ਰਵਿਦਾਸ ਨੌਜਵਾਨ ਸਭਾ ਨੂੰ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਫਰਵਰੀ:
ਸ੍ਰੀ ਗੁਰੂ ਰਵਿਦਾਸ ਜੀ ਮਹਾਨ ਕਵੀ, ਚਿੰਤਕ ਅਤੇ ਸਮਾਜ ਸੁਧਾਰਕ ਸਨ, ਜਿਨ੍ਹਾਂ ਬਰਾਬਰੀ ਦਾ ਸੰਦੇਸ਼ ਦਿੰਦੇ ਹੋਏ ਜਾਤ ਪਾਤ ਦੇ ਭੇਦਭਾਵ ਨੂੰ ਖਤਮ ਕਰਨ ’ਤੇ ਜ਼ੋਰ ਦਿੱਤਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ 642ਵੇਂ ਪ੍ਰਕਾਸ਼ ਉਤਸਵ ਮੌਕੇ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਮੁਹਾਲੀ ਵੱਲੋਂ ਸ੍ਰੀ ਗੁਰੂ ਰਵਿਦਾਸ ਭਵਨ ਫੇਜ਼-7 ਵਿੱਚ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਭਗਤੀ ਲਹਿਰ ਦੇ ਮਹਾਨ ਉਸਰੱਈਏ ਸਨ, ਜਿਨ੍ਹਾਂ ਦੀ ਵਿਚਾਰਧਾਰਾ ਅੱਜ ਦੇ ਸਮੇਂ ਵਿੱਚ ਵੀ ਪੂਰੀ ਤਰ੍ਹਾਂ ਸਾਰਥਕ ਹੈ, ਜਿਸਨੂੰ ਸਮਾਜ ਦੇ ਹਰੇਕ ਵਰਗ ਨੂੰ ਅਪਨਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਸਾਨੂੰ ਅੰਮ੍ਰਿਤ ਰੂਪੀ ਬਾਣੀ ਦਿੱਤੀ ਹੈ, ਜਿਸਨੂੰ ਸਰਵਣ ਕਰ ਕੇ ਸਾਨੂੰ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਜੀ ਨੇ ਉਸ ਸਮੇਂ ਦੇ ਜਾਬਰ ਹਾਕਮਾਂ ਦੇ ਰਾਜ ਵਿੱਚ ਰੱਬੀ ਬਾਣੀ ਦਾ ਉਚਾਰਣ ਕੀਤਾ, ਜੋ ਅੱਜ ਵੀ ਅਮਰ ਹੈ।
ਇਸ ਤੋਂ ਪਹਿਲਾਂ ਸ੍ਰੀ ਸਿੱਧੂ ਨੇ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਨੂੰ ਗੁਰੂ ਜੀ ਦੇ ਪ੍ਰਕਾਸ਼ ਉਤਸਵ ਮੌਕੇ ਧਾਰਮਿਕ ਸਮਾਗਮ ਕਰਵਾਉਣ ’ਤੇ ਮੁਬਾਰਕਬਾਦ ਦਿੱਤੀ ਅਤੇ ਨਾਲ ਹੀ ਸਭਾ ਨੂੰ 5 ਲੱਖ ਰੁਪਏ ਦੀ ਗ੍ਰਾਂਟ ਆਪਣੇ ਅਖਤਿਆਰੀ ਕੋਟੇ ਵਿਚੋਂ ਦੇਣ ਦਾ ਐਲਾਨ ਕੀਤਾ। ਉਨ੍ਹਾਂ ਅੱਗੇ ਤੋਂ ਵੀ ਇਸੇ ਤਰ੍ਹਾਂ ਸਭਾ ਨੂੰ ਸਹਿਯੋਗ ਦਿੰਦੇ ਰਹਿਣ ਦਾ ਭਰੋਸਾ ਦਿਵਾਇਆ। ਇਸ ਮੌਕੇ ਸਕੱਤਰ ਪੰਜਾਬ ਸਰਕਾਰ ਲੋਕ ਨਿਰਮਾਣ (ਭ. ਤੇ ਮ.) ਸ਼੍ਰੀ ਹੁਸਨ ਲਾਲ ਆਈ. ਏ. ਐਸ. ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸੰਗਤ ਨੂੰ ਸ੍ਰੀ ਗੁਰੂ ਰਵਿਦਾਸ ਜੀ ਵੱਲੋਂ ਦਿਖਾਏ ਧਾਰਮਿਕ ਸਦਭਾਵਨਾ ਦੇ ਮਾਰਗ ਉਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੇਵਾਮੁਕਤ ਆਈਏਐਸ. ਆਰ.ਐਲ. ਕਲਸੀਆ ਅਤੇ ਸੇਵਾਮੁਕਤ ਆਈਜੀ ਚੌਧਰੀ ਬਖ਼ਸ਼ੀ ਰਾਮ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।
ਸਭਾ ਦੇ ਪ੍ਰਧਾਨ ਆਰ. ਏ. ਸੁਮਨ ਅਤੇ ਸਕੱਤਰ ਪੀਆਰ ਮਾਨ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਰਾਗੀ ਸਿੰਘਾਂ ਨੇ ਰੱਬੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਅਖੀਰ ਵਿੱਚ ਸਭਾ ਵੱਲੋਂ ਕੈਬਨਿਟ ਮੰਤਰੀ ਸ੍ਰੀ ਸਿੱਧੂ, ਸੀਨੀਅਰ ਆਈਏਐਸ ਹੁਸਨ ਲਾਲ, ਸਾਬਕਾ ਆਈਜੀ ਚੌਧਰੀ ਬਖ਼ਸ਼ੀ ਰਾਮ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰੀ ਸਿੱਧੂ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਪੀਐਲ ਕਲੇਰ, ਸਰੂਪ ਸਿੰਘ, ਜੀਆਰ ਜਾਖੂ, ਸਭਾ ਦੇ ਮੀਤ ਪ੍ਰਧਾਨ ਬੀਡੀ ਸਵਾਨ, ਸੰਯੁਕਤ ਸਕੱਤਰ ਐਚਐਲ ਮਹਿਮੀ, ਕਾਨੂੰਨੀ ਸਲਾਹਕਾਰ ਜੇਆਰ ਕਾਹਲ, ਪ੍ਰਚਾਰ ਸਕੱਤਰ ਅਵਤਾਰ ਸਿੰਘ ਕਲਸੀਆ, ਵਿੱਤ ਸਕੱਤਰ ਸੋਨੀ ਰਾਮ, ਮੈਂਬਰ ਤਰਸੇਮ ਲਾਲ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…