
ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ
ਗੁਰੂ ਰਵਿਦਾਸ ਜੀ ਨੇ ਜਾਤਪਾਤ ਦਾ ਖ਼ਾਤਮਾ ਕਰਕੇ ਗਿਆਨ ਦਾ ਪ੍ਰਕਾਸ਼ ਕੀਤਾ: ਬਲਬੀਰ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਫਰਵਰੀ:
ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਅੱਜ ਸ਼ਹਿਰ ਅਤੇ ਨੇੜਲੇ ਪਿੰਡਾਂ ਵਿੱਚ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇੱਥੋਂ ਦੇ ਫੇਜ਼-7 ਵਿਖੇ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਵੱਲੋਂ ਗੁਰਦੁਆਰਾ ਰਵਿਦਾਸ ਭਵਨ ਵਿੱਚ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਪ੍ਰਮੱੁਖ ਸਕੱਤਰ ਹੁਸਨ ਲਾਲ, ਸਾਬਕਾ ਵਿਧਾਇਕ ਤਰਲੋਚਨ ਸਿੰਘ ਸੁੰਢ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਸਮੇਤ ਹੋਰਨਾਂ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ।
ਇਸ ਮੌਕੇ ਬੋਲਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸ੍ਰੀ ਗੁਰੂ ਰਵਿਦਾਸ ਜੀ ਨੂੰ ਇੱਕ ਕ੍ਰਾਂਤੀਕਾਰੀ ਮਹਾਂਪੁਰਸ਼ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਉੱਚ-ਨੀਚ ਅਤੇ ਜਾਤ-ਪਾਤ ਵਰਗੇ ਕੂੜ ਅੰਧਕਾਰ ਦਾ ਖ਼ਾਤਮਾ ਕਰਕੇ ਗਿਆਨ ਦਾ ਪ੍ਰਕਾਸ਼ ਫੈਲਾਇਆ ਅਤੇ ਲੋਕਾਂ ਨੂੰ ਹੱਕ-ਸੱਚ ਦੀ ਕਿਰਤ ਕਰਨ ਅਤੇ ਪ੍ਰਮਾਤਮਾ ਦੀ ਬੰਦਗੀ ਕਰਨ ਦਾ ਮਹਾਨ ਫ਼ਲਸਫ਼ਾ ਬਖ਼ਸ਼ਿਆ। ਗੁਰੂ ਜੀ ਦੀਆਂ ਸਿੱਖਿਆਵਾਂ ਅਜੋਕੇ ਕਲਯੁੱਗ ਦੇ ਸਮੇਂ ਵਿੱਚ ਸਮੁੱਚੀ ਮਨੁੱਖਤਾ ਲਈ ਬਹੁਤ ਲਾਭਦਾਇਕ ਹਨ। ਸਿਹਤ ਮੰਤਰੀ ਨੇ ਸਭਾ ਨੂੰ ਸੋਲਰ ਸਿਸਟਮ ਲਈ 10 ਲੱਖ ਰੁਪਏ ਗਰਾਂਟ ਦੇਣ ਦਾ ਵੀ ਐਲਾਨ ਕੀਤਾ।
ਇਸ ਮੌਕੇ ਸਭਾ ਦੇ ਪ੍ਰਧਾਨ ਆਰ.ਏ. ਸੁਮਨ, ਡੀ.ਆਰ. ਪਾਲ, ਸੋਨੀ ਰਾਮ, ਪੀ.ਆਰ ਮਾਨ, ਜੇ.ਆਰ ਕਾਹਲ ਵੱਲੋਂ ਸਿਹਤ ਮੰਤਰੀ ਬਲਬੀਰ ਸਿੱਧੂ ਸਮੇਤ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ, ਸਾਬਕਾ ਵਿਧਾਇਕ ਤਰਲੋਚਨ ਸਿੰਘ ਸੁੰਢ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਆਈਏਐਸ (ਸੇਵਾਮੁਕਤ) ਆਰ.ਐਲ ਕਲਸੀਆ, ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਕੁਲਜੀਤ ਸਿੰਘ ਬੇਦੀ, ਰਜਿੰਦਰ ਸਿੰਘ ਰਾਣਾ, ਕੁਲਵੰਤ ਸਿੰਘ ਕਲੇਰ, ਜਸਬੀਰ ਸਿੰਘ ਮਣਕੂ, ਪਰਮਜੀਤ ਸਿੰਘ ਹੈਪੀ, ਰੁਪਿੰਦਰ ਕੌਰ ਰੀਨਾ, ਬਲਜੀਤ ਕੌਰ, ਬਲਰਾਜ ਕੌਰ ਧਾਲੀਵਾਲ, ਦਵਿੰਦਰ ਕੌਰ ਵਾਲੀਆ, ਅਨੁਰਾਧਾ ਆਨੰਦ (ਸਾਰੇ ਕੌਂਸਲਰ) ਅਤੇ ਕਾਂਗਰਸ ਆਗੂ ਜਤਿੰਦਰ ਆਨੰਦ ਸਮੇਤ ਹੋਰਨਾਂ ਉੱਘੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਗੁਰਬਾਣੀ ਕੀਰਤਨ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆਂ।
ਇਸੇ ਤਰ੍ਹਾਂ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ, ਗੁਰਦੁਆਰਾ ਡੇਰਾ ਸਾਹਿਬ ਸੋਹਾਣਾ, ਪਿੰਡ ਕੁੰਭੜਾ, ਜੁਝਾਰ ਨਗਰ, ਬੜਮਾਜਰਾ, ਬਲੌਂਗੀ, ਬਹਿਲੋਲਪੁਰ, ਝਾਮਪੁਰ, ਚੱਪੜਚਿੜੀ, ਲਾਂਡਰਾਂ, ਕੈਲੋਂ, ਦਾਊਂ, ਸਨੇਟਾ, ਭਾਗੋਮਾਜਰਾ, ਬਾਕਰਪੁਰ ਅਤੇ ਹੋਰਨਾਂ ਪਿੰਡਾਂ ਵਿੱਚ ਗੁਰੂ ਰਵਿਦਾਸ ਜੀ ਦਾ 644ਵਾਂ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।