
ਗੁਰਦੁਆਰਾ ਅੰਬ ਸਾਹਿਬ ਤੋਂ ਨੌਜਵਾਨਾਂ ਤੇ ਬੀਬੀਆਂ ਦਾ ਵੱਡਾ ਕਾਫ਼ਲਾ ਕਿਸਾਨਾਂ ਦੇ ਹੱਕ ’ਚ ਦਿੱਲੀ ਰਵਾਨਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜਨਵਰੀ:
ਕਿਸਾਨ ਵਿਰੋਧੀ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਅਤੇ ਆਮ ਨਾਗਰਿਕਾਂ ਦਾ ਕੇਂਦਰ ਸਰਕਾਰ ਖ਼ਿਲਾਫ਼ ਲਗਾਤਾਰ ਰੋਹ ਭਖਦਾ ਜਾ ਰਿਹਾ ਹੈ। ਕਿਸਾਨਾਂ ਦੇ ਹੱਕ ਵਿੱਚ ਹੁਣ ਆਮ ਲੋਕ ਵੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸੜਕਾਂ ’ਤੇ ਉੱਤਰ ਆਏ ਹਨ। ਅੱਜ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਫੇਜ਼-8 ਤੋਂ ਸਮਾਜ ਸੇਵੀ ਆਗੂ ਜਗਦੇਵ ਸਿੰਘ ਮਲੋਆ ਦੀ ਅਗਵਾਈ ਹੇਠ ਇਲਾਕੇ ਦੇ ਨੌਜਵਾਨਾਂ ਅਤੇ ਬੀਬੀਆਂ ਦਾ ਵੱਡਾ ਕਾਫ਼ਲਾ ਕਿਸਾਨਾਂ ਦੇ ਧਰਨੇ ਵਿੱਚ ਸ਼ਾਮਲ ਹੋਣ ਲਈ ਦਿੱਲੀ ਲਈ ਰਵਾਨਾ ਹੋਇਆ। ਇਸ ਤੋਂ ਪਹਿਲਾਂ ਹਾਜ਼ਰ ਲੋਕਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦੇਸ਼ ਦੇ ਹੁਕਮਰਾਨਾਂ ਨੂੰ ਰੱਜ ਕੇ ਕੋਸਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਗਦੇਵ ਸਿੰਘ ਮਲੋਆ ਨੇ ਦੱਸਿਆ ਕਿ ਉਹ ਅੱਜ ਚੌਥਾ ਜਥਾ ਲੈ ਕੇ ਦਿੱਲੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਕਿਸਾਨਾਂ ਦੀ ਲੜਾਈ ਨਹੀਂ ਹੈ ਬਲਕਿ ਤਿੰਨੇ ਕਾਲੇ ਕਾਨੂੰਨ ਸਾਰੇ ਵਰਗਾਂ ਦੇ ਲੋਕਾਂ ਖ਼ਿਲਾਫ਼ ਵੀ ਹਨ। ਉਨ੍ਹਾਂ ਮੰਗ ਕੀਤੀ ਕਿ ਕਿਸਾਨ ਵਿਰੋਧੀ ਕਾਨੂੰਨ ਤੁਰੰਤ ਵਾਪਸ ਲਏ ਜਾਣ ਅਤੇ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਘੱਟੋ-ਘੱਟ 20 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਇਸ ਮੌਕੇ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਭਾਈ ਰਜਿੰਦਰ ਸਿੰਘ ਟਿਵਾਣਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਸਾਨਾਂ ਦੇ ਸੰਘਰਸ਼ ਲਈ ਗੁਰਦੁਆਰਾ ਸਾਹਿਬ ਤੋਂ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਹੈੱਡ ਗਰੰਥੀ ਨੇ ਕਿਸਾਨੀ ਸੰਘਰਸ਼ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਇਸ ਮੌਕੇ ਅਮਰੀਕ ਸਿੰਘ ਰੁੜਕੀ, ਸਵਰਨਜੀਤ ਸੋਹੀ, ਗੁਰਦੀਪ ਸੈਣੀ ਮਾਜਰਾ, ਹਰਵਿੰਦਰ ਸਿੰਘ, ਸ਼ੁਭਮ ਗਿਰੀ, ਭੁਪਿੰਦਰ ਸਿੰਘ ਸਾਬਕਾ ਸਰਪੰਚ, ਸੋਨੀ ਚੰਦਪੁਰ, ਬਿੱਲਾ ਰੁੜਕੀ, ਬਲਵਿੰਦਰ ਕੌਰ, ਕਿਰਪਾਲਮ ਕੌਰ, ਬਲਜਿੰਦਰ ਕੌਰ, ਜਸ ਚਾਹਲ, ਦਵਿੰਦਰ ਸਿਸਵਾਂ ਸਮੇਤ ਹੋਰ ਪਤਵੰਤੇ ਮੌਜੂਦ ਸਨ।