ਲਾਪਤਾ ਨੌਜਵਾਨ ਨੂੰ ਲੱਭਣ ਮੁਹਾਲੀ ਪਹੁੰਚੀ ਗਵਾਲੀਅਰ ਪੁਲੀਸ ਬੇਰੰਗ ਪਰਤੀ, ਮੁਹਾਲੀ ਪੁਲੀਸ ਦਾ ਨਹੀਂ ਮਿਲਿਆ ਸਹਿਯੋਗ

ਅੰਕੁਰ ਵਸ਼ਿਸ਼ਟ
ਮੁਹਾਲੀ, 7 ਦਸੰਬਰ
ਗਵਾਲੀਅਰ ਤੋਂ ਕੁਝ ਦਿਨ ਪਹਿਲਾਂ ਮੁਹਾਲੀ ਵਿਖੇ ਇੱਕ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਲਗਵਾਉਣ ਦੇ ਝਾਂਸੇ ਵਿੱਚ ਇੱਕ ਵਿਅਕਤੀ ਨਾਲ ਆਏ ਅਕਾਸ਼ ਨਾਂ ਦਾ ਨੌਜਵਾਨ ਭੇਦਭਰੀ ਹਾਲਤ ਵਿੱਚ ਲਾਪਤਾ ਹੈ। ਉਸ ਦਾ ਮੋਬਾਈਲ ਫ਼ੋਨ ਬੰਦ ਹੈ, ਨਾ ਹੀ ਉਹ ਵਾਪਸ ਗਵਾਲੀਅਰ ਆਪਣੇ ਘਰ ਗਿਆ ਅਤੇ ਨਾ ਹੀ ਮੋਹਾਲੀ ਵਿੱਚ ਉਸ ਦਾ ਕੁਝ ਪਤਾ ਚੱਲ ਰਿਹਾ ਹੈ। ਅਕਾਸ਼ ਨੂੰ ਲੱਭਣ ਲਈ ਅੱਜ ਅਕਾਸ਼ ਦਾ ਮਾਮਾ ਜਤਿੰਦਰ ਕੁਮਾਰ ਗਵਾਲੀਅਰ ਪੁਲਿਸ ਨੂੰ ਨਾਲ ਲੈ ਕੇ ਮੁਹਾਲੀ ਆਇਆ। ਮੁਹਾਲੀ ਵਿਖੇ ਤਿੰਨ ਪੁਲਿਸ ਸਟੇਸ਼ਨਾਂ ਵਿੱਚ ਉਨ੍ਹਾਂ ਅਕਾਸ਼ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਹਰੇਕ ਥਾਣੇ ਨੇ ਉਨ੍ਹਾਂ ਨੂੰ ਕਿਹਾ ਕਿ ਇਹ ਕੇਸ ਉਨ੍ਹਾਂ ਦੇ ਖੇਤਰ ਦਾ ਨਹੀਂ ਹੈ। ਪੂਰਾ ਦਿਨ ਮੋਹਾਲੀ ਵਿੱਚ ਲੱਭਣ ਤੋਂ ਬਾਅਦ ਗਵਾਲੀਅਰ ਪੁਲਿਸ ਖਾਲੀ ਹੱਥ ਵਾਪਿਸ ਮੁੜ ਗਈ।
ਜਤਿੰਦਰ ਕੁਮਾਰ ਨੇ ਦੱਸਿਆ ਕਿ ਉਸ ਦਾ ਭਾਣਜਾ ਅਕਾਸ਼ 11ਵੀਂ ਜਮਾਤ ਵਿੱਚ ਪੜ੍ਹਦਾ ਸੀ। ਉਸ ਨੂੰ ਉਨ੍ਹਾਂ ਦਾ ਗੁਆਂਢੀ ਸਚਿਨ ਨਾਂ ਦਾ ਵਿਅਕਤੀ ਮੋਹਾਲੀ ਕਿਸੇ ਕੰਪਨੀ ਵਿੱਚ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ 15 ਨਵੰਬਰ ਨੂੰ ਮੋਹਾਲੀ ਲੈ ਆਇਆ ਸੀ। ਕੁਝ ਦਿਨ ਬਾਅਦ ਅਕਾਸ਼ ਨੇ ਘਰ ਫ਼ੋਨ ਕੀਤਾ ਕਿ ਸਚਿਨ ਨੇ ਉਸ ਤੋਂ 2500 ਰੁਪਏ ਜਮ੍ਹਾਂ ਕਰਵਾ ਲਏ ਹਨ ਅਤੇ ਉਸ ਨੂੰ ਨੌਕਰੀ ਲਗਵਾਉਣ ਲਈ ਟ੍ਰੇਨਿੰਗ ਕਰਨ ਵਾਸਤੇ 60 ਹਜ਼ਾਰ ਰੁਪਏ ਹੋਰ ਮੰਗ ਰਿਹਾ ਸੀ। ਅਕਾਸ਼ ਨੇ ਜਵਾਬ ਦੇ ਦਿੱਤਾ ਅਤੇ ਵਾਪਸ ਗਵਾਲੀਅਰ ਜਾਣ ਦੀ ਗੱਲ ਕੀਤੀ ਪ੍ਰੰਤੂ ਫਿਰ ਉਹ ਵਾਪਿਸ ਘਰ ਨਹੀਂ ਪਹੁੰਚਿਆ।
ਜਤਿੰਦਰ ਨੇ ਮੁਹਾਲੀ ਪੀਸੀਆਰ ਉਤੇ ਦੋਸ਼ ਲਾਉਂਦੇ ਕਿਹਾ ਕਿ ਅਕਾਸ਼ ਨੇ ਕੁਝ ਦਿਨ ਪਹਿਲਾਂ 100 ਨੰਬਰ ਉਤੇ ਫੋਨ ਕੀਤਾ ਸੀ। ਪੁਲੀਸ ਦੇ ਪਹੁੰਚਣ ਉਤੇ ਉਸ ਨੇ ਸਚਿਨ ਤੋਂ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਸੀ ਜਿਸ ਨੇ ਉਸ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਸੀ। ਸਚਿਨ ਨਾ ਤਾਂ ਉਸ ਨੂੰ ਮੋਬਾਈਲ ਫ਼ੋਨ ਦਿੰਦਾ ਸੀ ਅਤੇ ਨਾ ਹੀ ਘਰ ਜਾਣ ਦਿੰਦਾ ਸੀ।
ਜਤਿੰਦਰ ਕੁਮਾਰ ਨੇ ਦੱਸਿਆ ਕਿ ਉਹ ਵਾਰ ਵਾਰ ਅਕਾਸ਼ ਦੇ ਮੋਬਾਈਲ ਉਤੇ ਫ਼ੋਨ ਕਰ ਰਹੇ ਹਨ ਪ੍ਰੰਤੂ ਫੋਨ ਬੰਦ ਆ ਰਿਹਾ ਸੀ ਪ੍ਰੰਤੂ ਮੰਗਲਵਾਰ ਦੀ ਰਾਤ ਨੂੰ ਉਸ ਦਾ ਵੱਟਸਐਪ ਵਾਲਾ ਨੰਬਰ ਚੱਲ ਰਿਹਾ ਸੀ। ਉਸ ਉਤੇ ਮੈਸੇ ਭੇਜਣ ਉਤੇ ਉਸ ਨੇ ਕਿਹਾ ਕਿ ਮੇਰਾ ਸਾਥ ਬੱਸ ਇੱਥੇ ਤੱਕ ਹੀ ਸੀ, ਮੇਰੇ ਭਰਾ ਭੈਣ ਦਾ ਖਿਆਲ ਰੱਖਣਾ। ਕੁਝ ਦੇਰ ਬਾਅਦ ਹੀ ਅਕਾਸ਼ ਦੀ ਇੱਕ ਫ਼ੋਟੋ ਵੱਟਸਐਪ ਉਤੇ ਆਈ ਜਿਸ ਵਿੱਚ ਉਸ ਦੇ ਸਰੀਰ ਉਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਉਹ ਨਗਨ ਹਾਲਤ ਵਿੱਚ ਬੇਹੋਸ਼ ਹੋਇਆ ਪਿਆ ਸੀ। ਉਸ ਤੋਂ ਬਾਅਦ ਅਕਾਸ਼ ਦਾ ਕੋਈ ਪਤਾ ਨਹੀਂ ਲੱਗਾ। ਅੱਜ ਉਹ ਗਵਾਲੀਅਰ ਪੁਲਿਸ ਨੂੰ ਨਾਲ ਲੈ ਕੇ ਮੋਹਾਲੀ ਆਏ ਸਨ ਕਿ ਅਕਾਸ਼ ਦਾ ਪਤਾ ਲਗਾਇਆ ਜਾ ਸਕੇ ਪ੍ਰੰਤੂ ਅੱਜ ਵੀ ਨਿਰਾਸ਼ਾ ਹੀ ਪੱਲੇ ਪਈ। ਉਨ੍ਹਾਂ ਮੁਹਾਲੀ ਪੁਲੀਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਭਾਣਜੇ ਅਕਾਸ਼ ਦੇ ਬਾਰੇ ਉਸ ਦੇ ਮੋਬਾਈਲ ਫ਼ੋਨ ਰਾਹੀਂ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …