
ਗਿਆਨ ਜਯੋਤੀ ਗਲੋਬਲ ਸਕੂਲ ਵੱਲੋਂ ‘ਰੁੱਖ ਲਗਾਓ ਮੁਹਿੰਮ’ ਦਾ ਆਗਾਜ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਗਸਤ:
ਇੱਥੋਂ ਦੇ ਗਿਆਨ ਜਯੋਤੀ ਗਲੋਬਲ ਸਕੂਲ ਫੇਜ਼-2 ਵਿਖੇ ਵਣ-ਮਹਾਂਉਤਸਵ ਮਨਾਉਂਦਿਆਂ ਸਕੂਲ ਕੈਂਪਸ ਅਤੇ ਸ਼ਹਿਰ ਵਿੱਚ ਰੁੱਖ ਲਗਾਓ ਮੁਹਿੰਮ ਦਾ ਰਸਮੀ ਆਗਾਜ਼ ਕੀਤਾ ਗਿਆ। ਇਸ ਮੁਹਿੰਮ ਵਿੱਚ ਸਕੂਲ ਦੇ ਦਸਵੀਂ, ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਗਿਆਨ ਗਰੁੱਪ ਦੇ ਚੇਅਰਮੈਨ ਜੇਐਸ ਬੇਦੀ ਨੇ ਕਿਹਾ ਕਿ ਵਣ-ਮਹਾਂਉਤਸਵ ਨਾਲ ਸਬੰਧਤ ਇਹ ਗਤੀਵਿਧੀ ਕਰਵਾਉਣ ਦਾ ਮੁੱਖ ਉਦੇਸ਼ ਬੱਚਿਆਂ ਵਿੱਚ ਵਾਤਾਵਰਨ ਸਬੰਧੀ ਪਿਆਰ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਪੌਦੇ ਲਗਾ ਕੇ ਜਿੱਥੇ ਪੰਜਾਬ ਹਰਿਆ-ਭਰਿਆ ਬਣੇਗਾ, ਉੱਥੇ ਮਨੁੱਖ ਬੀਮਾਰੀਆਂ ਤੋਂ ਵੀ ਬਚੇਗਾ।
ਸਕੂਲ ਦੀ ਡਾਇਰੈਕਟਰ ਪ੍ਰਿੰਸੀਪਲ ਸ੍ਰੀਮਤੀ ਰਣਜੀਤ ਬੇਦੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਸੋਚ ਨੂੰ ਅਪਣਾਉਂਦੇ ਸਕੂਲ ਮੈਨੇਜਮੈਂਟ ਅਤੇ ਵਿਦਿਆਰਥੀਆਂ ਨੇ ਰੁੱਖ ਲਗਾਓ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਦਾ ਉਦੇਸ਼ ਪੰਜਾਬ ਦੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਅਤੇ ਪੂਰੀ ਦੁਨੀਆ ਵਿੱਚ ਹਰਿਆਲੀ ਫੈਲਾਉਣ ਲਈ ਜਾਗਰੂਕਤਾ ਦਾ ਹੋਕਾ ਦੇਣਾ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਧਰਤੀ ਨੂੰ ਹਰਿਆ-ਭਰਿਆ ਬਣਾਈ ਰੱਖਣ ਲਈ ਆਪਣਾ ਯੋਗਦਾਨ ਪਾ ਸਕੇ। ਉਨ੍ਹਾਂ ਕਿਹਾ ਕਿ ਕਿਸੇ ਵੀ ਸੰਸਥਾ ਜਾਂ ਵਿਅਕਤੀ ਵਿਸ਼ੇਸ਼ ਦੀ ਸਿਰਫ਼ ਪੌਦੇ ਲਗਾਉਣ ਤੱਕ ਹੀ ਜ਼ਿੰਮੇਵਾਰੀ ਸੀਮਤ ਨਹੀਂ ਹੈ, ਬਲਕਿ ਭਵਿੱਖ ਵਿੱਚ ਪੌਦਿਆਂ ਦੀ ਸਾਂਭ-ਸੰਭਾਲ ਵੀ ਬਹੁਤ ਜ਼ਰੂਰੀ ਹੈ। ਇਸ ਮੌਕੇ ਮੈਨੇਜਮੈਂਟ ਨੇ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਲਈ ਪ੍ਰੇਰਿਆ।