
ਗਿਆਨ ਜਯੋਤੀ ਇੰਸਟੀਚਿਊਟ ਨੇ ‘ਕੌਮੀ ਵਿਗਿਆਨ ਦਿਵਸ’ ਮਨਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ:
ਇੱਥੋਂ ਦੇ ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਫੇਜ਼-2 ਵਿਖੇ ‘ਵਿਗਿਆਨ ਅਤੇ ਤਕਨੀਕੀ ਵਿਕਾਸ ਮੰਤਰਾਲਾ, ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਵਿਗਿਆਨ ਦਿਵਸ ਮਨਾਇਆ ਗਿਆ। ਜਿਸ ਦਾ ਵਿਸ਼ਾ ‘ਇੰਟੀਗ੍ਰੇਟਡ ਅਪ੍ਰੋਚ ਇਨ ਸਾਇੰਸ ਐਂਡ ਟੈਕਨਾਲੋਜੀ ਫਾਰ ਸਸਟੇਨਬਲ ਫਯੂਚਰ ਸੀ। ਇਸ ਦੌਰਾਨ ਪੋਸਟਰ ਮੇਕਿੰਗ, ਆਨ ਦ ਸਪਾਟ ਪੇਂਟਿੰਗ ਅਤੇ ਕਵਿਜ਼ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਗਿਆਨ ਗਰੁੱਪ ਦੇ ਚੇਅਰਮੈਨ ਜੇ.ਐਸ. ਬੇਦੀ ਨੇ ਕਿਹਾ ਕਿ ਵਿਗਿਆਨ ਅਤੇ ਤਕਨੀਕੀ ਵਿਕਾਸ ਦਾ ਉਦੇਸ਼ ਮਨੁੱਖੀ ਜੀਵਨ ਨੂੰ ਵਧੇਰੇ ਸੁਖਦ ਅਤੇ ਆਰਾਮਦਾਇਕ ਬਣਾਉਣਾ ਹੈ। ਲੇਕਿਨ ਇਸ ਮੁੱਖ ਅਤੇ ਆਰਾਮ ਦੀ ਲਾਗਤ ਸਾਡੇ ਵਾਤਾਵਰਨ ਨੂੰ ਕਿਸੇ ਵੀ ਨੁਕਸਾਨ ਦੇ ਰੂਪ ਵਿੱਚ ਹਰਗਿਜ਼ ਨਹੀਂ ਹੋਣੀ ਚਾਹੀਦੀ। ਸੰਸਥਾਨ ਦੀ ਡਾਇਰੈਕਟਰ ਡਾ. ਅਨੀਤ ਬੇਦੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਚਨਾਤਮਿਕਤਾ ਅਤੇ ਨਵੀਨਤਾ ਮਨੁੱਖ ਦੇ ਵਿਸ਼ੇਸ਼ ਗੁਣ ਹਨ, ਕਿੰਤੂ ਇਨ੍ਹਾਂ ਦੀ ਵਰਤੋਂ ਮਨੁੱਖੀ ਜੀਵਨ ਦੇ ਵਿਕਾਸ ਅਤੇ ਸਮਾਜ, ਰਾਸ਼ਟਰ ਅਤੇ ਪੂਰੇ ਸੰਸਾਰ ਦੀ ਭਲਾਈ ਲਈ ਹੋਣੀ ਚਾਹੀਦੀ ਹੈ। ਸਹੀ ਮਾਇਨੇ ਵਿੱਚ ਵਿਕਾਸ ਉਹੀ ਹੈ ਜਿਸ ਨਾਲ ਸਮਾਜ ਅਤੇ ਰਾਸ਼ਟਰ ਦਾ ਉਥਾਨ ਹੋਵੇ, ਕੁਦਰਤ ਦੇ ਅਨਮੋਲ ਸੰਸਾਧਨਾਂ ਦੀ ਸੁਰੱਖਿਆ ਹੋਵੇ ਤਾਂ ਜੋ ਆਉਣ ਵਾਲੀ ਪੀੜ੍ਹੀਆਂ ਨੂੰ ਇਕ ਬਿਹਤਰ ਦੁਨੀਆਂ ਪ੍ਰਦਾਨ ਕੀਤੀ ਜਾ ਸਕੇ। ਪ੍ਰੋਗਰਾਮ ਦੇ ਅਖੀਰ ਵਿੱਚ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਪ੍ਰਤਿਭਾਗਿਆਂ ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।