
ਗਿਆਨ ਜਯੋਤੀ ਇੰਸਟੀਚਿਊਟ ਦਾ ‘ਝਲਕ ਦਿਖਲਾ ਜਾ’ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆਂ
ਨਬਜ਼-ਏ-ਪੰਜਾਬ, ਮੁਹਾਲੀ, 24 ਮਾਰਚ:
ਇੱਥੋਂ ਦੇ ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਫੇਜ਼-2 ਵੱਲੋਂ ‘ਝਲਕ ਦਿਖਲਾ ਜਾ 2025’ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇੰਸਟੀਚਿਊਟ ਦੇ ਆਡੀਟੋਰੀਅਮ ਵਿੱਚ 15 ਦਿਨਾਂ ਤੱਕ ਚੱਲ ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੂੰ ਆਪਣੀ ਕਲਾਤਮਿਕ ਅਤੇ ਰਚਨਾਤਮਿਕ ਪ੍ਰਤਿਭਾ ਦਿਖਾਉਣ ਲਈ ਇੱਕ ਵਧੀਆ ਮੰਚ ਪ੍ਰਦਾਨ ਕੀਤਾ ਗਿਆ। ਵਿਦਿਆਰਥੀਆਂ ਨੇ ਵੱਖ-ਵੱਖ 23 ਮੁਕਾਬਲਿਆਂ ਵਿੱਚ ਹਿੱਸਾ ਲਿਆ। ਜਿਨ੍ਹਾਂ ਵਿੱਚ ਭਾਰਤੀ ਲੋਕ ਨਾਚ, ਪੱਛਮੀ ਗਰੁੱਪ ਡਾਂਸ, ਫ਼ੈਸ਼ਨ ਸ਼ੋਅ, ਅਤੇ ਸਕਿੱਟ ਸ਼ਾਮਲ ਸਨ।
ਗਿਆਨ ਜਯੋਤੀ ਰੋਟਰੈਕਟ, ਗਿਆਨ ਜਯੋਤੀ ਯੂਥ ਕਲੱਬ, ਅਤੇ ਐਨਐੱਸਐੱਸ ਆਦਿ ਵਿਦਿਆਰਥੀ ਕਲੱਬਾਂ ਦੇ ਸਹਿਯੋਗ ਨਾਲ ਕਰਵਾਏ ਇਸ ਪ੍ਰੋਗਰਾਮ ਵਿੰਚ ਹਰ ਪੇਸ਼ਕਾਰੀ ਵਿਦਿਆਰਥੀਆਂ ਦੀ ਮਿਹਨਤ ਅਤੇ ਕਲਾਤਮਿਕ ਮੁਹਾਰਤ ਨੂੰ ਦਰਸਾ ਰਹੀ ਸੀ। ਇਸ ਨਾਲ ਈਵੈਂਟ ਦੀ ਸੰਗਠਨਾਤਮਿਕ ਸੋਚ ਵਿੱਚ ਵਾਧਾ ਹੋਇਆ ਅਤੇ ਵਿਦਿਆਰਥੀਆਂ ਨੂੰ ਲੀਡਰਸ਼ਿਪ ਹੁਨਰ ਵਿਕਸਿਤ ਕਰਨ ਲਈ ਬੇਮਿਸਾਲ ਮੌਕੇ ਪ੍ਰਦਾਨ ਕੀਤੇ ਗਏ।
ਅਖੀਰਲੇ ਦਿਨ ‘ਕਲਾਸ ਆਫ਼ ਦੀ ਈਅਰ 2025’ ਵਿੱਚ ਬੀਸੀਏ ਚਾਰ ਦੇ ਵਿਦਿਆਰਥੀਆਂ ਨੇ ਇਹ ਖ਼ਿਤਾਬ ਆਪਣੇ ਨਾਮ ਕੀਤਾ ਜਦੋਂਕਿ ਐਮਬੀਏ ਦੇ ਦੋ ਵਿਦਿਆਰਥੀਆਂ ਨੂੰ ਰਨਰਅਪ ਐਲਾਨਿਆ ਗਿਆ। ਸੰਸਥਾ ਦੇ ਚੇਅਰਮੈਨ ਜੇਐਸ ਬੇਦੀ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਗਿਆਨ ਜਯੋਤੀ ਗਰੁੱਪ ਦੀ ਡਾਇਰੈਕਟਰ ਡਾ. ਅਨੀਤ ਬੇਦੀ ਨੇ ਦੱਸਿਆ ਕਿ ‘ਝਲਕ ਦਿਖਲਾ ਜਾ’ ਵਿਦਿਆਰਥੀਆਂ ਦੀ ਪ੍ਰਤਿਭਾ, ਰਚਨਾਤਮਿਕਤਾ ਅਤੇ ਟੀਮ ਵਰਕ ਸਿਖਾਉਂਦਾ ਹੈ। ਅਜਿਹੇ ਈਵੈਂਟ ਨਾ ਸਿਰਫ਼ ਸਵੈ-ਅਭਿਵਿਅਕਤੀ ਲਈ ਪਲੇਟਫ਼ਾਰਮ ਪ੍ਰਦਾਨ ਕਰਦੇ ਹਨ, ਸਗੋਂ ਵਿਦਿਆਰਥੀਆਂ ਨੂੰ ਬਹੁਪੱਖੀ ਵਿਅਕਤੀਆਂ ਵਜੋਂ ਵਿਕਸਿਤ ਕਰਨ ਵਿੱਚ ਵੀ ਮਦਦ ਕਰਦੇ ਹਨ।