
ਫ਼ਿਲਮ ‘ਨਨਕਾਣਾ’ ਵਿੱਚ ਲੀਡ ਰੋਲ ’ਚ ਦਿਖੇਗੀ ਗਿਆਨ ਜਯੋਤੀ ਸਕੂਲ ਦੀ ਵਿਦਿਆਰਥਣ ਗੁਰਜੋਤ ਕੌਰ
ਚੌਥੀ ਕਲਾਸ ਦੀ ਗੁਰਜੋਤ ਕੌਰ ਨੇ ਗੁਰਦਾਸ ਮਾਨ ਨਾਲ ਲੀਡ ਰੋਲ ਕਰਕੇ ਮੁਹਾਲੀ ਦਾ ਨਾਮ ਕੀਤਾ ਉੱਚਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੁਲਾਈ:
ਗਿਆਨ ਜਯੋਤੀ ਗਲੋਬਲ ਸਕੂਲ ਦੇ ਚੌਥੀ ਕਲਾਸ ਦੀ ਵਿਦਿਆਰਥਣ ਗੁਰਜੋਤ ਕੌਰ ਨੇ ਗੁਰਦਾਸ ਮਾਨ ਦੀ ਹੁਣ ਹੁਣ ਰੀਲੀਜ਼ ਹੋਈ ਫ਼ਿਲਮ ਨਨਕਾਣਾ ਵਿਚ ਲੀਡ ਰੋਲ ਕਰਕੇ ਮੋਹਾਲੀ ਦਾ ਨਾਮ ਰੌਸ਼ਨ ਕੀਤਾ ਹੈ। ਫ਼ਿਲਮ ਦੀ ਰੀਲੀਜ਼ ਤੋਂ ਬਾਅਦ ਪਹਿਲੀ ਵਾਰ ਸਕੂਲ ਪਹੁੰਚੀ ਗੁਰਜੋਤ ਕੌਰ ਨੂੰ ਵਧਾਈ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਰਣਜੀਤ ਬੇਦੀ ਨੇ ਕਿਹਾ ਕਿ ਇਹ ਬੇਸ਼ੱਕ ਉਨ੍ਹਾਂ ਲਈ ਮਾਣ ਦੀ ਗੱਲ ਹੈ ਕਿ ਇਸ ਫ਼ਿਲਮ ਵਿਚ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀਆਂ ਨੇ ਕੰਮ ਕੀਤਾ ਹੈ। ਪ੍ਰਿੰਸੀਪਲ ਬੇਦੀ ਅਨੁਸਾਰ ਗੁਰਜੋਤ ਕੌਰ ਇਕ ਯੋਗ ਵਿਦਿਆਰਥਣ ਹੈ ਜੋ ਕਿ ਸਕੂਲ ਦੀਆਂ ਸਭਿਆਚਾਰਕ ਗਤੀਵਿਧੀਆਂ ਵਿਚ ਵੱਧ ਚੜ ਕੇ ਹਿੱਸਾ ਲੈਂਦੀ ਹੈ।
ਇਸ ਮੌਕੇ ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇ.ਐਸ. ਬੇਦੀ ਨੇ ਵੀ ਇਸ ਹੋਣਹਾਰ ਵਿਦਿਆਰਥਣ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਗੁਰਜੋਤ ਨੇ ਫਿਲਮ ‘ਨਨਕਾਣਾ’ ਵਿੱਚ ਅਹਿਮ ਭੂਮਿਕਾ ਨਿਭਾ ਕੇ ਸੰਸਥਾਨ ਦਾ ਨਾਂ ਉੱਚਾ ਕੀਤਾ ਹੈ। ਇਸ ਦੌਰਾਨ ਗੁਰਜੋਤ ਕੌਰ ਨੇ ਆਪਣੇ ਸਾਥੀ ਵਿਦਿਆਰਥਣਾਂ ਨਾਲ ਤਜਰਬਾ ਸਾਂਝਾ ਕਰਦੇ ਹੋਏ ਫ਼ਿਲਮ ਦੇ ਨਿਰਮਾਣ ਦੌਰਾਨ ਹੋਈਆਂ ਰੋਚਕ ਗੱਲਾਂ ਵੀ ਸਾਂਝੀਆਂ ਕੀਤੀਆਂ।
ਜ਼ਿਕਰਯੋਗ ਹੈ ਕਿ ਹੁਣੇ ਹੁਣੇ ਰੀਲੀਜ਼ ਹੋਈ ਫ਼ਿਲਮ ਨਨਕਾਣਾ ਵਿਚ ਪੰਜਾਬ ਦੀ ਸ਼ਾਨ ਗੁਰਦਾਸ ਮਾਨ ਅਤੇ ਕਵਿਤਾ ਕੌਸ਼ਿਕ ਮੁੱਖ ਭੂਮਿਕਾ ਵਿੱਚ ਹਨ। ਜਦੋਂਕਿ ਗੁਰਜੋਤ ਕੋਰ ਇਸ ਫ਼ਿਲਮ ਦੇ ਨਾਮ ਅਨੁਸਾਰ ਮੁੱਖ ਸੂਤਰਧਾਰ ਹੈ। ਗੁਰਜੋਤ ਕੌਰ ਨੂੰ ਇਹ ਭੂਮਿਕਾ ਨਨਕਾਣਾ ਫ਼ਿਲਮ ਦੀ ਟੀਮ ਵੱਲੋਂ ਸਕੂਲ ਵਿੱਚ ਕੀਤੇ ਗਏ ਐਡੀਸ਼ਨ ਦੌਰਾਨ ਕੀਤੀ ਗਈ ਸੀ। ਜਿਸ ਵਿੱਚ ਗੁਰਜੋਤ ਸਮੇਤ 200 ਦੇ ਕਰੀਬ ਵਿਦਿਆਰਥੀਆਂ ਨੇ ਐਡੀਸ਼ਨ ਦਿੱਤਾ ਸੀ। ਇਸ ਦੇ ਇਲਾਵਾ ਸਕੂਲ ਦੀ ਇਕ ਹੋਰ ਤੀਜੀ ਕਲਾਸ ਦੀ ਵਿਦਿਆਰਥਣ ਪ੍ਰਭਲੀਨ ਕੌਰ ਨੇ ਵੀ ਇਸ ਫ਼ਿਲਮ ਵਿਚ ਕੰਮ ਕੀਤਾ ਹੈ।