ਗਿਆਨ ਜਯੋਤੀ ਸਕੂਲ ਦਾ ਵਿਦਾਇਗੀ ਸਮਾਰੋਹ ਯਾਦਗਾਰੀ ਹੋ ਨਿੱਬੜਿਆਂ
ਨਬਜ਼-ਏ-ਪੰਜਾਬ, ਮੁਹਾਲੀ, 11 ਫਰਵਰੀ:
ਇੱਥੋਂ ਦੇ ਗਿਆਨ ਜਯੋਤੀ ਗਲੋਬਲ ਸਕੂਲ ਫੇਜ਼-2 ਵਿਖੇ ਨਵੇਂ ਸੈਸ਼ਨ ਦੇ ਮੱਦੇਨਜ਼ਰ ਸੀਨੀਅਰ ਕਲਾਸਾਂ ਦੇ ਵਿਦਿਆਰਥੀਆਂ ਨੂੰ ਨਿੱਘੀ ਵਿਦਾਇਗੀ ਦੇਣ ਲਈ ਅੱਜ ਸ਼ਾਨਦਾਰ ਵਿਦਾਇਗੀ ਸਮਾਰੋਹ ਐਡੀਊ ਅਫੇਅਰਜ਼-2025 ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਆਰੰਭਤਾ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਹੋਏ ਸ਼ਮਾਂ ਰੌਸ਼ਨ ਨਾਲ ਹੋਈ। ਉਪਰੰਤ ਹਾਸੇ ਨਾਲ ਭਰਪੂਰ ਸਟੈਂਡਅਪ ਕਾਮੇਡੀ ਐਕਟ ਅਤੇ ਵਿਦਿਆਰਥੀਆਂ ਦੀਆਂ ਸਭ ਤੋਂ ਪਿਆਰੀਆਂ ਯਾਦਾਂ ਦਰਸਾਉਂਦਾ ਇੱਕ ਵੀਡੀਓ ਮੋਂਟਾਜ਼ ਪੇਸ਼ ਕੀਤਾ ਗਿਆ।
ਇਸ ਦੌਰਾਨ ਰੈਂਪ ਵਾਕ, ਉਤਸ਼ਾਹ ਜਨਕ ਡਾਂਸ ਪ੍ਰਦਰਸ਼ਨ ਅਤੇ ਮਜ਼ੇਦਾਰ ਖੇਡਾਂ ਜਿਵੇਂ ਕਿ ਮਿਊਜ਼ੀਕਲ ਚੇਅਰ ਅਤੇ ਟ੍ਰਿਵੀਆ ਮੁਕਾਬਲੇ ਕਰਵਾਏ ਗਏ। ਇਸ ਮੌਕੇ ਨੂੰ ਹੋਰ ਵੀ ਖ਼ਾਸ ਬਣਾਉਣ ਲਈ ਪ੍ਰਤਿਭਾ ਪ੍ਰਦਰਸ਼ਨ ਆਯੋਜਿਤ ਕੀਤਾ ਗਿਆ, ਜਿੱਥੇ ਵਿਦਿਆਰਥੀਆਂ ਨੇ ਗਾਇਕੀ, ਨਕਲ, ਅਤੇ ਸੰਗੀਤ ਦੇ ਸਾਜਾਂ ਨਾਲ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੂੰ ਵਿਸ਼ੇਸ਼ ਖ਼ਿਤਾਬ ਦੇ ਕੇ ਸਨਮਾਨਿਤ ਕੀਤਾ ਗਿਆ। ਜੂਨੀਅਰਾਂ ਅਤੇ ਸੀਨੀਅਰਾਂ ਨੇ ਭਾਵਨਾਤਮਕ ਭਾਸ਼ਣ ਦਿੰਦੇ ਹੋਏ ਇਕ ਦੂਜੇ ਪ੍ਰਤੀ ਮੋਹ ਅਤੇ ਪਿਆਰ ਜਤਾਇਆ। ਸਕੂਲ ਦੇ ਫਾਉਂਡਰ ਡਾਇਰੈਕਟਰ ਰਣਜੀਤ ਬੇਦੀ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਹਰ ਮੁਕਾਮ ਲਈ ਕੋਸ਼ਿਸ਼ ਕਰਨ ਅਤੇ ਸਕੂਲ ’ਚੋਂ ਹਾਸਲ ਕੀਤੀ ਸਿੱਖਿਆ ਨੂੰ ਅੱਗੇ ਲਿਜਾਉਣ ਦੀ ਪ੍ਰੇਰਨਾ ਦਿੱਤੀ। ਅਖੀਰ ਵਿੱਚ ਸਕੂਲ ਦੀ ਪ੍ਰਿੰਸੀਪਲ ਗਿਆਨ ਜੋਤ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।