
ਗਿਆਨ ਜਯੋਤੀ ਦੇ ਐਨਸੀਸੀ ਵਿੰਗ ਨੇ ਮਨਾਇਆ ਫ਼ੌਜ ਝੰਡਾ ਦਿਵਸ, ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ
ਨਿਊਜ਼ ਡੈਸਕ ਸਰਵਿਸ
ਮੁਹਾਲੀ, 6 ਦਸੰਬਰ
ਸਥਾਨਕ ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜੀ ਫੇਸ-2, ਮੁਹਾਲੀ ਦੇ ਐਨਸੀਸੀ ਵਿੰਗ ਵੱਲੋਂ ਦੇਸ਼ ਦੀ ਖ਼ਾਤਰ ਜਾਨਾਂ ਵਾਰਨ ਵਾਲੇ ਵੀਰ ਜਵਾਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਕੈਂਪਸ ਵਿਚ ‘ਫ਼ੌਜ ਝੰਡਾ ਦਿਵਸ ਯਾਨੀ ਆਰਮੀ ਫਲੈਗ ਡੇ’ ਮਨਾਇਆਂ ਗਿਆ। ਇਸ ਮੌਕੇ ਗਿਆਨ ਜਯੋਤੀ ਗਰੁੱਪ ਆਫ਼ ਇੰਸਟੀਚਿਊਟਸ ਦੇ ਚੇਅਰਮੈਨ ਜੇ.ਐੱਸ. ਬੇਦੀ ਨੇ ਯੂਨਿਟ ਦਾ ਝੰਡਾ ਲਹਿਰਾਇਆਂ।
ਦੇਸ਼ ਦੀ ਖ਼ਾਤਰ ਜਾਨਾਂ ਵਾਰਨ ਵਾਲੇ ਵੀਰ ਜਵਾਨਾਂ ਨੂੰ ਯਾਦ ਕਰਦੇ ਹੋਏ ਸ੍ਰੀ ਬੇਦੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਫ਼ੌਜ ਝੰਡਾ ਦਿਵਸ ਹਰ ਸਾਲ 7 ਦਸੰਬਰ ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਸ਼ਹੀਦ ਹੋਣ ਵਾਲੇ ਜਵਾਨਾਂ ਦੀ ਯਾਦ ਵਿੱਚ ਮਨਾਇਆਂ ਜਾਂਦਾ ਹੈ ਅਤੇ ਸਾਨੂੰ ਸਭ ਨੂੰ ਵੀ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਦੇਸ਼ ਦੇ ਉਨ੍ਹਾਂ ਮਹਾਨ ਸਪੂਤਾਂ ਤੋਂ ਸਿੱਖਿਆਂ ਲੈਣੀ ਚਾਹੀਦੀ ਹੈ ਕਿ ਦੇਸ਼ ਪਿਆਰ ਦਾ ਜਜ਼ਬਾ ਕਿੰਨਾ ਵੱਡਾ ਹੈ ਅਤੇ ਦੇਸ਼ ਦੀ ਆਨ-ਬਾਨ ਲਈ ਜਾਨ ਵਾਰਨਾ ਸਾਡੇ ਸਾਰਿਆਂ ਲਈ ਮਾਣ ਦੀ ਗੱਲ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਫ਼ੌਜ ਦੀ ਕਿਸੇ ਵੀ ਦੇਸ਼ ਲਈ ਮਹੱਤਤਾ ਦੱਸਦੇ ਹੋਏ ਕਿਹਾ ਕਿ ਦੇਸ਼ ਦੀ ਆਜ਼ਾਦੀ ਅਤੇ ਆਜ਼ਾਦੀ ਪਿੱਛੇ ਹੋਈਆਂ ਲੜਾਈਆਂ ਲਈ ਸਦਾ ਹੀ ਪੰਜਾਬੀਆਂ ਨੇ ਸਭ ਤੋਂ ਵੱਧ ਹਿੱਸਾ ਪਾਇਆ ਹੈ। ਪਰ ਪਿਛਲੇ ਥੋੜੇ ਸਮੇਂ ਤੋਂ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਪੰਜਾਬ ਦੇ ਨੌਜਵਾਨ ਫ਼ੌਜ ਵਿਚ ਜਾਣ ਤੋਂ ਕਤਰਾਉਣ ਲੱਗੇ ਹਨ, ਜੋ ਕਿ ਚੰਗੀ ਗੱਲ ਨਹੀਂ ਹੈ। ਉਨ੍ਹਾਂ ਐਨ.ਸੀ.ਸੀ ਦੇ ਕੈਡਿਡਸ ਅਤੇ ਸਮੂਹ ਵਿਦਿਆਰਥੀਆਂ ਨੂੰ ਦੇਸ਼ ਦੀ ਸੇਵਾ ਲਈ ਅੱਗੇ ਆਉਣ ਅਤੇ ਫ਼ੌਜ ਵਿਚ ਭਰਤੀ ਹੋਣ ਲਈ ਵੀ ਪ੍ਰੇਰਣਾ ਦਿੱਤੀ। ਇਸ ਮੌਕੇ ਤੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਵੀ ਗਾਏ। ਸਮਾਗਮ ਦੇ ਅੰਤ ਵਿੱਚ 2 ਮਿੰਟ ਦਾ ਮੌਨ ਰੱਖ ਕੇ ਦੇਸ਼ ਦੀ ਖ਼ਾਤਰ ਜਾਨਾਂ ਵਾਰਨ ਵਾਲੇ ਸ਼ਹੀਦ ਜਵਾਨਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਦਿੱਤੀ ਗਈ।