
ਜਿੰਮ ਬੰਦ ਕਰਨ ਦਾ ਮਾਮਲਾ: ਜਿੰਮ ਤੇ ਫਿਟਨੈੱਸ ਸੈਂਟਰਾਂ ਦੇ ਮਾਲਕਾਂ, ਟਰੇਨਰਾਂ ਤੇ ਸਟਾਫ਼ ਵੱਲੋਂ ਰੋਸ ਪ੍ਰਦਰਸ਼ਨ
ਜਦੋਂ ਚੋਣ ਮੀਟਿੰਗਾਂ ਤੇ ਬਾਕੀ ਸਭ ਕੁਝ ਖੁੱਲ੍ਹਾ ਹੈ ਤਾਂ ਫਿਰ ਜਿਮ ਬੰਦ ਕਰਨ ਦਾ ਕੀ ਮਤਲਬ
ਜ਼ਿਲ੍ਹਾ ਪ੍ਰਸ਼ਾਸਨ ਦੇ ਇਕਪਾਸੜ ਹੁਕਮਾਂ ਕਾਰਨ ਜਿਮ ਦਾ ਕਾਰੋਬਾਰ ਤਬਾਹ ਹੋਣ ਕੰਢੇ ਪੁੱਜਾ: ਪੀੜਤ ਜਿਮ ਮਾਲਕ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜਨਵਰੀ:
ਮੁਹਾਲੀ ਦੇ ਜਿੰਮ ਅਤੇ ਫਿਟਨੈੱਸ ਸੈਂਟਰਾਂ ਦੇ ਮਾਲਕਾਂ ਟਰੇਨਰਾਂ ਅਤੇ ਸਟਾਫ਼ ਵੱਲੋਂ ਜਿਮ ਅਤੇ ਫਿਟਨੈੱਸ ਸੈਂਟਰਾਂ ਨੂੰ ਬੰਦ ਰੱਖਣ ਦੇ ਹੁਕਮਾਂ ਖ਼ਿਲਾਫ਼ ਗਰੇਟਰ ਪੰਜਾਬ ਜਿਮ ਐਸੋਸੀਏਸ਼ਨ ਦੇ ਬੈਨਰ ਹੇਠ ਅੱਜ ਇੱਥੇ ਜ਼ਿਲ੍ਹਾ ਪ੍ਰਸ਼ਾਸਨ ਦੇ ਖ਼ਿਲਾਫ਼ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ। ਪ੍ਰਦਰਸ਼ਨਕਾਰੀਆਂ ਨੇ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਮੁਹਾਲੀ ਏਅਰਪੋਰਟ ਸੜਕ ’ਤੇ ਚੱਕਾ ਜਾਮ ਕਰਕੇ ਪ੍ਰਸ਼ਾਸਨ ਖ਼ਿਲਾਫ਼ ਭੜਾਸ ਕੱਢੀ।
ਐਸੋਸੀਏਸ਼ਨ ਦੇ ਆਗੂ ਅਭਿਸ਼ੇਕ ਕੁਮਾਰ ਤੇ ਹੋਰਨਾਂ ਨੇ ਕਿਹਾ ਕਿ ਅਜਿਹੇ ਇਕਪਾਸੜ ਫੈਸਲਿਆਂ ਨਾਲ ਜਿੰਮ ਅਤੇ ਫਿਟਨੈੱਸ ਸੈਂਟਰਾਂ ਦਾ ਕਾਰੋਬਾਰ ਤਬਾਹ ਹੋਣ ਕੰਢੇ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸ਼ਾਪਿੰਗ ਮਾਲ, ਰੇਸਤਰਾਂ, ਹੋਟਲ, ਬਾਰ ਆਦਿ ਖੋਲ੍ਹੇ ਜਾ ਸਕਦੇ ਹਨ ਤਾਂ ਜਿਮ ਕਿਉਂ ਨਹੀਂ? ਉਨ੍ਹਾਂ ਕਿਹਾ ਕਿ ਕਰੋਨਾ ਵੈਕਸੀਨੇਸ਼ਨ ਸਮੇਤ ਜੋ ਸ਼ਰਤਾਂ ਸ਼ਾਪਿੰਗ ਮਾਲ ਅਤੇ ਹੋਟਲ ਰੇਸਤਰਾਂ ਵਾਲੇ ਪੂਰੀ ਕਰਦੇ ਹਨ ਉਸੇ ਤਰ੍ਹਾਂ ਜਿੰਮ ਅਤੇ ਫਿਟਨੈੱਸ ਸੈਂਟਰਾਂ ਵਾਲੇ ਵੀ ਕਰਦੇ ਹਨ। ਤਾਂ ਫਿਰ ਸਿਰਫ਼ ਜਿਮ ਅਤੇ ਫਿਟਨੈੱਸ ਸੈਂਟਰ ਬੰਦ ਰੱਖਣ ਦੀ ਕੀ ਵਜ੍ਹਾ ਹੋ ਸਕਦੀ ਹੈ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਹ ਤੀਜੀ ਵਾਰੀ ਹੈ ਜਦੋਂ ਜਿਮ ਅਤੇ ਫਿਟਨੈੱਸ ਸੈਂਟਰਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਇਸ ਵਾਰ ਜਦੋਂ ਸਭ ਕੁਝ ਖੁੱਲ੍ਹਾ ਹੈ ਤਾਂ ਜਿਮ ਬੰਦ ਕਰਨ ਦਾ ਕੋਈ ਮਤਲਬ ਨਹੀਂ ਬਣਦਾ। ਇਸ ਮੌਕੇ ਸਮੂਹ ਜਿਮ ਟਰੇਨਰਾਂ, ਮਾਲਕਾਂ, ਸਟਾਫ਼, ਹਾਊਸ ਕੀਪਿੰਗ ਅਤੇ ਜਿੰਮ ਵਿੱਚ ਕਸਰਤ ਕਰਨ ਲਈ ਆਉਣ ਵਾਲੇ ਮੈਂਬਰਾਂ ਨੇ ਸ਼ਿਰਕਤ ਕੀਤੀ। ਉਨ੍ਹਾਂ ਮੰਗ ਕੀਤੀ ਕਿ ਜਿੰਮ ਅਤੇ ਫਿਟਨੈੱਸ ਸੈਂਟਰ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਜੇਕਰ ਪ੍ਰਸ਼ਾਸਨ ਨੇ ਜਿੰਮ ਅਤੇ ਫਿਟਨੈੱਸ ਸੈਂਟਰ ਖੋਲ੍ਹਣ ਦੀ ਆਗਿਆ ਨਾ ਦਿੱਤੀ ਤਾਂ ਉਹ ਸੋਹਾਣਾ ਚੌਂਕ ਵਿੱਚ ਪੱਕਾ ਧਰਨਾ ਲਗਾਉਣ ਲਈ ਮਜਬੂਰ ਹੋਣਗੇ।

(ਬਾਕਸ ਆਈਟਮ)
ਇਸ ਦੌਰਾਨ ਵਿਧਾਇਕ ਬਲਬੀਰ ਸਿੰਘ ਸਿੱਧੂ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਮੌਕੇ ’ਤੇ ਪਹੁੰਚ ਗਏ ਅਤੇ ਜਿੰਮ ਮਾਲਕਾਂ ਨਾਲ ਗੱਲ ਕਰਕੇ ਉਨ੍ਹਾਂ ਨੂੰ ਜਾਮ ਖੋਲ੍ਹਣ ਦੀ ਅਪੀਲ ਕੀਤੀ ਪ੍ਰੰਤੂ ਧਰਨਾਕਾਰੀ ਜਿੰਮ ਖੋਲ੍ਹਣ ਦੀ ਆਗਿਆ ਦੇਣ ਦੀ ਮੰਗ ’ਤੇ ਅੜੇ ਰਹੇ। ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਸਿੱਧੂ ਨੇ ਮੌਕੇ ’ਤੇ ਹੀ ਡਿਪਟੀ ਕਮਿਸ਼ਨਰ ਨਾਲ ਫੋਨ ’ਤੇ ਗੱਲ ਕੀਤੀ। ਜਿਨ੍ਹਾਂ ਨੇ ਵਿਧਾਇਕ ਨੂੰ ਦੱਸਿਆ ਕਿ ਕਰੋਨਾ ਦਾ ਲਗਾਤਾਰ ਪ੍ਰਕੋਪ ਵਧਣ ਕਾਰਨ ਜਿੰਮ ਬੰਦ ਕੀਤੇ ਗਏ ਹਨ। ਸਿੱਧੂ ਨੇ ਕਿਹਾ ਕਿ ਉਹ ਗ੍ਰਹਿ ਵਿਭਾਗ ਨਾਲ ਵੀ ਗੱਲ ਕਰਨਗੇ ਅਤੇ ਜੇਕਰ ਲੋੜ ਪਈ ਤਾਂ ਉਹ ਖ਼ੁਦ ਨੌਜਵਾਨਾਂ ਨਾਲ ਧਰਨੇ ’ਤੇ ਬੈਠਣਗੇ। ਇਸ ਮੌਕੇ ਕੰਵਰਬੀਰ ਸਿੰਘ ਸਿੱਧੂ, ਹਰਕੇਸ਼ ਚੰਦ ਸ਼ਰਮਾ, ਕਮਲਪ੍ਰੀਤ ਸਿੰਘ ਬੰਨ੍ਹੀ, ਵਿਕਟਰ ਨਿਹੋਲਕਾ ਅਤੇ ਹੋਰ ਪਤਵੰਤੇ ਹਾਜ਼ਰ ਸਨ।