
ਆਪ ਵਿਧਾਇਕ ਐਚ.ਐਸ.ਫੂਲਕਾ ਵੱਲੋਂ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਅਸਤੀਫ਼ਾ
ਫੂਲਕਾ ਦੇ ਅਸਤੀਫੇ ਪਿੱਛੇ ਅਸਲ ਕਾਰਨ ਆਪ ਵਿਧਾਇਕਾਂ ਵੱਲੋਂ ਵਿਧਾਨ ਸਭਾ ਸੈਸ਼ਨ ਦੌਰਾਨ ਸਾਥ ਨਾ ਦੇਣਾ ਹੈ: ਚੰਨੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 11 ਜੁਲਾਈ
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਐਚ.ਐਸ. ਫੂਲਕਾ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ.ਸਿੰਘ ਨੂੰ ਨਿੱਜੀ ਤੌਰ ’ਤੇ ਮਿਲ ਕੇ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਵਿਧਾਨ ਸਭਾ ਦੇ ਬੁਲਾਰੇ ਨੇ ਦੱਸਿਆ ਕਿ ਐਚ.ਐਸ.ਫੂਲਕਾ ਵੱਲੋਂ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਵੱਲੋਂ ਨਵੇਂ ਵਿਰੋਧੀ ਧਿਰ ਦੇ ਆਗੂ ਬਾਰੇ ਕੋਈ ਇਤਲਾਹ ਨਹੀਂ ਦਿੱਤੀ ਗਈ।
ਉਧਰ, ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਨੇ ਇਸ ਮਾਮਲੇ ਸਬੰਧੀ ਆਮ ਆਦਮੀ ਪਾਰਟੀ ਦੇ ਆਗੂ ਐਚ.ਐਸ. ਫੂਲਕਾ ਦੇ ਅਸਤੀਫੇ ਬਾਰੇ ਪ੍ਰਤੀਕਟਰਮ ਪ੍ਰਗਟ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਵਜੋਂ ਅਸਤੀਫੇ ਨਾਲ 84 ਦੇ ਕੇਸਾਂ ਦਾ ਕੋਈ ਸਬੰਧੀ ਨਹੀਂ ਹੈ ਬਲਕਿ ਇਸ ਪਿੱਛੇ ਦੀ ਅਸਲ ਕਹਾਣੀ ਵਿਧਾਨ ਸਭਾ ਸੈਸ਼ਨ ਦੌਰਾਨ ਆਪ ਵਿਧਾਇਕਾਂ ਵਲੋਂ ਫੂਲਕਾ ਦਾ ਕਿਸੇ ਵੀ ਮੁੱਦੇ ਉੱਤੇ ਸਾਥ ਨਾ ਦੇਣਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਸ੍ਰੀ ਫੂਲਕਾ ਨੇ ਜਿੰਨੀ ਬਾਰ ਵੀ ਵਿਧਾਨ ਸਭਾ ਵਿਚੋਂ ਵਾਕਆਊਟ ਕੀਤਾ ਤਾਂ ਕਿਸੇ ਵੀ ਵਿਧਾਇਕ ਨੇ ਉਨ੍ਹਾਂ ਨਾਲ ਵਾਕਆਊਟ ਨਹੀਂ ਕੀਤਾ ਜਿਸ ਕਾਰਨ ਉਨ੍ਹਾਂ ਦੀ ਸਥਿੱਤੀ ਬੜੀ ਹੀ ਹਾਸੋਹੀਣੀ ਬਣਦੀ ਰਹੀ।
ਸ੍ਰੀ ਚੰਨੀ ਨੇ ਕਿਹਾ ਕਿ ਸ੍ਰੀ ਫੂਲਕਾ 1984 ਦੇ ਕੇਸਾਂ ਨੂੰ ਤਾਂ ਬਹਾਨਾ ਬਣਾ ਕੇ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਹੋਣ ਵਾਲੀ ਕਹਾਵਤ ਦੀ ਤਰਾਂ ਖੁਦ ਨੂੰ ਮਹਾਨ ਪੇਸ਼ ਕਰਨ ਦੀ ਕੋਸਿਸ਼ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਅਸਲ ਵਿਚ ਵਿਧਾਨ ਸਭਾ ਸੈਸਨ ਦੌਰਾਨ ਸ੍ਰੀ ਫੂਲਕਾ ਦੀ ਵਿਰੋਧੀ ਧਿਰ ਦੇ ਆਗੂ ਵਜੋਂ ਭੂਮੀਕਾ ਬਿਲਕੁਲ ਮਨਫੀ ਰਹੀ ਹੈ ਅਤੇ ਆਮ ਆਦਮੀ ਪਾਰਟੀ ਦੇ ਕਿਸੇ ਵੀ ਵਿਧਾਇਕ ਵਲੋਂ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਸ੍ਰੀ ਫੂਲਕਾ ਆਪਣੀ ਹੀ ਪਾਰਟੀ ਵਿਚ ਇੱਕਲੇ ਮਹਿਸੂਸ ਕਰ ਰਹੇ ਸਨ ਅਤੇ ਆਪ ਵਿਧਾਇਕ ਸ੍ਰੀ ਫੂਲਕਾ ਦੀ ਵਿਰੋਧੀ ਧਿਰ ਦੇ ਆਗੂ ਵਜੋਂ ਕਾਰਗੁਜਾਰੀ ਤੋਂ ਵੀ ਖੁਸ਼ ਨਹੀਂ ਸਨ, ਇਸ ਨੂੰ ਲੈ ਕੇ ਆਪ ਵਿਧਾਇਕਾਂ ਵਿਚ ਸ੍ਰੀ ਫੂਲਕਾ ਨੂੰ ਬਦਲਣ ਬਾਰੇ ਖੁਸਰ ਮੁਸਰ ਸ਼ੁਰੂ ਹੋ ਗਈ ਸੀ, ਜਿਸ ਨੂੰਦੇਖਦਿਆਂ ਸ੍ਰੀ ਫੂਲਕਾ ਨੇ ਖ਼ੁਦ ਹੀ ਬਚਾਅ ਵਾਲਾ ਰਸਤਾ ਅਪਣਾਉਂਦਿਆਂ 84 ਦੇ ਕੇਸ਼ਾਂ ਦਾ ਬਹਾਨਾ ਬਣਾਉਂਦਿਆਂ ਵਿਰੋਧੀ ਧਿਰ ਦੇ ਆਗੂ ਵਜੋਂ ਅਸਤੀਫ਼ਾ ਦਿੱਤਾ ਹੈ।