ਗੜੇਮਾਰੀ: ਮੁੱਖ ਖੇਤੀਬਾੜੀ ਅਫ਼ਸਰ ਨੇ ਫ਼ਸਲਾਂ ਦੇ ਨੁਕਸਾਨ ਦਾ ਲਿਆ ਜਾਇਜ਼ਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਾਰਚ:
ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ’ਤੇ ਅਮਲ ਕਰਦਿਆਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਬੇਮੌਸਮੀ ਬਾਰਸ਼, ਤੇਜ਼ ਹਨੇਰੀ ਅਤੇ ਗੜੇਮਾਰੀ ਕਾਰਨ ਨੁਕਸਾਨੀਆਂ ਗਈਆਂ ਕਣਕ ਦੀ ਫ਼ਸਲਾਂ ਦੀ ਗਿਰਦਾਵਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਬਚਨ ਸਿੰਘ ਨੇ ਦੱਸਿਆ ਕਿ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਦੀਆਂ ਹਦਾਇਤਾਂ ਅਨੁਸਾਰ ਅੱਜ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਨੇ ਵੱਖ-ਵੱਖ ਪਿੰਡਾਂ ਰੰਗੀਆ, ਨਿਆਮੀਆਂ, ਥੇੜੀ ਅਤੇ ਚੋਲਟਾ ਖ਼ੁਰਦ ਦਾ ਦੌਰਾ ਕਰਕੇ ਖੇਤਾਂ ਵਿੱਚ ਖੜੀਆਂ ਅਤੇ ਨੁਕਸਾਨੀਆਂ ਫ਼ਸਲਾਂ ਦਾ ਨਿਰੀਖਣ ਕੀਤਾ।
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਪਿਛਲੇ ਦੋ ਤਿੰਨ ਦਿਨਾਂ ਤੋਂ ਹੋ ਰਹੀ ਬੇਮੌਸਮੀ ਬਾਰਸ਼, ਗੜੇਮਾਰੀ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਜ਼ਿਆਦਾਤਰ ਪਿੰਡਾਂ ਵਿੱਚ ਪੱਕਣ ਉੱਤੇ ਆਈ ਕਣਕ ਦੀ ਫ਼ਸਲ ਵਿਛ ਗਈ ਹੈ, ਅਜਿਹਾ ਹੋਣ ਕਾਰਨ ਕਣਕ ਦੇ ਝਾੜ ’ਤੇ ਅਸਰ ਪੈ ਸਕਦਾ ਹੈ, ਕਿਉਂਕਿ ਮੌਜੂਦਾ ਸਮੇਂ ਵਿੱਚ ਕਣਕ ਦੀ ਪੱਕਣ ਕਿਨਾਰੇ ਪਹੁੰਚ ਗਈ ਸੀ। ਉਨ੍ਹਾਂ ਕਿਹਾ ਕਿ ਜੇਕਰ ਹੁਣ ਖੇਤ ਵਿੱਚ ਵਿਛੀ ਹੋਈ ਕਣਕ ਦੀ ਫ਼ਸਲ ਵਿੱਚ ਪਾਣੀ ਖੜਾ ਰਹਿੰਦਾ ਹੈ ਤਾਂ ਨਾੜ ਅਤੇ ਸਿੱਟੇ ਗਲ ਸਕਦੇ ਹਨ ਅਤੇ ਦਾਣਿਆਂ ਦੇ ਰੰਗ ਅਤੇ ਝਾੜ ਉੱਤੇ ਮਾੜਾ ਅਸਰ ਪੈਣ ਦੀ ਪੂਰੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਸਮੂਹ ਖੇਤੀਬਾੜੀ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਕਣਕ, ਗੋਭੀ ਸਰੋਂ, ਮੱਕੀ, ਹਰਾ ਚਾਰਾ ਅਤੇ ਹੋਰ ਫ਼ਸਲਾਂ ਦੇ ਨੁਕਸਾਨ ਦੀ ਰਿਪੋਰਟ ਤਿਆਰ ਕਰਕੇ ਤੁਰੰਤ ਭੇਜੀ ਜਾਵੇ ਤਾਂ ਜੋ ਪੀੜਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇਣ ਲਈ ਸਰਕਾਰ ਨੂੰ ਰਿਪੋਰਟ ਭੇਜੀ ਜਾ ਸਕੇ।
ਇਸ ਮੌਕੇ ਖੇਤੀਬਾੜੀ ਅਫ਼ਸਰ ਡਾ. ਸੁੱਚਾ ਸਿੰਘ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਖੇਤਾਂ ’ਚੋਂ ਪਾਣੀ ਦੀ ਨਿਕਾਸੀ ਕੀਤੀ ਜਾਵੇ ਤਾਂ ਜੋ ਫ਼ਸਲਾਂ ਦਾ ਹੋਰ ਜ਼ਿਆਦਾ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਖੇਤੀਬਾੜੀ ਵਿਭਾਗ ਦੇ ਦਫ਼ਤਰ ਨਾਲ ਸੰਪਰਕ ਕਰਨ। ਇਸ ਮੌਕੇ ਡਾ. ਜਗਦੀਪ ਸਿੰਘ ਬੀਟੀਐਮ, ਮਨਪ੍ਰੀਤ ਸਿੰਘ ਏਟੀਐਮ, ਕਿਸਾਨ ਆਗੂ ਜਸਪਾਲ ਸਿੰਘ ਨਿਆਮੀਆਂ, ਅਵਤਾਰ ਸਿੰਘ, ਹਰਬਚਨ ਸਿੰਘ ਅਤੇ ਭਗਵੰਤ ਸਿੰਘ ਥੇੜੀ ਵੀ ਹਾਜ਼ਰ ਸਨ।

Load More Related Articles

Check Also

ਬੰਬਾਂ ਬਾਰੇ ਬਿਆਨ ਦਾ ਮਾਮਲਾ: ਮੁਹਾਲੀ ਥਾਣੇ ਵਿੱਚ ਪੇਸ਼ ਨਹੀਂ ਹੋਏ ਪ੍ਰਤਾਪ ਸਿੰਘ ਬਾਜਵਾ

ਬੰਬਾਂ ਬਾਰੇ ਬਿਆਨ ਦਾ ਮਾਮਲਾ: ਮੁਹਾਲੀ ਥਾਣੇ ਵਿੱਚ ਪੇਸ਼ ਨਹੀਂ ਹੋਏ ਪ੍ਰਤਾਪ ਸਿੰਘ ਬਾਜਵਾ ਬਾਜਵਾ ਨੇ ਆਪਣੇ ਵਕ…