
ਝੂਲਾ ਟੁੱਟਣ ਦਾ ਮਾਮਲਾ: ਮੁਹਾਲੀ ਪੁਲੀਸ ਵੱਲੋਂ ਮੇਲੇ ਦੇ ਪ੍ਰਬੰਧਕਾਂ ਖ਼ਿਲਾਫ਼ ਐਫ਼ਆਈਆਰ ਦਰਜ
ਬੀਤੀ ਰਾਤ ਝੂਲਾ ਟੁੱਟਣ ਕਾਰਨ ਅੌਰਤਾਂ ਅਤੇ ਬੱਚਿਆਂ ਸਮੇਤ ਡੇਢ ਦਰਜਨ ਦੇ ਕਰੀਬ ਵਿਅਕਤੀ ਹੋਏ ਸੀ ਜ਼ਖ਼ਮੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਸਤੰਬਰ:
ਇੱਥੋਂ ਦੇ ਫੇਜ਼-8 ਵਿੱਚ ਮਹੀਨੇ ਭਰ ਤੋਂ ਚੱਲ ਰਹੇ ਟਰੇਡ ਫੇਅਰ ਅਤੇ ਡਾਇਨਾਸੌਰ ਪਾਰਕ ਦਾ ਲੰਘੀ ਰਾਤ ਅਚਾਨਕ ਜੌਏ ਰਾਈਡ ਨਾਂਅ ਦਾ ਝੂਲਾ ਟੁੱਟਣ ਕਾਰਨ ਵਾਪਰੇ ਭਿਆਨਕ ਤੋਂ ਬਾਅਦ ਮੁਹਾਲੀ ਪੁਲੀਸ ਨੇ ਅੱਜ ਮੁੱਢਲੀ ਜਾਂਚ ਤੋਂ ਬਾਅਦ ਮੇਲਾ ਪ੍ਰਬੰਧਕਾਂ ਅਤੇ ਹੋਰਨਾਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 287, 336, 337, 341 ਅਤੇ 323 ਅਧੀਨ ਪਰਚਾ ਦਰਜ ਕੀਤਾ ਗਿਆ ਹੈ। ਹਾਦਸੇ ਤੋਂ ਬਾਅਦ ਮੇਲੇ ਦੇ ਪ੍ਰਬੰਧਕ ਮੌਕੇ ਤੋਂ ਫਰਾਰ ਦੱਸੇ ਗਏ ਹਨ। ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਮੇਲੇ ਵਿੱਚ ਚਲ ਰਿਹਾ ਝੂਲੇ ਦੀ ਹਾਈਡ੍ਰੋਲਿਕ ਤਾਰ ਟੁੱਟ ਜਾਣ ਕਾਰਨ ਇਹ ਝੂਲਾ ਤਕਰੀਬਨ 50 ਫੁੱਟ ਉਚਾਈ ਤੋਂ ਥੱਲੇ ਆ ਕੇ ਡਿੱਗ ਗਿਆ। ਜਿਸ ਕਾਰਨ ਚੀਕ ਚਿਹਾੜਾ ਪੈ ਗਿਆ। ਇਸ ਦੌਰਾਨ ਪ੍ਰਬੰਧਕਾਂ ਵੱਲੋਂ ਪਾਰਕਿੰਗ ਦਾ ਸਹੀ ਪ੍ਰਬੰਧ ਨਾ ਕੀਤੇ ਜਾਣ ਕਾਰਨ ਪੁਲੀਸ ਅਤੇ ਐਂਬੂਲੈਂਸ ਨੂੰ ਵੀ ਮੌਕੇ ’ਤੇ ਪਹੁੰਚਣ ਵਿੱਚ ਦਿੱਕਤਾਂ ਆਈਆਂ।
ਮੁਹਾਲੀ ਦੇ ਡੀਐਸਪੀ (ਫੇਜ਼-2) ਹਰਸਿਮਰਨ ਸਿੰਘ ਬੱਲ ਅਤੇ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਰਾਜੇਸ਼ ਅਰੋੜਾ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਜ਼ਖ਼ਮੀ ਹੋਈ ਇੱਕ ਅੌਰਤ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਮੇਲੇ ਦੇ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਐਤਵਾਰ ਰਾਤ ਨੂੰ ਹੋਏ ਹਾਦਸੇ ਦੌਰਾਨ ਕਰੀਬ ਡੇਢ ਦਰਜਨ ਵਿਅਕਤੀ ਜ਼ਖ਼ਮੀ ਹੋਏ ਸੀ। ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੇਲੇ ਦੇ ਪ੍ਰਬੰਧਕਾਂ ਵੱਲੋਂ ਤਾਇਨਾਤ ਬਾਊਂਸਰਾਂ ਵੱਲੋਂ ਲੋਕਾਂ ਨਾਲ ਦੁਰਵਿਵਹਾਰ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ ਅਤੇ ਮੁੱਢਲੀ ਜਾਂਚ ਮਗਰੋਂ ਬਾਊਂਸਰਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਅੱਜ ਦਿਨ ਵਿੱਚ ਮੇਲੇ ਦੇ ਕਰਮਚਾਰੀ ਸਮਾਨ ਸਮੇਟਣ ਵਿੱਚ ਲੱਗੇ ਹੋਏ ਸਨ। ਵੱਖ-ਵੱਖ ਸਟਾਲਾਂ ਵਾਲੇ ਵੀ ਆਪਣਾ ਸਾਮਾਨ ਪੈਕ ਕਰਦੇ ਦੇਖੇ ਗਏ।
ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਐਸਡੀਐਮ ਸਰਬਜੀਤ ਕੌਰ ਅਤੇ ਨਾਇਬ ਤਹਿਸੀਲਦਾਰ ਅਰਜਨ ਸਿੰਘ ਗਰੇਵਾਲ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਕਿਹਾ ਕਿ ਸਮੁੱਚੇ ਘਟਨਾਕ੍ਰਮ ਦੀ ਡੂੰਘਾਈ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਕਸੂਰਵਾਰ ਪਾਇਆ ਗਿਆ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਮੇਲੇ ਵਿੱਚ ਵਾਪਰੀ ਘਟਨਾ ਨੂੰ ਮੰਦਭਾਗਾ ਦੱਸਦਿਆਂ ਇਸ ਦੀ ਡੂੰਘਾਈ ਨਾਲ ਉੱਚ ਪੱਧਰੀ ਜਾਂਚ ਕਰਕੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਖ਼ਮੀ ਵਿਅਕਤੀਆਂ ਨੂੰ ਇਲਾਜ ਦਾ ਖ਼ਰਚਾ ਅਤੇ ਮੁਆਵਜ਼ਾ ਮੇਲੇਾ ਪ੍ਰਬੰਧਕਾਂ ਕੋਲੋਂ ਦਿਵਾਉਣ ਲਈ ਸਰਕਾਰ ਤੱਕ ਪਹੁੰਚ ਕੀਤੀ ਜਾਵੇਗੀ। ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਕੋਈ ਢਿੱਲਮੱਠ ਨਾ ਵਰਤੀ ਜਾਵੇ ਅਤੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇ।
ਭਾਜਪਾ ਆਗੂ ਸੰਜੀਵ ਵਸ਼ਿਸ਼ਟ ਨੇ ਹਾਦਸੇ ਦੀ ਨਿਆਇਕ ਜਾਂਚ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਹ ਵਪਾਰ ਮੇਲੇ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਸਾਧਨ ਬਣਦੇ ਹਨ ਪ੍ਰੰਤੂ ਇਸ ਵਿੱਚ ਹੋਣ ਵਾਲੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਭਾਵੇਂ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪ੍ਰੰਤੂ ਕਈ ਅੌਰਤਾਂ ਅਤੇ ਬੱਚੇ ਜ਼ਖ਼ਮੀ ਹੋਏ ਹਨ। ਇਸ ਲਈ ਦੋਸ਼ੀ ਬਖ਼ਸ਼ੇ ਨਹੀਂ ਜਾਣੇ ਚਾਹੀਦੇ।
(ਬਾਕਸ ਆਈਟਮ)
ਮੇਲੇ ਦੀ ਆਯੋਜਕ ਮੁਕੇਸ਼ ਐਂਡ ਕੰਪਨੀ ਰਾਜਸਥਾਨ ਦੇ ਜੈਪੁਰ ਸ਼ਹਿਰ ਨਾਲ ਸਬੰਧਤ ਹੈ। ਜਿਸ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਬੀਤੀ 29 ਜੁਲਾਈ ਨੂੰ ਦੁਸ਼ਹਿਰਾ ਮੈਦਾਨ ਫੇਜ਼-8 ਵਿੱਚ 6 ਅਗਸਤ ਤੋਂ 5 ਸਤੰਬਰ ਤੱਕ ਮੇਲਾ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਸਐਸਪੀ, ਨਗਰ ਨਿਗਮ ਦੇ ਕਮਿਸ਼ਨਰ, ਐਸਡੀਐਮ, ਅਸਿਸਟੈਂਟ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ, ਗਮਾਡਾ, ਸਿਵਲ ਸਰਜਨ ਅਤੇ ਫਾਇਰ ਬ੍ਰਿਗੇਡ ਤੋਂ ਰਿਪੋਰਟਾਂ ਹਾਸਲ ਕੀਤੇ ਜਾਣ ਤੋਂ ਬਾਅਦ ਜਾਰੀ ਕੀਤੀ ਗਈ ਸੀ ਅਤੇ ਇਨ੍ਹਾਂ ਸਾਰੇ ਵਿਭਾਗਾਂ ਵੱਲੋਂ ਐਨਓਸੀ ਦੇਣ ਮਗਰੋਂ ਹੀ ਮੇਲਾ ਲੱਗਿਆ ਸੀ। ਮੇਲੇ ਦੇ ਪ੍ਰਬੰਧਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮਨਜ਼ੂਰੀ ਤਾਂ ਹਾਸਲ ਕਰ ਲਈ ਸੀ ਪ੍ਰੰਤੂ ਮੇਲੇ ਦੌਰਾਨ ਨਿਯਮਾਂ ਦੀ ਉਲੰਘਣਾ ਕਰਕੇ ਕੰਮ ਕੀਤਾ ਜਾ ਰਿਹਾ ਸੀ।