
ਜੇ ਮੁੱਖ ਮੰਤਰੀ ਸੱਚੇ ਹਨ ਤਾਂ ਘਨੌਰ ਦੀ ਨਾਜਾਇਜ਼ ਸ਼ਰਾਬ ਫੈਕਟਰੀ ਦਾ ਕੇਸ ਈਡੀ ਨੂੰ ਕਿਉਂ ਨਹੀਂ ਦੇ ਰਹੇ: ਬੀਰਦਵਿੰਦਰ ਸਿੰਘ
ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਸਮੇਂ ਸੰਵਿਧਾਨ ਦੀ ਵਫ਼ਾਦਾਰੀ ਦੀ ਚੁੱਕੀ ਸਹੁੰ ਦੀ ਲਾਜ ਰੱਖਣ ਕੈਪਟਨ ਅਮਰਿੰਦਰ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 25 ਜੂਨ:
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਅੱਜ-ਕੱਲ੍ਹ ਇਹ ਖ਼ਬਰਾਂ ਮੀਡੀਆ ਦੀਆਂ ਸੁਰਖੀਆ ਬਣ ਰਹੀਆਂ ਹਨ ਕਿ ਬੀਤੀ 14 ਮਈ ਨੂੰ ਘਨੌਰ ਇਲਾਕੇ ਵਿੱਚ ਨਕਲੀ ਸ਼ਰਾਬ ਤਿਆਰ ਕਰਨ ਦੀ ਇੱਕ ਨਾਜਾਇਜ਼ ਫੈਕਟਰੀ ਫੜੀ ਗਈ ਸੀ। ਉਸ ਵਿੱਚ ਕਈ ਵੱਡੇ ਕਾਂਗਰਸੀ ਆਗੂਆਂ ਦਾ ਨਾਮ ਬੋਲ ਰਿਹਾ ਹੈ। ਇਕ ਕਾਂਗਰਸੀ ਵਿਧਾਇਕ ਨਾਲ ਬੇਹੱਦ ਨੇੜਤਾ ਰੱਖਣ ਵਾਲੇ ਕੁਝ ਵਿਅਕਤੀ ਤਾਂ ਪਹਿਲਾਂ ਹੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਜਦੋਂ ਇਹ ਸ਼ਰਾਬ ਦੀ ਫੈਕਟਰੀ ਫੜੀ ਗਈ ਸੀ ਤਾਂ ਆਬਕਾਰੀ ਵਿਭਾਗ ਦੇ ਵੱਡੇ ਅਫ਼ਸਰਾਂ ਨੇ ਇਹ ਸਨਸਨੀਖੇਜ਼ ਪ੍ਰਗਟਾਵਾ ਕੀਤਾ ਸੀ, ਕਿ ਨਕਲੀ ਸ਼ਰਾਬ ਦੀ ਇਹ ਫੈਕਟਰੀ ਕਾਫ਼ੀ ਲੰਮੇ ਸਮੇਂ ਤੋਂ ਇੱਕ ਕੋਲਡ ਸਟੋਰ ਵਿੱਚ ਚੱਲ ਰਹੀ ਸੀ ਅਤੇ ਲਗਭਗ 300 ਕਰੋੜ ਰੁਪਏ ਦੀ ਨਕਲੀ ਸ਼ਰਾਬ ਇਸ ਫੈਕਟਰੀ ਵਿੱਚ ਤਿਆਰ ਕਰਕੇ ਵਿਸ਼ੇਸ਼ ਟਰੇਡ ਮਾਰਕਾਂ ਦੇ ਨਕਲੀ ਲੇਬਲ ਲਗਾ ਕੇ ਸ਼ਰਾਬ ਦੀਆਂ ਦੁਕਾਨਾਂ ’ਤੇ ਵੇਚਿਆ ਜਾ ਰਿਹਾ ਸੀ।
ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਅਚੰਭੇ ਦੀ ਗੱਲ ਤਾਂ ਇਹ ਹੈ, ਕਿ ਇਹ ਨਾਜਾਇਜ਼ ਧੰਦਾ ਕਰਫਿਊ ਅਤੇ ਲਾਕਡਾਉਂਨ ਦੇ ਦਰਮਿਆਨ ਵੀ, ਕਾਂਗਰਸ ਦੇ ਇੱਕ ਵਿਧਾਇਕ ਦੀ ਕਥਿਤ ਸਰਪ੍ਰਸਤੀ ਹੇਠ, ਬੜੀ ਵੱਡੀ ਪੱਧਰ ਉੱਤੇ, ਬਿਨਾਂ ਕਿਸੇ ਰੋਕ-ਟੋਕ ਦੇ, ਬੇਖੌਫ਼ ਚੱਲ ਰਿਹਾ ਸੀ। ਸਰਗੋਸ਼ੀਆਂ ਤਾਂ ਇਹ ਵੀ ਹਨ ਕਿ ਇਸ ਅਵੈਧ ਸ਼ਰਾਬ ਫੈਕਟਰੀ ਦੇ ਕਾਰੋਬਾਰ ਰਾਹੀਂ ਕਮਾਏ ਗਏ ਨੋਟਾਂ ਦੀਆਂ ਬੋਰੀਆਂ, ‘ਉੱਪਰ ਤੱਕ’ ਪਹੁੰਚਦੀਆਂ ਰਹੀਆਂ ਹਨ ਅਤੇ ਇਸ ਅਵੈਧ ਆਮਦਨ ਰਾਹੀਂ ਕਾਨੂੰਨੀ ਤੌਰ ਤੇ ਵਰਜਿਤ, ਨਾਜਾਇਜ਼ ਸ਼ਾਹੂਕਾਰਾ ਵੀ ਵੱਡੀ ਪੱਧਰ ਤੇ ਹੋ ਰਿਹਾ ਸੀ, ਜਿਸ ਦੀ ਪੜਤਾਲ ਹੁਣ ਭਾਰਤ ਸਰਕਾਰ ਦੇ ਵਿੱਤ ਵਿਭਾਗ ਨੇ, ਇਨਫੋਰਸਮੈਂਟ ਡਾਇਰੈਕਟੋਰੇਟ ਆਫ਼ ਰੈਵਿਨਿਊ ਇੰਟੈਲੀਜੈਂਸ (ਈਡੀਆਰਆਈ) ਨੂੰ ਸੌਂਪ ਦਿੱਤੀ ਹੈ ਜੋ ਕਿ ਇੱਕ ਉਚਿਤ ਤੇ ਸਰਾਹਨਾ ਯੋਗ ਕਦਮ ਹੈ। ਇਸ ਪੜਤਾਲ ਦੀ ਅਗਵਾਈ ਈ.ਡੀ ਦੇ ਡਿਪਟੀ ਡਾਇਰੈਕਟਰ ਸ਼੍ਰੀ. ਨਰੰਜਣ ਸਿੰਘ ਕਰ ਰਹੇ ਹਨ, ਜੋ ਕਿ ਇੱਕ ਦ੍ਰਿੜ ਇਰਾਦੇ ਅਤੇ ਸਾਫ਼-ਸੁਥਰੀ ਸ਼ੁਹਰਤ ਰੱਖਣ ਵਾਲੇ ਇਮਾਨਦਾਰ ਅਧਿਕਾਰੀ ਵੱਜੋਂ ਜਾਣੇ ਜਾਂਦੇ ਹਨ।
ਭਰੋਸੇਯੋਗ ਵਸੀਲਿਆਂ ਤੋਂ ਖ਼ਬਰਾਂ ਮਿਲ ਰਹੀਆਂ ਹਨ, ਕਿ ਜੋ ਵਿਅਕਤੀ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਹਨ, ਉਨ੍ਹਾਂ ਵੱਲੋਂ ਪੁਲੀਸ ਦੀ ਜਾਂਚ ਦੌਰਾਨ ਅਜਿਹੇ ਭੇਦ ਖੋਲ੍ਹੇ ਗਏ ਹਨ ਜਿਨ੍ਹਾਂ ਦੀਆਂ ਤਾਰਾਂ, ਮੋਤੀ-ਬਾਗ ਦੇ ਬੇਹੱਦ ਨੇੜਲਿਆਂ ਨਾਲ ਜਾ ਜੁੜਦੀਆਂ ਹਨ, ਜਿਨ੍ਹਾਂ ਦਾ ਬਚਾਅ ਇਸ ਵੇਲੇ ਖ਼ੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਜਾ ਰਿਹਾ ਹੈ, ਇਸੇ ਕਾਰਨ ਈਡੀ ਦੀ ਪੜਤਾਲ ਵਿੱਚ, ਪਟਿਆਲਾ ਪੁਲਿਸ ਈ.ਡੀ ਨੂੰ ਕੋਈ ਸਹਿਯੋਗ ਨਹੀਂ ਦੇ ਰਹੀ ਅਤੇ ਕੇਸ ਫਾਈਲ ਦੇਣ ਦੇ ਮਾਮਲੇ ਤੇ ਆਨੇ-ਬਹਾਨੇ ਆਨਾ-ਕਾਨੀ ਕਰ ਰਹੀ ਹੈ। ਇੱਥੇ ਇਹ ਵਰਨਣ ਯੋਗ ਹੈ ਕਿ ਪੰਜਾਬ ਸਰਕਾਰ ਦੇ ਜੋ ਮਹਿਕਮੇ ਇਸ ਅਵੈਧ ਧੰਦੇ ਨੂੰ ਰੋਕਣ ਅਤੇ ਇਸਦਾ ਪੜਦਾ ਫਾਸ਼੍ਹ ਕਰਨ ਲਈ ਜ਼ਿੰਮੇਵਾਰ ਹਨ, ਉਹ ਸਾਰੇ ਹੀ ਵਿਭਾਗ ਕੈਪਟਨ ਅਮਰਿੰਦਰ ਸਿੰਘ ਦੇ ਸਿੱਧੇ ਅਧੀਨ ਹਨ। ਜੇ ਦਾਲ਼ ਵਿੱਚ ਕੁੱਝ ਵੀ ਕਾਲ਼ਾ ਨਹੀਂ, ਤਦ ਫੇਰ ਕੈਪਟਨ ਪੁਲਿਸ ਨੂੰ ਹਦਾਇਤ ਕਿਉਂ ਨਹੀਂ ਕਰਦੇ ਕਿ ਇਸ ਮਾਮਲੇ ਦੇ ਸਾਰੇ ਲੋੜੀਂਦੇ ਕਾਗਜ਼ਾਤ, ਫੌਰੀ ਤੌਰ ਤੇ ਈ.ਡੀ ਦੇ ਪੜਤਾਲੀਆਂ ਅਧਿਕਾਰੀ ਨੂੰ ਸੌਂਪੇ ਜਾਣ ਤਾਂ ਕਿ ਦੁੱਧ, ਪਾਣੀ ਅਤੇ ਜ਼ਹਿਰ ਦਾ ਨਿਤਾਰਾ ਤੇ ਨਿਖਾਰ ਹੋ ਸਕੇ, ਪਰ ਜੇ ਇਸ ਮਾਮਲੇ ਦੀਆਂ ਤਾਰਾਂ ‘ਸਾਰਾਗੜ੍ਹੀ ਫਾਰਮ’ ਵਿੱਚ ਅਰੂਸਾ ਆਲਮ ਨਾਲ ਹੀ ਜੁੜੀਆਂ ਹੋਈਆਂ ਹਨ, ਫੇਰ ਤਾਂ ਪੰਜਾਬ ਦਾ ਰੱਬ ਹੀ ਰਾਖਾ ਬਣ ਸਕੇਗਾ।
ਪਰ ਸ਼ਰਾਬ ਦੇ ਇਸ ਨਾਜਾਇਜ਼ ਧੰਦੇ ਬਾਰੇ, ਪੰਜਾਬ ਦੇ ਪ੍ਰਮੁੱਖ ਅਖ਼ਬਾਰਾਂ ਵਿੱਚ ਕੀਤੇ ਗਏ ਬੇਬਾਕ ਉਘਾੜ ਤੋਂ ਬਾਅਦ, ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਚੁੱਪ ਤੋੜ੍ਹਨੀ ਚਾਹੀਦੀ ਹੈ ਅਤੇ ਜੋ ਭਾਰਤ ਦੇ ਸੰਵਿਧਾਨ ਪ੍ਰਤੀ ਵਫ਼ਦਾਰੀ ਦੀ ਸਹੁੰ, ਮੁੱਖ ਮੰਤਰੀ ਦਾ ਰੁਤਬਾ ਸੰਭਾਲਣ ਸਮੇਂ ਪੰਜਾਬ ਰਾਜ ਭਵਨ ਵਿੱਚ ਚੁੱਕੀ ਸੀ, ਘੱਟੋ-ਘੱਟ ਉਸ ਸਹੁੰ ਦੀ ਵਫ਼ਾਦਾਰੀ ਦੀ ਲਾਜ ਤਾਂ ਪਾਲਣੀ ਬਣਦੀ ਹੀ ਹੈ, ਨਹੀਂ ਤਾਂ ਇਸ ਮਾਮਲੇ ਵਿੱਚ ਮੁੱਖ ਮੰਤਰੀ ਦੀ ਧਾਰੀ, ਅਣਉਚਿਤ ਖਾਮੋਸ਼ੀ ਦੇ ਅਰਥ, ਸਮਾਂ ਆਉਂਣ ਤੇ ਪੰਜਾਬ ਦੇ ਲੋਕ ਫੇਰ ਆਪੇ ਹੀ ਕੱਢ ਲੈਣਗੇ।