
ਆਜ਼ਾਦ ਗਰੁੱਪ ਦੇ ਬੀਬੀ ਹਰਜਿੰਦਰ ਕੌਰ ਸੋਹਾਣਾ ਨੇ ਘਰ-ਘਰ ਜਾ ਕੇ ਵੋਟਾਂ ਮੰਗੀਆਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਫਰਵਰੀ:
ਇੱਥੋਂ ਦੇ ਵਾਰਡ ਨੰਬਰ-33 ਤੋਂ ਆਜ਼ਾਦ ਗਰੁੱਪ ਦੇ ਬੀਬੀ ਹਰਜਿੰਦਰ ਕੌਰ ਸੋਹਾਣਾ ਨੇ ਅੱਜ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਪਿੰਡ ਸੋਹਾਣਾ ਵਿੱਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਕਾਰਜਕਾਲ ਦੌਰਾਨ ਪਿਛਲੇ ਪੰਜ ਸਾਲਾਂ ਵਿੱਚ ਹੋਏ ਵਿਕਾਸ ਦੇ ਨਾਂ ’ਤੇ ਵੋਟਾਂ ਮੰਗੀਆਂ। ਉਨ੍ਹਾਂ ਦੇ ਪਤੀ ਅਤੇ ਸਾਬਕਾ ਕੌਂਸਲਰ ਪਰਵਿੰਦਰ ਸਿੰਘ ਸੋਹਾਣਾ ਵੀ ਵਿਕਾਸ ਨੂੰ ਸਮਰਪਿਤ ਰਹੇ ਹਨ ਅਤੇ ਉਨ੍ਹਾਂ ਨੇ ਵੀ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਵੀ ਆਪਣੇ ਪਤੀ ਦੀ ਲੀਹ ’ਤੇ ਚੱਲਦੇ ਹੋਏ ਵਿਕਾਸ ਪੱਖੋਂ ਸੋਹਾਣਾ ਦੀ ਨੁਹਾਰ ਬਦਲਣ ਲਈ ਕੋਈ ਕਸਰ ਨਹੀਂ ਛੱਡਣਗੇ।
ਬੀਬੀ ਹਰਜਿੰਦਰ ਕੌਰ ਨੇ ਕਿਹਾ ਕਿ ਹਾਲਾਂਕਿ ਪੇਂਡੂ ਖੇਤਰ ਵਿੱਚ ਸੀਵਰੇਜ ਦੀ ਸੁਵਿਧਾ ਮੁਹੱਈਆ ਕਰਵਾਉਣ ਸਮੇਤ ਐਲਈਡੀ ਲਾਈਟਾਂ ਅਤੇ ਪੱਕੀਆਂ ਸੜਕਾਂ ਅਤੇ ਰੋਡ ਗਲੀਆਂ ਅਤੇ ਜਲ ਨਿਕਾਸੀ ਦੀ ਵਿਵਸਥਾ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ ਪੰ੍ਰਤੂ ਆਉਣ ਵਾਲੇ ਸਮੇਂ ਵਿੱਚ ਇਲਾਕੇ ਦੇ ਸਰਬਪੱਖੀ ਕਾਰਜਾਂ ਅਤੇ ਸਥਾਨਕ ਲੋਕਾਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਵਿੱਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਵਾਰਡ ਵਾਸੀਆਂ ਦਾ ਉਨ੍ਹਾਂ ਨੂੰ ਪੂਰਾ ਸਮਰਥਨ ਮਿਲ ਰਿਹਾ ਹੈ ਜਦੋਂਕਿ ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਦੀ ਨੀਂਦ ਉੱਡੀ ਹੋਈ ਹੈ।