
ਹਰਕੇਸ਼ ਚੰਦ ਸ਼ਰਮਾ ਵੱਲੋਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਮੁਲਾਕਾਤ
ਸਹਿਕਾਰਤਾ ਲਹਿਰ ਦੇ ਮਜ਼ਬੂਤੀਕਰਨ ਤੇ ਹਲਕਾ ਖਰੜ ਦੀਆਂ ਸਮੱਸਿਆਵਾਂ ਬਾਰੇ ਕੀਤੀ ਵਿਚਾਰ-ਚਰਚਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਦਸੰਬਰ:
ਸਹਿਕਾਰਤਾ ਮੰਤਰੀ ਅਤੇ ਜ਼ਿਲ੍ਹਾ ਐਸ.ਏ.ਐਸ. ਨਗਰ ਸ਼ਿਕਾਇਤ ਨਿਵਾਰਣ ਕਮੇਟੀ ਦੇ ਚੇਅਰਮੈਨ ਸੁਖਜਿੰਦਰ ਸਿੰਘ ਰੰਧਾਵਾ ਨਾਲ ਮੁਲਾਕਾਤ ਦੌਰਾਨ ਸਹਿਕਾਰੀ ਬੈਂਕ ਐਸ.ਏ.ਐਸ. ਨਗਰ ਦੇ ਡਾਇਰੈਕਟਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਸਹਿਕਾਰਤਾ ਲਹਿਰ ਨੂੰ ਹੋਰ ਮਜ਼ਬੂਤ ਕਰਨ ਦੇ ਢੰਗ-ਤਰੀਕਿਆਂ ਅਤੇ ਹਲਕਾ ਖਰੜ ਵਾਸੀਆਂ ਨੂੰ ਦਰਪੇਸ਼ ਕੁਝ ਸਮੱਸਿਆਵਾਂ ਦੇ ਹੱਲ ਬਾਰੇ ਵਿਚਾਰ-ਵਟਾਂਦਰਾ ਕੀਤਾ।
ਸ੍ਰੀ ਮੱਛਲੀ ਕਲਾਂ ਨੇ ਦਸਿਆ ਕਿ ਉਨ੍ਹਾਂ ਕੈਬਨਿਟ ਮੰਤਰੀ ਸ੍ਰੀ ਰੰਧਾਵਾ ਨੂੰ ਜ਼ਿਲ੍ਹੇ ਵਿੱਚ ਸਹਿਕਾਰਤਾ ਲਹਿਰ ਦੀ ਪ੍ਰਗਤੀ ਤੋਂ ਜਾਣੂ ਕਰਾਇਆ ਜਿਸ ‘ਤੇ ਉਨ੍ਹਾਂ ਨੇ ਤਸੱਲੀ ਪ੍ਰਗਟ ਕੀਤੀ ਅਤੇ ਨਾਲ ਹੀ ਇਸ ਲਹਿਰ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਦੇ ਤਰੀਕਿਆਂ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਦਸਿਆ ਕਿ ਵਿਧਾਨ ਸਭਾ ਹਲਕਾ ਖਰੜ ਦੇ ਲੋਕਾਂ ਦੁਆਰਾ ਉਨ੍ਹਾਂ ਸਾਹਮਣੇ ਰੱਖੀਆਂ ਗਈਆਂ ਸਮੱਸਿਆਵਾਂ ਤੋਂ ਵੀ ਕੈਬਨਿਟ ਮੰਤਰੀ ਨੂੰ ਜਾਣੂ ਕਰਵਾਇਆ ਗਿਆ ਜਿਨ੍ਹਾਂ ਨੇ ਸਮੱਸਿਆਵਾਂ ਦੇ ਹੱਲ ਲਈ ਤੁਰੰਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸ਼ਿਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਮੱਛਲੀ ਕਲਾਂ ਨੇ ਕੈਬਨਿਟ ਮੰਤਰੀ ਨੂੰ ਦਸਿਆ ਕਿ ਜ਼ਿਲ੍ਹੇ ਵਿਚ ਸਹਿਕਾਰੀ ਬੈਂਕ ਦੀਆਂ 21 ਬ੍ਰਾਂਚਾਂ ਚੱਲ ਰਹੀਆਂ ਹਨ ਅਤੇ 67 ਸਹਿਕਾਰੀ ਸਭਾਵਾਂ ਰਾਹੀਂ ਕਿਸਾਨ ਸਹਿਕਾਰੀ ਬੈਂਕ ਨਾਲ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਸਹਿਕਾਰੀ ਬੈਂਕਾਂ ਵਿਚ ਖਾਤੇ ਖੁਲ੍ਹਵਾਉਣ ਲਈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।
ਸ੍ਰੀ ਮੱਛਲੀ ਕਲਾਂ ਨੇ ਕਿਹਾ ਕਿ ਉਹ ਖਰੜ ਹਲਕੇ ਦੇ ਲੋਕਾਂ ਦੀ ਸੇਵਾ ਵਿਚ ਦਿਨ-ਰਾਤ ਹਾਜ਼ਰ ਹਨ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਵਾਉਣ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਸ੍ਰੀ Ðਰੰਧਾਵਾ ਨੇ ਭਰੋਸਾ ਦਿਤਾ ਕਿ ਖਰੜ ਹਲਕੇ ਦੇ ਚੌਤਰਫ਼ਾ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਦੇ ਨਾਲ ਹੀ ਮੱਛਲੀ ਕਲਾਂ ਨੇ ਦੁਹਰਾਇਆ ਕਿ ਸਹਿਕਾਰਤਾ ਲਹਿਰ ਨੂੰ ਹੋਰ ਲੋਕਪ੍ਰਿਯ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਤਾਂ ਕਿ ਕਿਸਾਨ ਭਰਾ ਇਸ ਤੋਂ ਵੱਧ ਤੋਂ ਵੱਧ ਫ਼ਾਇਦਾ ਲੈ ਸਕਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਤਾਜ਼ਾ ਤਿੰਨ ਖੇਤੀ ਬਿੱਲਾਂ ਵਿਰੁੱਧ ਕਿਸਾਨਾਂ ਦੇ ਸੰਘਰਸ਼ ਨੂੰ ਤਨੋਂ-ਮਨੋਂ ਹਮਾਇਤ ਦੇ ਰਹੀ ਹੈ।