
ਮੱਛਲੀ ਕਲਾਂ ਤੋਂ ਗੜੋਲੀਆਂ ਤੱਕ ਪੱਕੀ ਸੜਕ ਬਣਾਉਣ ਲਈ ਮੰਡੀ ਬੋਰਡ ਦੇ ਚੇਅਰਮੈਨ ਨੂੰ ਲਿਖਿਆ ਪੱਤਰ
ਤਿੰਨ ਕਿੱਲੋਮੀਟਰ ਦਾ ਰਾਹ ਕੱਚਾ ਹੋਣ ਕਾਰਨ ਰਾਹਗੀਰਾਂ ਤੇ ਕਿਸਾਨਾਂ ਨੂੰ ਹੋ ਰਹੀ ਹੈ ਭਾਰੀ ਪ੍ਰੇਸ਼ਾਨੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਗਸਤ:
ਸਿਹਤ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਨੇ ਪਿੰਡ ਮੱਛਲੀ ਕਲਾਂ ਤੋਂ ਗੜੋਲੀਆਂ ਤੱਕ ਕਰੀਬ ਤਿੰਨ ਕਿੱਲੋਮੀਟਰ ਰਸਤਾ ਕੱਚਾ ਹੋਣ ਕਾਰਨ ਰਾਹਗੀਰਾਂ ਖਾਸ ਕਰਕੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਮੰਗ ਕੀਤੀ ਕਿ ਦੋਵੇਂ ਪਿੰਡਾਂ ਨੂੰ ਆਪਸ ਵਿੱਚ ਜੋੜਨ ਲਈ ਪੱਕੀ ਸੜਕ ਬਣਾਈ ਜਾਵੇ।
ਅੱਜ ਇੱਥੇ ਸ੍ਰੀ ਸ਼ਰਮਾ ਨੇ ਕਿਹਾ ਕਿ ਇਸ ਰਸਤੇ ਕਿਸਾਨਾਂ ਦਾ ਕਾਫ਼ੀ ਆਉਣਾ-ਜਾਣਾ ਹੈ। ਕਿਉਂਕਿ ਕਿਸਾਨ ਆਪਣੇ ਖੇਤਾਂ ਵਿੱਚ ਜਾਣ ਸਮੇਤ ਫਸਲ ਲੈ ਕੇ ਮੰਡੀਆਂ ਵਿੱਚ ਜਾਂਦੇ ਹਨ ਪ੍ਰੰਤੂ ਰਾਹ ਕੱਚਾ ਹੋਣ ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਨੇ ਚੇਅਰਮੈਨ ਲਾਲ ਸਿੰਘ ਤੋਂ ਮੰਗ ਕੀਤੀ ਕਿ ਇਸ ਕੱਚੇ ਟੋਟੇ ਨੂੰ ਜਲਦੀ ਪੱਕੀ ਸੜਕ ਬਣਾਉਣ ਦੀ ਮਨਜ਼ੂਰੀ ਦਿੱਤੀ ਜਾਵੇ ਅਤੇ ਲੋੜੀਂਦੇ ਫੰਡ ਰਿਲੀਜ਼ ਕੀਤੇ ਜਾਣ ਤਾਂ ਜੋ ਰਾਹਗੀਰਾਂ ਨੂੰ ਕੋਈ ਆਵਾਜਾਈ ਵਿੱਚ ਕੋਈ ਪ੍ਰੇਸ਼ਾਨੀ ਨਾ ਹੋਵੇ। ਉਨ੍ਹਾਂ ਦੱਸਿਆ ਕਿ 2002 ਤੋਂ 2007 ਦੌਰਾਨ ਕਾਂਗਰਸ ਸਰਕਾਰ ਸਮੇਂ ਉਨ੍ਹਾਂ ਨੇ ਮੱਛਲੀ ਕਲਾਂ ਤੋਂ ਚਡਿਆਲਾ ਸੂਦਾਂ, ਮੱਛਲੀ ਕਲਾਂ ਤੋਂ ਟੋਡਰਮਾਜਰਾ, ਚੂਹੜ ਮਾਜਰਾ ਤੋਂ ਲਾਂਡਰਾਂ-ਚੁੰਨੀ ਮਾਰਗ ਨਾਲ ਜੁੜਦੇ ਰਸਤਿਆਂ ਸਮੇਤ ਹੋਰ ਕਈ ਕੱਚੇ ਟੋਟੇ ਪੱਕੇ ਕਰਵਾਏ ਸਨ। ਜਿਸ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ ਸੀ ਪ੍ਰੰਤੂ ਪਿਛਲੇ 10 ਸਾਲਾਂ ਵਿੱਚ ਅਕਾਲੀ ਸਰਕਾਰ ਨੇ ਲਿੰਕ ਸੜਕਾਂ ਦੇ ਰੱਖਰਖਾਓ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ। ਜਿਸ ਕਾਰਨ ਮੌਜੂਦਾ ਸਮੇਂ ਵਿੱਚ ਇਲਾਕੇ ਦੀਆਂ ਕਾਫ਼ੀ ਸੜਕਾਂ ਟੁੱਟ ਗਈਆਂ ਹਨ।