Nabaz-e-punjab.com

ਸਿੱਖਿਆ ਬੋਰਡ ਦੇ ਵਿੱਦਿਅਕ ਮੁਕਾਬਲੇ: ਲੁਧਿਆਣਾ ਦੇ ਹਰਮਨਪ੍ਰੀਤ ਸਿੰਘ ਤੇ ਸਾਥੀਆਂ ਨੇ ਜਿੱਤਿਆਂ ਭੰਗੜੇ ਦਾ ਮੁਕਾਬਲਾ

ਵਿਦਿਆਰਥੀਆਂ ਦੀ ਪ੍ਰਤਿਭਾ ਨਿਖਾਰਨ ਵਿੱਚ ਵਿੱਦਿਅਕ ਮੁਕਾਬਲਿਆਂ ਦਾ ਅਹਿਮ ਰੋਲ: ਸਿੱਧੂ

ਸ਼ਬਦ ਗਾਇਨ: ਲੁਧਿਆਣਾ ਦੇ ਲਵਲੀ ਤੇ ਸਾਥੀਆਂ, ਆਮ ਗਿਆਨ: ਬਠਿੰਡਾ ਦੇ ਧਰਮਵੀਰ ਸਿੰਘ ਅੱਵਲ ਰਹੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਦਸੰਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਦੀ 50ਵੀਂ ਵਰੇ੍ਹਗੰਢ ਨੂੰ ਸਮਰਪਿਤ ਤਿੰਨ ਰੋਜ਼ਾ ਰਾਜ ਪੱਧਰੀ ਵਿੱਦਿਅਕ ਮੁਕਾਬਲਿਆਂ ਦੇ ਦੂਜੇ ਦਿਨ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਵੱਖ ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅੰਦਰ ਛੁਪੀ ਹੋਈ ਪ੍ਰਤਿਭਾ ਨਿਖਾਰਨ ਲਈ ਵਿੱਦਿਅਕ ਮੁਕਾਬਲਿਆਂ ਦਾ ਅਹਿਮ ਰੋਲ ਹੁੰਦਾ ਹੈ। ਇਸ ਲਈ ਸਕੂਲੀ ਬੱਚਿਆਂ ਦੇ ਵੱਧ ਤੋਂ ਵੱਧ ਮੁਕਾਬਲੇ ਕਰਵਾਏ ਜਾਣੇ ਚਾਹੀਦੇ ਹਨ। ਸ੍ਰੀ ਸਿੱਧੂ ਨੇ ਕਿਹਾ ਕਿ ਬੱਚਿਆਂ ਨੂੰ ਮਿਆਰੀ ਪੜ੍ਹਾਈ ਦੇ ਨਾਲ ਨਾਲ ਵੱਖ ਵੱਖ ਕਿਸਮਾਂ ਦੇ ਮੁਕਾਬਲਿਆਂ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ। ਉਨ੍ਹਾਂ ਬੱਚਿਆਂ ਦੀ ਭਲਾਈ ਕੰਮਾਂ ਵਾਸਤੇ ਸਕੂਲ ਬੋਰਡ ਨੂੰ ਇੱਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ।
ਉਧਰ, ਅੱਜ ਪ੍ਰੋਗਰਾਮ ਦਾ ਆਗਾਜ਼ ਮਿਡਲ ਜਮਾਤ ਦੇ ਵਿਦਿਆਰਥੀਆਂ ਦੇ ਸੋਲੋ ਡਾਂਸ ਨਾਲ ਹੋਇਆ। ਪੰਜਵੀਂ ਤੋਂ ਅੱਠਵੀਂ ਵਰਗ ਦੇ ਵਿਦਿਆਰਥੀਆਂ ਵਿੱਚ ਸੋਲੋ ਡਾਂਸ ਵਿੱਚ ਨਨਕਾਣਾ ਸਾਹਿਬ ਹਾਈ ਸਕੂਲ ਦੀ ਜਸਕਿਰਨ ਕੌਰ ਨੇ ਪਹਿਲਾ, ਸੰਤ ਵਰਿਆਮ ਸਿੰਘ ਸਕੂਲ ਰਤਵਾੜਾ ਸਾਹਿਬ ਦੀ ਸਿਮਰਨਜੋਤ ਕੌਰ ਦੀ ਦੂਜਾ ਅਤੇ ਸਰਕਾਰੀ ਕੰਨਿਆਂ ਸਕੂਲ ਰੇਲਵੇ ਮੰਡੀ, ਜ਼ਿਲ੍ਹਾ ਹੁਸ਼ਿਆਰਪੁਰ ਦੀ ਆਰਤੀ ਨੇ ਤੀਜਾ ਸਥਾਨ ਹਾਸਲ ਕੀਤਾ। ਕਵਿਤਾ ਉਚਾਰਨ ਮੁਕਾਬਲੇ ਵਿੱਚ ਬੁਤਾਲਾ ਸਕੂਲ ਅੰਮ੍ਰਿਤਸਰ ਦੀ ਜਸਲੀਨ ਕੌਰ ਪਹਿਲਾ, ਸ਼ਿਵ ਦੇਵੀ ਗਰਲਜ਼ ਸਕੂਲ ਜਲੰਧਰ ਦੀ ਪਲਕ ਨੇ ਦੂਜਾ ਅਤੇ ਸ਼ਹੀਦ ਬਾਬਾ ਦੀਪ ਸਿੰਘ ਸਕੂਲ ਕੰਗ, ਜ਼ਿਲ੍ਹਾ ਤਰਨਤਾਰਨ ਦੀ ਹਰਨੂਰ ਕੌਰ ਤੀਜੇ ਸਥਾਨ ’ਤੇ ਰਹੀ। ਸੁੰਦਰ ਲਿਖਾਈ ਵਿੱਚ ਧਰਮਕੋਟ ਸਕੂਲ ਦੇ ਸਾਹਿਲ ਮਸੀਹ ਨੇ ਪਹਿਲਾ, ਢੀਂਗੀ ਸਕੂਲ ਪਟਿਆਲਾ ਦੇ ਸਨੀ ਨੇ ਦੂਜਾ ਅਤੇ ਮੀਆਂ ਵਿੰਡ ਪਟਿਆਲਾ ਦੀ ਗੁਰਲੀਨ ਨੇ ਤੀਜਾ ਸਥਾਨ ਹਾਸਲ ਕੀਤਾ।
ਸ਼ਬਦ ਗਾਇਨ ਵਿੱਚ ਜਮਾਲਪੁਰ, ਲੁਧਿਆਣਾ ਦੇ ਲਵਲੀ ਤੇ ਸਾਥੀਆਂ ਨੇ ਪਹਿਲਾ, ਫੀਲਖਾਲਾ ਪਟਿਆਲਾ ਦੀ ਸੁਖਦੀਪ ਕੌਰ ਤੇ ਸਾਥੀਆਂ ਨੇ ਦੂਜਾ ਅਤੇ ਡੀਏਵੀ ਸਕੂਲ ਅੰਮ੍ਰਿਤਸਰ ਦੇ ਨੀਰਜ ਕੁਮਾਰ ਤੇ ਸਾਥੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੋਕ-ਗੀਤ ਲਈ ਸੀਰਵਾਲੀ ਭੰਗੇਵਾਲੀ ਸ੍ਰੀ ਮੁਕਤਸਰ ਦੇ ਸ਼ਹਿਬਾਜ ਸਿੰਘ ਪਹਿਲੇ, ਪੰਜਾਬੀ ਯੂਨੀਵਰਸਿਟੀ ਸਕੂਲ ਪਟਿਆਲਾ ਦੀ ਵਿਸ਼ਾਲਪ੍ਰੀਤ ਕੌਰ ਦੂਜੇ ਅਤੇ ਫੇਰੂ ਖਾਲਸਾ ਸਕੂਲ ਫਰੀਦਕੋਟ ਦੇ ਮਾਧਵ ਅਰੋੜਾ ਤੀਜੇ ਸਥਾਨ ਉੱਤੇ ਰਹੇ। ਆਮ ਗਿਆਨ ਵਿੱਚ ਬਾਬਾ ਫਰੀਦ ਬਠਿੰਡਾ ਦੇ ਧਰਮਵੀਰ ਸਿੰਘ, ਬੁਤਾਲਾ ਅੰਮ੍ਰਿਤਸਰ ਦੀ ਜਸਮੀਤ ਕੌਰ ਅਤੇ ਬੁੱਟਕਰ ਕਲਾਂ ਸਕੂਲ ਦੀ ਸਿਮਰਜੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਭੰਗੜੇ ਦੇ ਮੁਕਾਬਲੇ ਵਿੱਚ ਲੁਧਿਆਣਾ ਦੇ ਹਰਮਨਪ੍ਰੀਤ ਸਿੰਘ ਅਤੇ ਸਾਥੀਆਂ ਨੇ ਪਹਿਲਾ, ਭੁਪਾਲ, ਮਾਨਸਾ ਸਕੂਲ ਦੇ ਸਮਨਪ੍ਰੀਤ ਸਿੰਘ ਅਤੇ ਸਾਥੀਆਂ ਨੇ ਦੂਜਾ ਅਤੇ ਸਿਵਲ ਲਾਈਨ ਸਕੂਲ ਪਟਿਆਲਾ ਦੇ ਨਮਰਪ੍ਰੀਤ ਸਿੰਘ ਅਤੇ ਸਾਥੀਆਂ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਚਿੱਤਰਕਲਾ, ਗਿੱਧਾ, ਕਵਿਸ਼ਰੀ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ, ਵਾਈਸ ਚੇਅਰਮੈਨ ਬਲਦੇਵ ਸਚਦੇਵਾ ਅਤੇ ਸਕੱਤਰ ਪ੍ਰਸ਼ਾਂਤ ਗੋਇਲ, ਮੁਹਾਲੀ ਨਿਗਮ ਦੇ ਸੀਨੀਅਰ ਮੀਤ ਪ੍ਰਧਾਨ ਰਿਸ਼ਵ ਜੈਨ, ਸੁਰਿੰਦਰ ਸਿੰਘ ਰਾਜਪੂਤ ਤੇ ਜਸਬੀਰ ਸਿੰਘ ਮਾਣਕੂ (ਕੌਂਸਲਰ) ਅਤੇ ਧਰਮ ਸਿੰਘ ਸੈਣੀ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…