ਹਰਪਾਲ ਚੀਮਾ ਨੇ ਆਬਕਾਰੀ ਤੇ ਕਾਰ ਵਿਭਾਗ ਦੀਆਂ 8 ਕਾਰਾਂ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਚੀਮਾ ਵੱਲੋਂ ਟੈਕਸ ਇੰਟੈਲੀਜੈਂਸ ਯੂਨਿਟ ਰਾਹੀਂ ਵਿਕਸਤ ਟੈਕਸ ਇੰਟੈਲੀਜੈਂਸ ਪੋਰਟਲ ਲਾਂਚ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਮਈ:
ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਟੈਕਸ ਇੰਟੈਲੀਜੈਂਸ ਯੂਨਿਟ ਵੱਲੋਂ ਪੰਜਾਬ ਦੇ ਜੀਐਸਟੀ ਅਧਿਕਾਰੀਆਂ ਲਈ ਵਿਕਸਤ ਟੈਕਸ ਇੰਟੈਲੀਜੈਂਸ ਪੋਰਟਲ ਲਾਂਚ ਕੀਤਾ ਹੈ। ਇਸ ਮੌਕੇ ਉਨ੍ਹਾਂ ਕਰ ਵਿਭਾਗ ਦੀਆਂ 8 ਇਨੋਵਾ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇੱਥੋਂ ਦੇ ਸੈਕਟਰ-69 ਸਥਿਤ ਆਬਕਾਰੀ ਤੇ ਕਰ ਭਵਨ ਵਿਖੇ ਟੈਕਸ ਇੰਟੈਲੀਜੈਂਸ ਪੋਰਟਲ ਦੀ ਸ਼ੁਰੂਆਤ ਕਰਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਇਹ ਪੋਰਟਲ ਰਾਜ ਦੇ ਕਰ ਅਧਿਕਾਰੀਆਂ ਨੂੰ ਆਪਣੇ ਅਧਿਕਾਰ ਖੇਤਰ ਵਿੱਚ ਕਰ ਉਗਰਾਹੀ ਅਤੇ ਕਰ ਪਾਲਣਾ ਦਾ ਵਿਸ਼ਲੇਸ਼ਣ ਅਤੇ ਨਿਗਰਾਨੀ ਕਰਨ ਵਿੱਚ ਮਦਦ ਕਰੇਗਾ।
ਸ੍ਰੀ ਚੀਮਾ ਨੇ ਕਿਹਾ ਕਿ ਇਹ ਸਿਸਟਮ ਡਿਫ਼ਾਲਟਰਾਂ ਅਤੇ ਟੈਕਸ ਚੋਰੀ ਕਰਨ ਵਾਲਿਆਂ ਦੀ ਪਛਾਣ ਕਰਨ ਲਈ ਖੇਤਰੀ ਪੱਧਰ ਦੇ ਦਫ਼ਤਰਾਂ ਅਤੇ ਇਨਫੋਰਸਮੈਂਟ ਦੀਆਂ ਲੋੜਾਂ ਨੂੰ ਪੂਰਾ ਕਰੇਗਾ ਅਤੇ ਵਿਭਾਗ ਦੇ ਫੀਲਡ ਅਧਿਕਾਰੀਆਂ ਨੂੰ ਬੈਕਵਰਡ ਸਪਲਾਈ ਚੇਨ ਵੈਰੀਫਿਕੇਸ਼ਨ ਲਿੰਕੇਜ ਅਤੇ ਕਾਰਵਾਈਯੋਗ ਰਿਪੋਰਟਾਂ ਵੀ ਪ੍ਰਦਾਨ ਕਰੇਗਾ। ਇਸ ਪੋਰਟਲ ਰਾਹੀਂ ਉਪਲਬਧ ਵੱਖ-ਵੱਖ ਡੇਟਾ ਦੇ ਪ੍ਰਭਾਵਸ਼ਾਲੀ ਵਿਸ਼ਲੇਸ਼ਣ, ਕਰਦਾਤਾਵਾਂ ਦੁਆਰਾ ਪਾਲਣਾ, ਵਾਪਸੀਆਂ ਦੀ ਤਸਦੀਕ ਵਿੱਚ ਬਿਹਤਰ ਜਾਂਚ, ਆਡਿਟ ਪ੍ਰਕਿਰਿਆਵਾਂ ਵਿੱਚ ਅਸਾਨੀ, ਪੂਰੀ ਸਪਲਾਈ ਚੇਨ ਵਿਸ਼ਲੇਸ਼ਣ, ਰਿਟਰਨ ਡਿਫ਼ਾਲਟਰਾਂ ਦੀ ਲਾਈਵ ਨਿਗਰਾਨੀ ਅਤੇ ਦੇਰੀ ਨਾਲ ਕਰ ਅਦਾ ਕਰਨ ਵਾਲਿਆਂ ਦੇ ਵਿਆਜ ਦੀ ਗਿਣਤੀ ਵਿੱਚ ਮਦਦ ਮਿਲੇਗੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਵਿਭਾਗ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ ਲਈ ਇਨੋਵਾ ਗੱਡੀਆਂ ਦੇ ਕਾਫ਼ਲੇ ਵਿੱਚ ਜਲਦੀ ਹੀ 42 ਹੋਰ ਅਜਿਹੇ ਵਾਹਨ ਸ਼ਾਮਲ ਕੀਤੇ ਜਾਣਗੇ। ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪੂਰੀ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਬੁਨਿਆਦੀ ਢਾਂਚੇ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਇਸ ਮੌਕੇ ਵਿੱਤ ਕਮਿਸ਼ਨਰ ਕਰ ਵਿਕਾਸ ਪ੍ਰਤਾਪ, ਕਰ ਕਮਿਸ਼ਨਰ ਕਮਲ ਕਿਸ਼ੋਰ ਯਾਦਵ, ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ, ਵਧੀਕ ਕਮਿਸ਼ਨਰ-1 ਵਿਰਾਜ ਐਸ ਤਿਡਕੇ, ਡਾਇਰੈਕਟਰ ਇਨਵੈਸਟੀਗੇਸ਼ਨ ਤੇਜਵੀਰ ਸਿੰਘ ਸਿੱਧੂ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …