nabaz-e-punjab.com

ਆਵਾਰਾ ਪਸ਼ੂਆਂ ਦਾ ਹੱਲ ਨਾ ਕੀਤਾ ਤਾਂ ਸਰਕਾਰ ‘ਤੇ ਕਾਨੂੰਨੀ ਸ਼ਿਕੰਜਾ ਕੱਸਾਂਗੇ-ਹਰਪਾਲ ਸਿੰਘ ਚੀਮਾ

‘ਆਪ’ ਯੂਥ ਵਿੰਗ ਵੱਲੋਂ ਅਬੋਹਰ ‘ਚ ਰੋਸ ਧਰਨਾ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 25 ਨਵੰਬਰ-
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਘਾਤਕ ਰੂਪ ਲੈ ਚੁੱਕੀ ਆਵਾਰਾ ਪਸ਼ੂਆਂ ਅਤੇ ਕੁੱਤਿਆਂ ਦੀ ਸਮੱਸਿਆ ਬਾਰੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਇਸ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਆਮ ਆਦਮੀ ਪਾਰਟੀ ਸਰਕਾਰ ‘ਤੇ ਕਾਨੂੰਨੀ ਸ਼ਿਕੰਜਾ ਕੱਸੇਗੀ। ਇਸ ਦੇ ਨਾਲ ਹੀ ਅਬੋਹਰ-ਫ਼ਾਜ਼ਿਲਕਾ ਇਲਾਕੇ ‘ਚ ਆਵਾਰਾ ਪਸ਼ੂਆਂ ਕਾਰਨ ਲਗਾਤਾਰ ਵਾਪਰ ਰਹੀਆਂ ਜਾਨਲੇਵਾ ਘਟਨਾਵਾਂ ਅਤੇ ਫ਼ਸਲਾਂ ਦੇ ਭਾਰੀ ਉਜਾੜੇ ਦੇ ਵਿਰੋਧ ‘ਚ ਅਬੋਹਰ ਦੇ ਐਸਡੀਐਮ ਦੇ ਦਫ਼ਤਰ ਸਾਹਮਣੇ ‘ਆਪ’ ਦੇ ਯੂਥ ਵਿੰਗ ਨੇ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ। ‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਅਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ, ਯੂਥ ਵਿੰਗ ਦੇ ਇੰਚਾਰਜ ਵਿਧਾਇਕ ਮੀਤ ਹੇਅਰ ਅਤੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਆਵਾਰਾ ਪਸ਼ੂਆਂ ਕਾਰਨ ਵਾਪਰਦੇ ਹਾਦਸਿਆਂ ‘ਚ ਹਰ ਸਾਲ ਸੈਂਕੜੇ ਲੋਕ ਜਾਨ ਗੁਆ ਰਹੇ ਹਨ ਅਤੇ ਹਜ਼ਾਰਾਂ ਦੀ ਗਿਣਤੀ ‘ਚ ਜ਼ਖਮੀ ਅਤੇ ਅਪਾਹਜ ਹੋ ਰਹੇ ਹਨ, ਜਦੋਂਕਿ ਵਾਹਨਾਂ-ਵਹੀਕਲਾਂ ਅਤੇ ਫ਼ਸਲਾਂ ਦਾ ਨੁਕਸਾਨ ਕਰੋੜਾਂ ਰੁਪਏ ‘ਚ ਜਾਂਦਾ ਹੈ। ਜਿਸ ਦਾ ਕਦੇ ਕੋਈ ਹਿਸਾਬ ਕਿਤਾਬ ਹੀ ਨਹੀਂ ਲਗਾਇਆ ਗਿਆ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹਰ ਰੋਜ਼ ਦੇ ਜਾਨਲੇਵਾ ਹਾਦਸਿਆਂ ਦੇ ਬਾਵਜੂਦ ਸਰਕਾਰ ਸੁੱਤੀ ਪਈ ਹੈ, ਹਾਲਾਂਕਿ ਹਰੇਕ ਵਿਧਾਨ ਸਭਾ ਸੈਸ਼ਨ ਦੌਰਾਨ ਆਵਾਰਾ ਪਸ਼ੂਆਂ ਅਤੇ ਕੁੱਤਿਆਂ ਦੇ ਕਹਿਰ ਦਾ ਮੁੱਦਾ ਕਈ ਸਾਲਾਂ ਤੋਂ ਲਗਾਤਾਰ ਉੱਠਦਾ ਆ ਰਿਹਾ ਹੈ। ਚੀਮਾ ਨੇ ਕਿਹਾ ਕਿ ਆਗਾਮੀ ਸੈਸ਼ਨ ਦੌਰਾਨ ‘ਆਪ’ ਆਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਜਨਤਾ ਤੋਂ ਲਏ ਜਾ ਰਹੇ ਗੳੂ ਸੈਸ ਸਮੇਤ ਹੋਰ ਸਿੱਧੇ-ਅਸਿੱਧੇ ਟੈਕਸਾਂ ਦਾ ਹਿਸਾਬ-ਕਿਤਾਬ ਸੱਤਾਧਾਰੀ ਧਿਰ ਤੋਂ ਮੰਗੇਗੀ। ਉਨਾਂ ਕਿਹਾ ਕਿ ਅਜਿਹੀਆਂ ਸਮੱਸਿਆਵਾਂ ਦੇ ਹੱਲ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ। ਉੱਪਰੋਂ ਜਦੋਂ ਸਰਕਾਰ ਲੋਕਾਂ ਤੋਂ ਇਸ ਸਮੱਸਿਆ ਲਈ ਟੈਕਸ ਵਸੂਲ ਰਹੀ ਹੈ ਤਾਂ ਇਸ ਦੇ ਠੋਸ ਹੱਲ ਲਈ ਕਾਨੂੰਨੀ ਤੌਰ ‘ਤੇ ਜ਼ਿੰਮੇਵਾਰੀ ਸਰਕਾਰ ਦੀ ਹੀ ਬਣਦੀ ਹੈ। ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਹਰ ਪੰਜ ਸਾਲ ਬਾਅਦ ਆਵਾਰਾ ਪਸ਼ੂਆਂ ਅਤੇ ਕੁੱਤਿਆਂ ਦੀ ਗਿਣਤੀ ਲਈ ਬਕਾਇਦਾ ਸਰਵੇ ਹੁੰਦੀ ਹੈ, ਪਰੰਤੂ 2012 ਤੋਂ ਬਾਅਦ ਅਜੇ ਤੱਕ ਸਰਵੇ ਵੀ ਨਹੀਂ ਹੋਇਆ, ਜਿਸ ਤੋਂ ਸੂਬਾ ਅਤੇ ਕੇਂਦਰ ਸਰਕਾਰ ਦਾ ਗੈਰ ਜਿੰਮੇਵਾਰਨਾ ਰਵੱਈਆ ਸਪਸ਼ਟ ਹੁੰਦੀ ਹੈ। ਮੀਤ ਹੇਅਰ ਅਤੇ ਮਨਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ‘ਆਪ’ ਦੇ ਮਾਲਵਾ ਜ਼ੋਨ ਵੱਲੋਂ ਜ਼ੋਨ ਪ੍ਰਧਾਨ ਸੁਖਰਾਜ ਸਿੰਘ ਗੋਰਾ ਫ਼ਿਰੋਜ਼ਸ਼ਾਹ ਦੀ ਅਗਵਾਈ ਹੇਠ ‘ਆਪ’ ਯੂਥ ਵਿੰਗ ਵੱਲੋਂ ਅਬੋਹਰ ਵਿਖੇ ਅੱਜ ਤੋਂ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਜਦ ਤੱਕ ਸਰਕਾਰ ਇਸ ਸਮੱਸਿਆ ਦਾ ਹੱਲ ਨਹੀਂ ਕਰੇਗੀ ਪਾਰਟੀ ਵੱਲੋਂ ਲੋਕ ਹਿਤ ਸੰਘਰਸ਼ ਜਾਰੀ ਰੱਖਿਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…