ਹਰਪ੍ਰੀਤ ਸਿੰਘ ਡਡਵਾਲ ਨੂੰ ਮੁੜ ਐਮਪੀਸੀਏ ਦਾ ਪ੍ਰਧਾਨ ਚੁਣਿਆ

ਜਨਰਲ ਇਜਲਾਸ ਮੌਕੇ ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਕੀਤੀ ਨਵੇਂ ਪ੍ਰਧਾਨ ਦੀ ਚੋਣ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਮਾਰਚ:
ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏੇਸ਼ਨ (ਐਮਪੀਸੀਏ) ਦੇ ਅੱਜ ਹੋਏ ਜਨਰਲ ਇਜਲਾਸ ਦੌਰਾਨ ਹਾਜ਼ਰ ਮੈਂਬਰਾਂ ਵੱਲੋਂ ਹਰਪ੍ਰੀਤ ਸਿੰਘ ਡਡਵਾਲ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਦੁਬਾਰਾ ਸਰਬਸੰਮਤੀ ਨਾਲ 2023-24 ਲਈ ਪ੍ਰਧਾਨ ਚੁਣਿਆ ਗਿਆ ਅਤੇ ਬਾਕੀ ਅਹੁਦੇਦਾਰਾਂ ਦੀ ਚੋਣ ਕਰਨ ਦੇ ਸਾਰੇ ਅਧਿਕਾਰ ਵੀ ਡਡਵਾਲ ਨੂੰ ਦਿੱਤੇ ਗਏ ਹਨ। ਇਜਲਾਸ ਵਿੱਚ 250 ਦੇ ਕਰੀਬ ਮੈਂਬਰ ਹਾਜ਼ਰ ਸਨ। ਇੱਥੋਂ ਦੇ ਫੇਜ਼-10 ਸਥਿਤ ਸਰਾਓ ਹੋਟਲ ਵਿੱਚ ਹੋਏ ਜਨਰਲ ਇਜਲਾਸ ਦੌਰਾਨ ਸਭ ਤੋਂ ਪਹਿਲਾਂ ਐਸੋਸੀਏਸ਼ਨ ਦੇ ਫਾਉਂਡਰ ਪ੍ਰਧਾਨ ਐਨਕੇ ਮਰਵਾਹਾ ਸਮੇਤ ਪਿਛਲੇ ਸਮੇਂ ਦੌਰਾਨ ਅਕਾਲ ਚਲਾਣਾ ਕਰ ਗਏ ਮੈਂਬਰਾਂ (ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ) ਨੂੰ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਰਜਲੀ ਦਿੱਤੀ ਗਈ।
ਐਸੋਸੀਏਸ਼ਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਡਡਵਾਲ ਨੇ ਸਮੂਹ ਮੈਂਬਰਾਂ ਧੰਨਵਾਦ ਕਰਦਿਆਂ ਆਪਣੇ ਪਿਛਲੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅਤੇ ਸੰਸਥਾ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਇਸ ਮੌਕੇ ਆਪਣੀ ਭਾਵੁਕ ਤਕਰੀਰ ਦੌਰਾਨ ਉਨ੍ਹਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੰਦਿਆਂ ਜਨਰਲ ਇਜਲਾਸ ਨੂੰ ਅਪੀਲ ਕੀਤੀ ਕਿ ਐਸੋਸੀਏਸ਼ਨ ਦੀ ਅਗਲੇ ਸਾਲ ਦੀ ਚੋਣ ਸੰਵਿਧਾਨ ਅਨੁਸਾਰ ਕੀਤੀ ਜਾਵੇ।
ਇਸ ਮੌਕੇ ਵੱਖ-ਵੱਖ ਬੁਲਾਰਿਆਂ ਹਰਜਿੰਦਰ ਸਿੰਘ ਧਵਨ, ਪਾਰਸ ਮਹਾਜਨ, ਪ੍ਰਦੀਪ ਜੋਸ਼ਨ, ਬਲਜੀਤ ਸਿੰਘ ਮਠਾੜੂ, ਐਸਐਸ ਵਾਲੀਆਂ, ਡੀਐਸ ਬੈਨੀਪਾਲ, ਅਸ਼ੋਕ ਗੋਇਲ, ਸੁਰਿੰਦਰ ਸਿੰਘ ਮਹੰਤ, ਮਿੰਟੂ ਆਨੰਦ ਅਤੇ ਹੋਰਨਾਂ ਨੇ ਸੰਸਥਾ ਦੀ ਬਿਹਤਰੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸਾਰੇ ਮੈਂਬਰਾਂ ਨੇ ਹਰਪ੍ਰੀਤ ਸਿੰਘ ਡਡਵਾਲ ਦੇ ਕਾਰਜਕਾਲ ਦੌਰਾਨ ਕੀਤੇ ਗਏ ਕੰਮਾਂ ਦੀ ਭਰਵੀਂ ਸ਼ਲਾਘਾ ਕੀਤੀ।
ਇਸ ਤੋਂ ਪਹਿਲਾਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਪਾਰਸ ਨੇ ਨਵੇਂ ਅਹੁਦੇਦਾਰਾਂ ਦੀ ਚੋਣ ਕਰਨ ਲਈ ਮੈਂਬਰਾਂ ਦੇ ਵਿਚਾਰ ਅਤੇ ਸੁਝਾਅ ਮੰਗੇ ਗਏ ਅਤੇ ਕਿਹਾ ਕਿ ਜਿਹੜੇ ਮੈਂਬਰ ਚੋਣ ਲੜਨ ਦੇ ਚਾਹਵਾਨ ਹਨ, ਉਹ ਆਪਣਾ ਨਾਮ ਪੇਸ਼ ਕਰ ਸਕਦੇ ਹਨ। ਉਨ੍ਹਾਂ ਇਸ ਦੌਰਾਨ ਮੈਂਬਰਾਂ ਨੂੰ ਆਪਣੀ ਗੱਲ ਰੱਖਣ ਅਤੇ ਸੋਚ ਵਿਚਾਰ ਲਈ ਸਮਾਂ ਵੀ ਦਿੱਤਾ।
ਇਸ ਦੌਰਾਨ ਕਿਸੇ ਵੀ ਮੈਂਬਰ ਨੇ ਆਪਣਾ ਨਾਮ ਦੇਣ ਲਈ ਸਹਿਮਤੀ ਨਹੀਂ ਦਿੱਤੀ। ਇਸ ਮਗਰੋਂ ਸੰਸਥਾ ਦੇ ਚੀਫ਼ ਪੈਟਰਨ ਹਰਜਿੰਦਰ ਸਿੰਘ ਧਵਨ ਨੇ ਅਗਲੀ ਟਰਮ (2023-24) ਲਈ ਪ੍ਰਧਾਨ ਦੇ ਅਹੁਦੇ ਲਈ ਮੁੜ ਹਰਪ੍ਰੀਤ ਸਿੰਘ ਡਡਵਾਲ ਦਾ ਨਾਮ ਪੇਸ਼ ਕੀਤਾ ਗਿਆ। ਜਿਸ ਦੀ ਚੇਅਰਮੈਨ ਪਾਰਸ ਮਹਾਜਨ ਨੇ ਪ੍ਰੋੜਤਾ ਕੀਤੀ। ਜਨਰਲ ਸਕੱਤਰ ਸਰਬਜੀਤ ਸਿੰਘ ਪਾਰਸ ਨੇ ਜਨਰਲ ਇਜਲਾਸ ਤੋਂ ਡਡਵਾਲ ਨੂੰ ਪ੍ਰਧਾਨ ਐਲਾਨੇ ਜਾਣ ਦੀ ਪ੍ਰਵਾਨਗੀ ਮੰਗੀ ਅਤੇ ਹਾਜ਼ਰ ਮੈਂਬਰਾਂ ਨੇ ਜੈਕਾਰੇ ਛੱਡ ਕੇ ਡਡਵਾਲ ਨੂੰ ਸਰਬਸੰਮਤੀ ਨਾਲ ਪ੍ਰਧਾਨ ਐਲਾਨ ਦਿੱਤਾ ਗਿਆ। ਇਸ ਮੌਕੇ ਹਰਪ੍ਰੀਤ ਸਿੰਘ ਡਡਵਾਲ ਨੇ ਕਿਹਾ ਕਿ ਉਹ ਐਮਪੀਸੀਏ ਦੇ ਸਾਰੇ ਮੈਂਬਰਾਂ ਦੇ ਰਿਣੀ ਹਨ। ਜਿਨ੍ਹਾਂ ਨੇ ਉਨ੍ਹਾਂ ’ਤੇ ਭਰੋਸ ਕਰਕੇ ਉਨ੍ਹਾਂ ਨੂੰ ਦੁਬਾਰਾ ਇਹ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਕਿਹਾ ਕਿ ਉਹ ਸੰਸਥਾ ਅਤੇ ਸਮੂਹ ਮੈਂਬਰਾਂ ਦੀ ਭਲਾਈ ਲਈ ਪਹਿਲਾਂ ਵਾਂਗ ਸੇਵਾ ਭਾਵਨਾ ਨਾਲ ਕੰਮ ਕਰਦੇ ਰਹਿਣਗੇ।

Load More Related Articles
Load More By Nabaz-e-Punjab
Load More In General News

Check Also

Vigilance Bureau arrests ASI for taking Rs 15,000 bribe

Vigilance Bureau arrests ASI for taking Rs 15,000 bribe Chandigarh 29 January 2025 : The P…