Nabaz-e-punjab.com

ਰਾਜੋਆਣਾ ਦੀ ਫਾਂਸੀ ਦੇ ਮਾਮਲੇ ’ਤੇ ਹਰਸਿਮਰਤ ਕੌਰ ਬਾਦਲ ਚੁੱਪ ਕਿਉਂ ਹੈ: ਬੀਰਦਵਿੰਦਰ ਸਿੰਘ

ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ੀ ਦੇ ਮਾਮਲੇ ’ਤੇ ਬਾਦਲ ਦਲ ਦਾ ਦੋਹਰਾ ਕਿਰਦਾਰ ਨੰਗਾ ਹੋਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਦਸੰਬਰ:
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਮੀਤ ਪ੍ਰਧਾਨ ਬੀਰਦਵਿੰਦਰ ਸਿੰਘ ਨੇ ਕਿਹਾ ਹੈ ਕਿ ਪਟਿਆਲਾ ਜੇਲ੍ਹ ਵਿੱਚ ਬੰਦ ਸਿੱਖ ਕੈਦੀ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ੀ ਦੇ ਮਾਮਲੇ ਤੇ ਅਕਾਲੀ ਦਲ (ਬਾਦਲ) ਦਾ ਦੋਹਰਾ ਕਿਰਦਾਰ ਨੰਗਾ ਹੋ ਗਿਆ ਹੈ। ਅੱਜ ਇੱਥੇ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਤੋਂ ਪਹਿਲਾਂ ਭਾਰਤ ਸਰਕਾਰ ਵੱਲੋਂ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰਕੇ ਉਸਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦਾ ਐਲਾਨ ਕੀਤਾ ਗਿਆ ਸੀ। ਜਿਸਦਾ ਸਾਰਾ ਸਿਹਰਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਸਿਰ ਬੰਨ੍ਹਦਿਆਂ ਸਿੱਖ ਕੌਮ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ (ਗੁਲਦਸਤੇ ਭੇਟ ਕਰਕੇ) ਧੰਨਵਾਦ ਵੀ ਕਰ ਦਿੱਤਾ ਸੀ। ਪ੍ਰੰਤੂ ਹੁਣ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜਾ ਮੁਆਫ਼ੀ ਦੇ ਮਾਮਲੇ ਬਾਰੇ ਲੋਕ ਸਭਾ ਵਿੱਚ ਸਾਫ਼ ਮੁੱਕਰ ਗਏ ਹਨ।
ਸ੍ਰੀ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਲੋਕ ਸਭਾ ਵਿੱਚ ਦਿੱਤੇ ਗਏ ਬਿਆਨ ਨਾਲ ਜਿੱਥੇ ਬਾਦਲਾਂ ਦੀ ਕਿਰਕਰੀ ਹੋਈ ਹੈ। ਉੱਥੇ ਨਾਲ ਹੀ ਬਾਦਲ ਪਰਿਵਾਰ ਦੇ ਸਿੱਖ ਮਸਲਿਆਂ ਪ੍ਰਤੀ ਅਪਣਾਏ ਗਏ ਦੋਹਰੇ ਮਾਪਦੰਡ ਵੀ ਬੇਨਕਾਬ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਜਵਾਬ ਮੰਗਦੀ ਹੈ ਕਿ ਛੋਟੇ-ਛੋਟੇ ਮਾਮਲਿਆਂ ਤੇ ਪੰਜਾਬ ਦੇ ਵਜ਼ੀਰਾਂ ਪਾਸੋਂ ਅੱਡੀਆਂ ਚੁੱਕ-ਚੁੱਕ ਕੇ ਅਸਤੀਫ਼ੇ ਮੰਗਣ ਵਾਲੀ ਬਾਦਲ ਜੋੜੀ (ਸੁਖਬੀਰ ਤੇ ਹਰਸਿਮਰਤ) ਹੁਣ ਰਾਜੋਆਣਾ ਦੀ ਫਾਂਸੀ ਦੇ ਮਾਮਲੇ ਤੇ ਅਮਿਤ ਸ਼ਾਹ ਦੀ ਪੁੱਠੀ-ਪਲਟੀ ’ਤੇ ਚੁੱਪ ਕਿਉਂ ਹੈ? ਹੁਣ ਮਜੀਠੀਆ ਜਾਂ ਸੁਖਬੀਰ ਬਾਦਲ, ਹਰਸਿਮਰਤ ਕੌਰ ਬਾਦਲ ਤੋਂ ਕੇਂਦਰੀ ਵਜ਼ਾਰਤ ਤੋਂ ਅਸਤੀਫ਼ਾ ਕਿਉਂ ਨਹੀਂ ਮੰਗ ਰਹੇ।
ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਤੋਂ ਬਾਅਦ ਸਿੱਖ ਯਾਤਰੂਆਂ ਨੂੰ ਭਾਰਤ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਵੱਲੋਂ ਖੱਜਲ-ਖੁਆਰ ਕੀਤਾ ਜਾ ਰਿਹਾ ਹੈ ਅਤੇ ਕਰਤਾਰਪੁਰ ਸਾਹਿਬ ਦੇ ਪ੍ਰਸ਼ਾਦ ਨੂੰ ਸੁਰੱਖਿਆ ਏਜੰਸੀਆਂ ਦੇ ਕੁੱਤਿਆਂ ਤੋਂ ਸੁੰਘਾ ਕੇ ਪ੍ਰਸ਼ਾਦ ਦੀ ਬੇਅਦਬੀ ਕੀਤੀ ਜਾ ਰਹੀ ਹੈ। ਸਿੱਖ ਯਾਤਰੂਆਂ ਲਈ ਪਾਸਪੋਰਟ ਦੀ ਸ਼ਰਤ ਜ਼ਰੂਰੀ ਰੱਖੀ ਗਈ ਹੈ ਪ੍ਰੰਤੂ ਇਨ੍ਹਾਂ ਸਾਰੇ ਮਾਮਲਿਆਂ ’ਤੇ ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਬੀਬੀ ਬਾਦਲ ਚੁੱਪ ਕਿਉਂ ਹਨ? ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਵੱਲੋਂ ਲੋਕ ਸਭਾ ਵਿੱਚ ਕੀਤੀ ਗਈ ਬਿਆਨਬਾਜ਼ੀ ਤੋਂ ਬਾਅਦ ਹੁਣ ਬੀਬੀ ਬਾਦਲ ਦਾ ਭਾਰਤ ਸਰਕਾਰ ਵਿੱਚ ਮੰਤਰੀ ਬਣੇ ਰਹਿਣ ਦੀ ਕੋਈ ਤੁਕ ਨਹੀਂ ਬਣਦੀ ਹੈ। ਇਸ ਲਈ ਉਸ ਨੂੰ ਤੁਰੰਤ ਅਸਤੀਫ਼ਾ ਦੇ ਕੇ ਸਰਕਾਰ ’ਚੋਂ ਬਾਹਰ ਆਉਣਾ ਚਾਹੀਦਾ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…