
ਮੀਂਹ ਕਾਰਨ ਸਾਢੇ ਤਿੰਨ ਏਕੜ ਝੋਨੇ ਦੀ ਕੱਟੀ ਹੋਈ ਫਸਲ ਖਰਾਬ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 25 ਸਤੰਬਰ:
ਇੱਥੋਂ ਦੇ ਨੇੜਲੇ ਪਿੰਡ ਚੱਕਲਾਂ ਦੇ ਕਿਸਾਨ ਬਲਦੇਵ ਸਿੰਘ ਦੀ ਝੋਨੇ ਦੀ ਸਾਢੇ ਤਿੰਨ ਏਕੜ ਫਸਲ ਜਿਸ ਨੂੰ ਵੱਢ ਕੇ ਝਾੜਨ ਲਈ ਰੱਖਿਆ ਗਿਆ ਸੀ, ਪਰ ਬੀਤੇ ਦੋ ਦਿਨ ਤੋਂ ਪਏ ਮੀਂਹ ਕਾਰਨ ਖੇਤ ਵਿੱਚ ਪਈ ਫਸਲ ਖਰਾਬ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੂਥ ਆਗੂ ਜੱਸਾ ਚੱਕਲ ਨੇ ਦੱਸਿਆ ਕਿ ਬਲਦੇਵ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਪਿੰਡ ਚੱਕਲਾਂ ਦੀ ਸਾਢੇ ਤਿੰਨ ਏਕੜ ਝੋਨੇ ਦੀ ਫਸਲ ਜੋ ਬਿਲਕੁਲ ਤਿਆਰ ਸੀ ਉਸਨੂੰ ਕਿਸਾਨ ਵੱਲੋਂ ਮਜਦੂਰਾਂ ਦੀ ਮੱਦਦ ਨਾਲ ਵਢਾ ਲਿਆ ਗਿਆ ਸੀ ਤਾਂ ਜੋ ਫਸਲ ਨੂੰ ਸਮੇਂ ਸਿਰ ਵੇਚਣ ਲਈ ਮੰਡੀ ਪਹੁੰਚਾਇਆ ਜਾ ਸਕੇ। ਪਰ ਬੀਤੇ ਦੋ ਦਿਨਾਂ ਤੋਂ ਅਚਾਨਕ ਪਏ ਮੀਂਹ ਕਾਰਨ ਕਿਸਾਨ ਦੀ ਪਿੰਡ ਬ੍ਰਾਹਮਣ ਮਾਜਰਾ ਵਿਚ ਪੈਂਦੇ ਖੇਤਾਂ ਵਿਚ ਕਟਾਈ ਕੀਤੀ ਫਸਲ ਖੇਤ ਵਿਚ ਪਾਣੀ ਖੜਨ ਕਾਰਨ ਭਿੱਜ ਕੇ ਖਰਾਬ ਹੋ ਗਈ। ਉਨ੍ਹਾਂ ਦੱਸਿਆ ਕਿ ਲਗਾਤਾਰ ਪਏ ਮੀਂਹ ਕਾਰਨ ਖੇਤਾਂ ਵਿਚ ਪਾਣੀ ਖੜ ਗਿਆ ਜਿਸ ਕਾਰਨ ਵੱਢੀ ਹੋਈ ਫਸਲ ਮੀਂਹ ਦੇ ਪਾਣੀ ਵਿਚ ਡੁੱਬ ਕੇ ਖਰਾਬ ਹੋ ਗਈ। ਇਸ ਮੌਕੇ ਕਿਸਾਨ ਬਲਦੇਵ ਸਿੰਘ ਨੇ ਦੱਸਿਆ ਕਿ ਉਸਦੀ ਫਸਲ ਖਰਾਬ ਹੋਣ ਕਾਰਨ ਉਸਦਾ ਵੱਡਾ ਆਰਥਿਕ ਨੁਕਸਾਨ ਹੋ ਗਿਆ। ਇਸ ਸਬੰਧੀ ਇਲਾਕੇ ਦੇ ਕਿਸਾਨਾਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਮੀਂਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਕੇ ਬਣਦਾ ਮੁਆਵਜਾ ਦੇਣ ਦੇ ਪ੍ਰਬੰਧ ਕਰੇ ਤਾਂ ਜੋ ਮੰਦੇ ਦੀ ਮਾਰ ਹੇਠ ਦਬੀ ਕਿਸਾਨੀ ਨੂੰ ਹੋਰ ਮਾਰ ਨਾ ਝੱਲਣੀ ਪਵੇ।