
ਖਰੜ ਸੀਵਰੇਜ ਦੇ ਗੰਦੇ ਪਾਣੀ ਨਾਲ ਚੁੰਨੀ ਮੋਰਿੰਡਾ ਸੜਕ ਤੇ ਹੋਰ ਨੇੜਲੇ ਪਿੰਡਾਂ ’ਚ ਫਸਲਾਂ ਦਾ ਨੁਕਸਾਨ
ਡੀਸੀ ਵੱਲੋਂ ਕਿਸਾਨਾਂ ਨੂੰ ਕਾਰਵਾਈ ਦਾ ਭਰੋਸਾ, ਕਿਸੇ ਸਮਰਥ ਅਧਿਕਾਰੀ ਨੂੰ ਮੌਕਾ ਦੇਖਣ ਭੇਜਣ ਦੀ ਗੱਲ ਆਖੀ
ਕਿਸਾਨ ਯੂਨੀਅਨ ਵੱਲੋਂ ਚੰਡੀਗੜ੍ਹ-ਅੰਮ੍ਰਿਤਸਰ ਰੇਲ ਗੱਡੀ ਖਰੜ ਸਟੇਸ਼ਨ ’ਤੇ ਰੋਕਣ ਦੀ ਮੰਗ, ਕਿਸਾਨਾਂ ਦਾ ਡੀਸੀ ਨੂੰ ਮਿਲਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਫਰਵਰੀ:
ਖਰੜ ਸ਼ਹਿਰ ਦੇ ਸੀਵਰੇਜ ਦੇ ਗੰਦੇ ਪਾਣੀ ਨਾਲ ਜਿੱਥੇ ਗੁਆਂਢੀ ਇਲਾਕਿਆਂ ਵਿੱਚ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ, ਉੱਥੇ ਚੁੰਨੀ-ਮੋਰਿੰਡਾ ਸੜਕ ਅਤੇ ਹੋਰ ਨੇੜਲੇ ਪਿੰਡਾਂ ਵਿੱਚ ਕਿਸਾਨਾਂ ਦੀ ਕਣਕ ਅਤੇ ਸਰੋਂ ਦੀਆਂ ਫਸਲਾਂ ਨੁਕਸਾਨੀਆਂ ਗਈਆਂ ਹਨ। ਇਸ ਸਬੰਧੀ ਸੋਮਵਾਰ ਨੂੰ ਮੁਹਾਲੀ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਮੀਤ ਪ੍ਰਧਾਨ ਮੇਹਰ ਸਿੰਘ ਥੇੜੀ ਦੀ ਅਗਵਾਈ ਹੇਠ ਕਿਸਾਨਾਂ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਸੌਂਪਦਿਆਂ ਉਕਤ ਸਮੱਸਿਆ ਪ੍ਰਸ਼ਾਸਨ ਦੇ ਧਿਆਨ ਲਿਆਂਦੀ।
ਯੂਨੀਅਨ ਆਗੂ ਮੇਹਰ ਸਿੰਘ ਥੇੜੀ, ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਦੇਹ ਕਲਾਂ, ਗਿਆਨ ਸਿੰਘ ਧੜਾਕ, ਮੀਤ ਪ੍ਰਧਾਨ ਜਸਵੰਤ ਸਿੰਘ ਭੁੱਖੜੀ, ਸਾਧੂ ਸਿੰਘ, ਮੋਹਨ ਸਿੰਘ ਤੇ ਮਨਜੀਤ ਸਿੰਘ ਨੇ ਦੱਸਿਆ ਕਿ ਖਰੜ ਸੀਵਰੇਜ ਦੇ ਗੰਦੇ ਪਾਣੀ ਦੀ ਰੋਕਥਾਮ ਲਈ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਨਹੀਂ ਕੀਤੇ ਗਏ ਹਨ। ਜਿਸ ਕਾਰਨ ਸੀਵਰੇਜ ਦੇ ਗੰਦੇ ਪਾਣੀ ਨੇ ਚੁੰਨੀ ਤੋਂ ਮੋਰਿੰਡਾ ਸੜਕ ਨੇੜਲੇ ਪਿੰਡਾਂ ਅਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਹੱਦ ਅੰਦਰ ਪਿੰਡ ਨੰਦਪੁਰ ਕਲੌੜ ਤੱਕ ਕਰੀਬ 250 ਏਕੜ ਜ਼ਮੀਨ ਵਿੱਚ ਖੜੀ ਕਿਸਾਨਾਂ ਦੀ ਕਣਕ ਅਤੇ ਸਰੋਂ੍ਹ ਦੀਆਂ ਫਸਲਾਂ ਕਾਫੀ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਖਰੜ ਤੋਂ ਅੱਗੇ ਪੰਚਾਇਤਾਂ ਦੀਆਂ ਸ਼ਾਮਲਾਤ ਜ਼ਮੀਨਾਂ ਵਿੱਚ ਪ੍ਰਸ਼ਾਸਨ ਵੱਲੋਂ ਪਾਣੀ ਸੁੱਟਿਆ ਜਾ ਰਿਹਾ ਹੈ ਪ੍ਰੰਤੂ ਇਸ ਤੋਂ ਅੱਗੇ ਜ਼ਮੀਨ ਮਾਲਕਾਂ ਵੱਲੋਂ ਜ਼ਮੀਨਾਂ ਐਕਵਾਇਰ ਕੀਤੇ ਬਿਨਾਂ ਗੰਦੇ ਪਾਣੀ ਦੀ ਨਿਕਾਸੀ ਲਈ ਅੰਦਰ ਗਰਾਉਂਡ ਜਾਂ ਓਪਨ ਨਾਲੇ ਕੱਢਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਜਿਸ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ।
ਉਧਰ, ਕਿਸਾਨ ਯੂਨੀਅਨ ਨੇ ਡੀਸੀ ਰਾਹੀਂ ਕੇਂਦਰੀ ਰੇਲਵੇ ਮੰਤਰੀ ਦੇ ਨਾਮ ਭੇਜੇ ਮੰਗ ਪੱਤਰ ਵਿੱਚ ਮੰਗ ਕੀਤੀ ਹੈ ਕਿ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਣ ਵਾਲੀ ਟਰੇਨ (ਨੰਬਰ 12411-12412) ਦਾ ਖਰੜ ਰੇਲਵੇ ਸਟੇਸ਼ਨ ’ਤੇ ਠਹਿਰਾਅ ਯਕੀਨੀ ਬਣਾਇਆ ਜਾਵੇ ਕਿਉਂਕਿ ਮੌਜੂਦਾ ਸਮੇਂ ਇਹ ਰੇਲ ਗੱਡੀ ਖਰੜ ਸਟੇਸ਼ਨ ਨਹੀਂ ਰੁਕਦੀ ਹੈ। ਜਿਸ ਕਾਰਨ ਖਰੜ ਸ਼ਹਿਰ ਅਤੇ ਨੇੜਲੇ ਪਿੰਡਾਂ ਦੇ ਵਸਨੀਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਖਰੜ ਸਬ ਡਿਵੀਜ਼ਨ ਦੀ ਆਬਾਦੀ ਕਰੀਬ ਢਾਈ ਲੱਖ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਦੇ ਦਰਸ਼ਨ ਕਰਨ ਅਤੇ ਜਲ੍ਹਿਆਵਾਲਾ ਬਾਗ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ਲੋਕ ਖਰੜ ਤੋਂ ਅੰਮ੍ਰਿਤਸਰ ਜਾਂਦੇ ਹਨ ਪ੍ਰੰਤੂ ਚੰਡੀਗੜ੍ਹ ਅੰਮ੍ਰਿਤਸਰ ਰੇਲ ਖਰੜ ਵਿੱਚ ਨਾ ਰੁਕਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
(ਬਾਕਸ ਆਈਟਮ)
ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਇਲਾਕੇ ਕਿਸਾਨਾਂ ਦੇ ਭਰੋਸਾ ਦਿੱਤਾ ਹੈ ਕਿ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਖਰੜ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਜਾਵੇਗੀ ਅਤੇ ਕਿਸੇ ਸੀਨੀਅਰ ਅਧਿਕਾਰੀ ਨੂੰ ਮੌਕਾ ਦੇਖਣ ਭੇਜਿਆ ਜਾਵੇਗਾ ਅਤੇ ਰਿਪੋਰਟ ਮਿਲਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ਰੇਲ ਗੱਡੀ ਖਰੜ ਸਟੇਸ਼ਨ ’ਤੇ ਰੋਕਣ ਲਈ ਕਿਸਾਨਾਂ ਦੇ ਮੰਗ ਪੱਤਰ ਨਾਲ ਸਰਕਾਰ ਨੂੰ ਸਿਫਾਰਸ਼ ਭੇਜੀ ਜਾਵੇਗੀ।