ਹਰਿਆਣਾ ਦੇ ਮੁੱਖ ਮੰਤਰੀ ਖੱਟਰ ਦਾ ਕਸ਼ਮੀਰੀ ਬੇਟੀਆਂ ਪ੍ਰਤੀ ਦਿੱਤਾ ਬਿਆਨ, ਬੇਹੱਦ ਜਾਹਲਾਨਾਂ ਤੇ ਸ਼ਰਮਨਾਕ: ਬੀਰਦਵਿੰਦਰ

ਜਿਨ੍ਹਾਂ ਨੇ ਧੀਆਂ ਕਦੇ ਤੋਰੀਆਂ ਨਹੀਂ ਤੇ ਨੂੰਹਾਂ ਘਰ ਲਿਆਂਦੀਆਂ ਨਹੀਂ, ਉਨ੍ਹਾਂ ਨੂੰ ਧੀਆਂ ਦੀ ਆਬਰੂ ਦਾ ਕੀ ਅਹਿਸਾਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਗਸਤ:
ਕੇਂਦਰ ਦੀ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ’ਚੋਂ ਸੰਵਿਧਾਨ ਦੀ ਧਾਰਾ 370 ਅਤੇ 35-ਏ ਨੂੰ ਰੱਦ ਕਰਕੇ ਕਸ਼ਮੀਰ ਦੇ ਟੁਕੜੇ-ਟੁਕੜੇ ਕਰਕੇ, ਕਸ਼ਮੀਰ ਪਾਸੋਂ ਪੂਰੇ ਰਾਜ ਦਾ ਦਰਜਾ ਖੋਹ ਲਿਆ ਹੈ। ਉਸ ਦਿਨ ਤੋਂ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂਆਂ ਦੀ ਬਿਮਾਰ ਮਾਨਸਿਕਤਾ ਸਿਰ ਚੜ੍ਹ ਕੇ ਬੋਲ ਰਹੀ ਹੈ ਅਤੇ ਉਹ ਇਨਸਾਨੀ ਇਖ਼ਲਾਕ ਤੋਂ ਡਿੱਗ ਕੇ ਨੀਵੀਂ ਪੱਧਰ ਦੀ ਬਿਆਨਬਾਜ਼ੀ ਕਰ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਸੀਨੀਅਰ ਮੀਤ ਪ੍ਰਧਾਨ ਅਤੇ ਪੰਜਾਬ ਵਿਧਾਨ ਸਭਾ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕੀਤਾ।
ਉਨ੍ਹਾਂ ਕਿਹਾ ਕਿ ਹਰਿਆਣਾ ਪ੍ਰਾਂਤ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਕਸ਼ਮੀਰ ਦੀਆਂ ਬੇਟੀਆਂ ਪ੍ਰਤੀ ਦਿੱਤਾ ਬਿਆਨ, ਬੇਹੱਦ ਜਾਹਲਾਨਾਂ ਤੇ ਸ਼ਰਮਨਾਕ ਹੈ। ਬੜੇ ਅਫ਼ਸੋਸ ਦੀ ਗੱਲ ਹੈ ਕਿ ਸੰਵਿਧਾਨਿਕ ਰੁਤਬਿਆਂ ’ਤੇ ਬਿਰਾਜਮਾਨ ਵਿਅਕਤੀ ਵੀ ਆਪਣੀਆਂ ਸੰਵਿਧਾਨਿਕ ਜ਼ਿੰਮੇਵਾਰੀਆਂ ਦੇ ਨਾਲ ਨਾਲ ਇਨਸਾਨੀਅਤ ਦੇ ਤਕਾਜ਼ਿਆਂ ਦੀ ਮਾਣ-ਮਰਿਆਦਾ ਵੀ ਭੁੱਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਚਾਈ ਤਾਂ ਇਹ ਹੈ ਕਿ ਜਿਨ੍ਹਾਂ ਨੇ ਸ਼ਗਨਾਂ ਤੇ ਅਦਬ ਨਾਲ ਧੀਆਂ ਕਦੇ ਤੋਰੀਆਂ ਨਹੀਂ ਅਤੇ ਨੂੰਹਾਂ ਘਰ ਲਿਆਂਦੀਆਂ ਨਹੀਂ, ਉਨ੍ਹਾਂ ਨੂੰ ਧੀਆਂ ਦੀ ਆਬਰੂ ਅਤੇ ਜ਼ਿੰਦਗੀ ਦੇ ਅਦਬਾਂ ਦਾ ਅਹਿਸਾਸ ਕੀ ਹੋ ਸਕਦਾ ਹੈ।
ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਭਾਜਪਾ ਦੇ ਆਗੂਆਂ ਨੂੰ ਏਨੀ ਕੁ ਸਮਝ ਤਾਂ ਹੋਣੀ ਚਾਹੀਦੀ ਹੈ ਕਿ ਭਾਰਤ ਦੀ ਸੰਸਕ੍ਰਿਤੀ, ਭਾਰਤ ਦੇ ਕਿਸੇ ਵੀ ਖ਼ਿੱਤੇ ਦੀਆਂ ਬੇਟੀਆਂ ਦੀ ‘ਕੁਦਰਤੀ ਸੁੰਦਰਤਾ’ ਨੂੰ ਲੈ ਕੇ ਅਜਿਹੀ ਹੋਛੀ ਤੇ ਘਟੀਆਂ ਬਿਆਨਬਾਜ਼ੀ ਦੀ ਕਤੱਈ ਆਗਿਆ ਨਹੀਂ ਦਿੰਦੀ। ਬੜੇ ਦੁੱਖ ਦੀ ਗੱਲ ਹੈ ਕਿ ‘ਸ੍ਰੀ ਰਾਮ ਕੀ ਜੈ’ ਦੇ ਨਾਅਰੇ ਮਾਰਨ ਵਾਲੇ ਹੀ ‘ਮਰਿਆਦਾ ਪ੍ਰਸ਼ੋਤਮ ਰਾਮ’ ਦੀ ਮਰਿਆਦਾ ਭੁੱਲ ਕੇ ‘ਰਾਵਣ ਬਿਰਤੀ’ ਦਾ ਦਿਖਾਵਾ ਕਰ ਰਹੇ ਹਨ, ਜੋ ਅਤਿ ਨਿੰਦਣਯੋਗ ਹੈ।
(ਬਾਕਸ ਆਈਟਮ)
ਪੰਜਾਬ ਵਿਧਾਨ ਸਭਾ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕਸ਼ਮੀਰੀ ਨੌਜਵਾਨਾਂ, ਬੱਚੇ ਬੱਚੀਆਂ ਅਤੇ ਅੌਰਤਾਂ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸ਼ਲਾਘਾਯੋਗ ਹੈ, ਜੋ ਸਿੱਖ ਜੀਵਨ ਜਾਚ ਦੀ ਖਾਲਸਾਈ ਮਰਿਆਦਾ ਅਨੁਸਾਰ, ਨਾ ਕੇਵਲ ਰਾਹ ਦਸੇਰਾ ਹੈ, ਸਗੋਂ ਵੇਲੇ ਸਿਰ, ਭਾਜਪਾਈਆਂ ਦੀ ਸੁੱਤੀ ਜ਼ਮੀਰ ਨੂੰ ਝੰਜੋੜਨ ਵਾਲਾ ਵੀ ਹੈ।

Load More Related Articles
Load More By Nabaz-e-Punjab
Load More In General News

Check Also

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 4 ਜਨਵਰੀ: ਸ…