
ਪਹਿਲਾਂ ਕਮਿਸ਼ਨਰ ਦਾ ਨਾਂ ਵਰਤ ਕੇ ਕੌਂਸਲਰਾਂ ਨੂੰ ਮੀਟਿੰਗ ਦਾ ਸੁਨੇਹਾ ਲਾਇਆ ਤੇ ਬਾਅਦ ’ਚ ਰੱਦ ਹੋਣ ਦਾ
ਸਿੱਧੂ ਭਰਾਵਾਂ ਦੇ ਭਾਜਪਾ ਵਿੱਚ ਜਾਣ ਨਾਲ ਕੌਂਸਲਰਾਂ ਵਿੱਚ ਭੰਬਲਭੂਸਾ ਬਣਿਆ
‘ਆਪ’ ਦਾ ਦੋਸ਼: ਮੇਅਰ ਨੇ ਬਹੁਗਿਣਤੀ ਕੌਂਸਲਰ ਆਪਣੇ ਨਾਲ ਦਿਖਾਉਣ ਲਈ ਕਮਿਸ਼ਨਰ ਨਾਲ ਨਾਲ ਰੱਖੀ ਸੀ ਮੀਟਿੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੂਨ:
ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਛੋਟੇ ਭਰਾ ਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਸ਼ਹਿਰ ਦੇ ਕੌਂਸਲਰ ਵਿੱਚ ਭੰਬਲਭੂਸਾ ਬਣਿਆ ਹੋਇਆ ਹੈ। ਦੋਵੇਂ ਭਰਾ ਆਪਣੇ ਨਾਲ ਪੁਰਾਣੇ ਵਰਕਰ ਅਤੇ ਸਮਰਥਕ ਤੋਰਨ ਵਿੱਚ ਸਪੱਸ਼ਟ ਫੇਲ੍ਹ ਦਿਖਾਈ ਦੇ ਰਹੇ ਹਨ। ਸਿੱਧੂ ਭਰਾਵਾਂ ਨੇ ਦੋ ਥਾਵਾਂ ’ਤੇ ਕੀਤੀਆਂ ਵੱਖੋ-ਵੱਖ ਮੀਟਿੰਗਾਂ ਵਿੱਚ ਕੁੱਝ ਕੌਂਸਲਰਾਂ ਸ਼ਾਮਲ ਹੋਣ ਦੀ ਖਬਰ ਹੈ। ਇੱਕ ਮੀਟਿੰਗ ਫੇਜ਼-7 ਵਿੱਚ ਕੌਂਸਲਰ ਦੇ ਘਰ ਰੱਖੀ ਗਈ ਸੀ, ਜਦੋਂਕਿ ਦੂਜੀ ਸਿੱਧੂ ਦੇ ਕੁਰਾਲੀ ਫਾਰਮ ਹਾਊਸ ’ਤੇ ਸੱਦੀ ਗਈ ਸੀ। ਸੂਤਰ ਦੱਸਦੇ ਹਨ ਕਿ ਬਹੁਗਿਣਤੀ ਮੈਂਬਰਾਂ ਨੇ ਭਾਜਪਾ ਵਿੱਚ ਜਾਣ ਤੋਂ ਕੋਰਾ ਜਵਾਬ ਦੇ ਦਿੱਤਾ ਹੈ।
ਉਧਰ, ਇਸ ਨਾਮੋਸ਼ੀ ਤੋਂ ਬਚਣ ਲਈ ਕਾਬਜ਼ ਧਿਰ ਨੇ ਮੁਹਾਲੀ ਨਗਰ ਨਿਗਮ ਦਫ਼ਤਰ ਵਿੱਚ ਨਵੇਂ ਕਮਿਸ਼ਨਰ ਨਵਜੋਤ ਕੌਰ ਨਾਲ ਕੌਂਸਲਰਾਂ ਦੀ ਜਾਣ-ਪਛਾਣ ਕਰਵਾਉਣ ਲਈ ਭਲਕੇ 7 ਜੂਨ ਨੂੰ ਮੀਟਿੰਗ ਦਾ ਸੁਨੇਹਾ ਲਾਇਆ ਗਿਆ। ਦਫ਼ਤਰ ਦੇ ਕਰਮਚਾਰੀ ਨੇ ਕਮਿਸ਼ਨਰ ਵੱਲੋਂ ਇਹ ਸੁਨੇਹਾ ਸਿਰਫ਼ ਕਾਂਗਰਸ ਦੇ 37 ਕੌਂਸਲਰਾਂ ਨੂੰ ਹੀ ਲਗਾਇਆ ਗਿਆ ਪ੍ਰੰਤੂ ਜਦੋਂ ਕਮਿਸ਼ਨਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਖ਼ੁਦ ਨੂੰ ਇਸ ਝਮੇਲੇ ਤੋਂ ਦੂਰ ਰੱਖਦਿਆਂ ਮੀਟਿੰਗ ਰੱਦ ਕਰ ਦਿੱਤੀ। ਇਸ ਮਗਰੋਂ ਦਫ਼ਤਰੀ ਸਟਾਫ਼ ਵੱਲੋਂ ਕੌਂਸਲਰਾਂ ਨੂੰ ਮੀਟਿੰਗ ਰੱਦ ਹੋਣ ਦਾ ਦੁਬਾਰਾ ਸੁਨੇਹਾ ਦਿੰਦੇ ਹੋਏ ਦਲੀਲ ਦਿੱਤੀ ਗਈ ਕਿ ਮੰਗਲਵਾਰ ਨੂੰ ਕਮਿਸ਼ਨਰ ਮੈਡਮ ਛੁੱਟੀ ’ਤੇ ਹਨ।
ਇਸ ਸਬੰਧੀ ਸੰਪਰਕ ਕਰਨ ’ਤੇ ਕਮਿਸ਼ਨਰ ਨਵਜੋਤ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਕੌਂਸਲਰਾਂ ਦੀ ਮੀਟਿੰਗ ਨਹੀਂ ਸੱਦੀ ਗਈ ਸੀ ਅਤੇ ਨਾ ਹੀ ਉਨ੍ਹਾਂ ਨੇ ਸੁਨੇਹੇ ਲਾਏ ਗਏ ਹਨ। ਮਹਿਲਾ ਅਧਿਕਾਰੀ ਨੇ ਕਿਹਾ ਕਿ ਕੌਂਸਲਰਾਂ ਦੀ ਮੀਟਿੰਗ ਅਤੇ ਸੁਨੇਹੇ ਲਾਏ ਜਾਣ ਬਾਰੇ ਬਹੁਤ ਵੱਡਾ ਭੰਬਲਭੂਸਾ ਹੈ। ਜਦੋਂਕਿ ਦੂਜੇ ਪਾਸੇ ਆਮ ਆਦਮੀ ਪਾਰਟੀ (ਆਪ) ਦੇ ਕੌਂਸਲਰਾਂ ਅਤੇ ਆਗੂਆਂ ਨੇ ਕਿਹਾ ਕਿ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਮੇਅਰ ਜੀਤੀ ਸਿੱਧੂ ਨੇ ਬੜੀ ਚਲਾਕੀ ਨਾਲ ਬਹੁਗਿਣਤੀ ਮੈਂਬਰ ਆਪਣੇ ਨਾਲ ਦਿਖਾਉਣ ਲਈ ਕਮਿਸ਼ਨਰ ਨਾਲ ਮੀਟਿੰਗ ਰੱਖੀ ਗਈ ਸੀ।
ਮੁਹਾਲੀ ਨਗਰ ਨਿਗਮ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸਵ ਜੈਨ, ਮੈਂਬਰ ਨਰਪਿੰਦਰ ਸਿੰਘ ਰੰਗੀ ਅਤੇ ਜਸਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਨੂੰ ਨਿਗਮ ਦਫ਼ਤਰ ਵੱਲੋਂ ਪਹਿਲਾਂ ਇਹ ਸੁਨੇਹਾ ਲਾਇਆ ਗਿਆ ਕਿ ਭਲਕੇ 7 ਜੂਨ ਨੂੰ ਨਵੇਂ ਕਮਿਸ਼ਨਰ ਨਾਲ ਜਾਣ-ਪਛਾਣ ਕਰਨ ਲਈ ਮੀਟਿੰਗ ਸੱਦੀ ਗਈ ਹੈ ਪ੍ਰੰਤੂ ਸ਼ਾਮ ਨੂੰ ਇਹ ਕਮਿਸ਼ਨਰ ਦਫ਼ਤਰ ’ਚੋਂ ਦੁਬਾਰਾ ਸੁਨੇਹਾ ਮੀਟਿੰਗ ਰੱਦ ਹੋਣ ਦਾ ਲਾਇਆ ਗਿਆ। ਜੈਨ ਨੇ ਦੱਸਿਆ ਕਿ ਇਹ ਸੁਨੇਹੇ ਸਿਰਫ਼ ਕਾਬਜ਼ ਧਿਰ ਦੇ ਕੌਂਸਲਰਾਂ ਨੂੰ ਹੀ ਲਗਾਏ ਗਏ ਜਦੋਂਕਿ ਵਿਰੋਧੀ ਧਿਰ ਨੂੰ ਵੀ ਸੁਨੇਹੇ ਲਾਏ ਜਾਣੇ ਚਾਹੀਦੇ ਸਨ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਕਾਫ਼ੀ ਕੌਂਸਲਰ ਆਪ ਦੇ ਵਿਧਾਇਕ ਕੁਲਵੰਤ ਸਿੰਘ ਵੱਲ ਨਜ਼ਰਾਂ ਟਿਕਾਈ ਬੈਠੇ ਹਨ ਕਿ ਉਹ ਮੇਅਰ ਨੂੰ ਪਲਟਾ ਦੇਣ ਲਈ ਕਿਹੜੀ ਰਣਨੀਤੀ ਬਣਾਉਂਦੇ ਹਨ। ਕਾਂਗਰਸ ਦੀ ਪੰਜਾਬ ਵਿੱਚ ਹੋ ਰਹੀ ਮੰਦੀ ਹਾਲਤ ਨੂੰ ਦੇਖਦਿਆਂ ਬਹੁਤੇ ਕਾਂਗਰਸੀ ਕੌਂਸਲਰ ਹੁਣ ਆਪ ਵੱਲ ਨਰਮ ਰਵੱਈਆ ਰੱਖ ਕੇ ਚੱਲ ਰਹੇ ਹਨ। ਕਾਂਗਰਸੀ ਕੌਂਸਲਰਾਂ ਦੇ ਤਿੰਨ ਖੇਮਿਆਂ ਵਿੱਚ ਵੰਡੇ ਜਾਣ ਤੋਂ ਮੌਜੂਦਾ ਮੇਅਰ ਇਸ ਤਸੱਲੀ ਵਿੱਚ ਹਨ ਕਿ ਉਨ੍ਹਾਂ ਨੂੰ ਲਾਹੁਣ ਲਈ 2/3 ਬਹੁਮਤ ਭਾਵ 34 ਕੌਂਸਲਰਾਂ ਦੀ ਵੋਟ ਚਾਹੀਦੀ ਹੈ ਜੋ ਆਮ ਆਦਮੀ ਪਾਰਟੀ ਕੋਲ ਨਹੀਂ ਬਣ ਸਕੇਗੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 7 ਤੋਂ 8 ਕੌਂਸਲਰ ਸਿੱਧੂ ਭਰਾਵਾਂ ਨਾਲ ਖੜ ਸਕਦੇ ਹਨ। ਜਦੋਂਕਿ ਇੱਕ ਵੱਡਾ ਗਰੁੱਪ ਆਪਣੀ ਕਿਸਮਤ ਆਮ ਆਦਮੀ ਪਾਰਟੀ ਨਾਲ ਜੋੜਨ ਦੇ ਰੌਂਅ ਵਿੱਚ ਹੈ। ਪਤਾ ਲੱਗਾ ਹੈ ਕਿ ਵਿਧਾਇਕ ਕੁਲਵੰਤ ਸਿੰਘ ਵੀ ਇਨ੍ਹਾਂ ਹਾਲਾਤਾਂ ’ਤੇ ਨੇੜਿਓਂ ਤਿੱਖੀ ਨਜ਼ਰ ਰੱਖ ਰਹੇ ਹਨ ਅਤੇ ਉਹ ਕੌਂਸਲਰਾਂ ਨਾਲ ਪੂਰੀ ਤਰ੍ਹਾਂ ਨਾਲ ਤਾਲਮੇਲ ਬਣਾ ਕੇ ਚੱਲ ਰਹੇ ਹਨ। ਜੇਕਰ ਆਪ ਕੋਲ 34 ਕੌਂਸਲਰ ਨਹੀਂ ਹੁੰਦੇ ਤਾਂ ਉਸ ਹਾਲਤ ਵਿੱਚ ਕਾਂਗਰਸ ਨਾਲ ਖੜ੍ਹਨ ਵਾਲੇ ਕੌਂਸਲਰ ਆਪ ਨਾਲ ਸਹਿਯੋਗ ਕਰਦੇ ਹਨ ਜਾਂ ਨਹੀਂ। ਇਹ ਸਥਿਤੀ ਵੀ ਸਪੱਸ਼ਟ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ।