nabaz-e-punjab.com

ਸਰਕਾਰੀ ਪ੍ਰਾਇਮਰੀ ਸਕੂਲ ਕਾਂਸਲ ਦਾ ਮੁੱਖ ਅਧਿਆਪਕ ਐੱਨ.ਡੀ. ਤਿਵਾੜੀ ਮੁਅੱਤਲ

ਅਧਿਆਪਕ ਵਿੱਚ ਭਾਰੀ ਰੋਸ, ਮੁਅੱਤਲੀ ਰੱਦ ਨਾ ਹੋਣ ਦੀ ਸੂਰਤ ਵਿੱਚ ਤਿੱਖਾ ਸੰਘਰਸ਼ ਵਿੱਢਣ ਦੀ ਚਿਤਾਵਨੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੁਲਾਈ:
ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਵੱਲੋਂ ਅੱਜ ਇਕ ਪੱਤਰ ਜਾਰੀ ਕਰਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਕਾਂਸਲ ਦੇ ਮੁੱਖ ਅਧਿਆਪਕ ਅਤੇ ਮੁਲਾਜ਼ਮ ਆਗੂ ਨਰਾਇਣ ਦੱਤ ਤਿਵਾੜੀ ਪ੍ਰਬੰਧਕੀ ਕਾਰਨਾਂ ਕਰਕੇ ਤਤਕਾਲ ਸਮੇਂ ਤੋਂ ਮੁਅੱਤਲ ਕਰ ਦਿੱਤਾ ਗਿਆ ਗਿਆ ਹੈ। ਜਿਸ ਕਾਰਨ ਨਾਲ ਅਧਿਆਪਕ ਵਰਗ ਵਿੱਚ ਭਾਰੀ ਰੋਸ ਦੀ ਲਹਿਰ ਫੈਲ ਗਈ ਹੈ ਅਤੇ ਅਧਿਆਪਕ ਜਥੇਬੰਦੀਆਂ ਅਤੇ ਸਰਕਾਰ ਵਿਚਕਾਰ ਟਕਰਾਅ ਦੇ ਅਸਾਰ ਬਣ ਗਏ ਹਨ। ਅਧਿਆਪਕਾਂ ਦਾ ਕਹਿਣਾ ਹੈ ਕਿ ਤਿਵਾੜੀ ਉੱਤੇ ਕੋਈ ਗੰਭੀਰ ਦੋਸ਼ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਦੇ ਖ਼ਿਲਾਫ਼ ਕੋਈ ਸ਼ਿਕਾਇਤ ਹੈ। ਮੁੱਖ ਅਧਿਆਪਕ ਦਾ ਕਸੂਰ ਕੇਵਲ ਏਨਾ ਹੈ ਕਿ ਉਹ ਮੁਲਾਜ਼ਮ ਮੰਗਾਂ ਲਈ ਮੂਹਰੇ ਹੋ ਕੇ ਸੰਘਰਸ਼ ਵਿੱਚ ਸ਼ਾਮਲ ਹੁੰਦੇ ਹਨ।
ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਆਗੂਆਂ ਹਰਜੀਤ ਸਿੰਘ ਬਸੋਤਾ, ਸੁਖਵਿੰਦਰ ਸਿੰਘ ਚਾਹਲ, ਦਵਿੰਦਰ ਸਿੰਘ ਪੂਨੀਆ, ਹਰਜਿੰਦਰ ਪਾਲ ਪੰਨੂੰ, ਬਲਕਾਰ ਸਿੰਘ ਵਲਟੋਹਾ, ਬਲਜੀਤ ਸਿੰਘ ਸਲਾਣਾ, ਹਰਦੀਪ ਸਿੰਘ ਟੋਡਰਪੁਰ, ਜਸਵਿੰਦਰ ਸਿੰਘ ਅੌਜਲਾ, ਹਾਕਮ ਸਿੰਘ, ਦਲਜੀਤ ਸਿੰਘ ਸਫੀਪੁਰ, ਰਣਜੀਤ ਸਿੰਘ ਰਬਾਬੀ, ਅਮਰਜੀਤ ਕੰਬੋਜ, ਹਰਜੀਤ ਜੁਨੇਜਾ, ਕਰਮਿੰਦਰ ਸਿੰਘ ਅਤੇ ਵਿਨੀਤ ਕੁਮਾਰ ਆਦਿ ਨੇ ਮੋਹਾਲੀ ਜਿਲ੍ਹੇ ਤੋਂ ਸੰਘਰਸ਼ ਕਮੇਟੀ ਦੇ ਆਗੂ ਨਰਾਇਣ ਦੱਤ ਤਿਵਾੜੀ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਵੱਲੋਂ ਅਧਿਆਪਕਾਂ ਦੇ ਸੰਘਰਸ਼ਾਂ ਦੌਰਾਨ ਆਗੂ ਵਜੋਂ ਸਰਗਰਮ ਭੂਮਿਕਾ ਨਿਭਾਉਣ ਕਾਰਨ ਨਿਸ਼ਾਨੇ ‘ਤੇ ਲੈਂਦਿਆਂ ਮੁਅੱਤਲ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਇਸ ਮੁਅੱਤਲੀ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਆਗੂਆਂ ਨੇ ਅਧਿਆਪਕ ਆਗੂ ਨਰਾਇਣ ਦੱਤ ਤਿਵਾੜੀ ਦੀਆਂ ਅਧਿਆਪਕ ਵਜੋਂ ਕੀਤੀਆਂ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਕਾਂਸਲ ਵਿੱਚ ਸਾਲ 2007 ਦੌਰਾਨ ਹਾਜ਼ਰ ਹੋਣ ਤੋਂ ਬਾਅਦ ਵਿਦਿਆਰਥੀਆਂ ਦੀ ਗਿਣਤੀ 95 ਤੋਂ ਵੱਧ ਕੇ 218 ਤੱਕ ਪਹੁੰਚ ਚੁੱਕੀ ਹੈ। ਸਕੂਲ ਦੀ ਕਾਇਆ ਕਲਪ ਕਰਦਿਆਂ ਇਨ੍ਹਾਂ ਵੱਲੋਂ ਪ੍ਰੀ ਪ੍ਰਾਇਮਰੀ ਦੇ ਵਿਦਿਆਰਥੀਆਂ ਲਈ ਨਵੀਂ ਇਮਾਰਤ ਤੇ ਆਪਣੇ ਪੱਧਰ ’ਤੇ ਵਰਦੀਆਂ ਮੁਹੱਈਆ ਕਰਵਾਉਣ ਤੋਂ ਲੈ ਕੇ ਸਕੂਲ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਹੈ।
ਸਟੇਟ ਪੱਧਰ ਦੇ ਖਿਡਾਰੀ ਰਹਿ ਚੁੱਕੇ ਨਰਾਇਣ ਦੱਤ ਤਿਵਾੜੀ ਦੀ ਪੇ੍ਰਰਨਾ ਅਤੇ ਸਿਖਲਾਈ ਸਦਕਾ ਹੀ ਸਕੂਲ ਦੀ ਇੱਕ ਵਿਦਿਆਰਥਣ ਬੀਤੇ ਦਿਨੀਂ ਅੰਮ੍ਰਿਤਸਰ ਵਿਖੇ ਹੋਈਆਂ ਸਕੂਲ ਖੇਡਾਂ ਵਿੱਚ ਸਰਵੋਤਮ ਐਥਲੀਟ ਦਾ ਤਗਮਾ ਜਿੱਤ ਕੇ ਇਲਾਕੇ ਦਾ ਨਾਂ ਰੋਸ਼ਨ ਕਰ ਚੁੱਕੀ ਹੈ। ਆਗੂਆਂ ਨੇ ਦੱਸਿਆ ਕਿ ਅਜਿਹੇ ਮਿਹਨਤੀ ਅਤੇ ਉੱਦਮੀ ਅਧਿਆਪਕ ਦੀ ਮੁਅੱਤਲੀ ਹੋਣ ਕਾਰਨ ਅਧਿਆਪਕ ਵਰਗ ਵਿੱਚ ਪਾਏ ਜਾ ਰਹੇ ਸਖ਼ਤ ਰੋਸ ਤੋਂ ਸਿੱਖਿਆ ਮੰਤਰੀ ਪੰਜਾਬ ਨੂੰ ਜਾਣੂ ਕਰਵਾਇਆ ਜਾਵੇਗਾ ਅਤੇ ਅਧਿਆਪਕ ਆਗੂ ਦੀ ਮੁਅੱਤਲੀ ਰੱਦ ਕਰਨ ਦੀ ਮੰਗ ਦੇ ਨਾਲ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਨੂੰ ਜ਼ਿਲ੍ਹਾ ਮੁਹਾਲੀ ’ਚੋਂ ਤਬਦੀਲ ਕਰਨ ਦੀ ਮੰਗ ਕੀਤੀ ਜਾਵੇਗੀ। ਆਗੂਆਂ ਨੇ ਮੁਅੱਤਲੀ ਰੱਦ ਨਾ ਹੋਣ ਦੀ ਸੂਰਤ ਵਿੱਚ ਜਲਦ ਤਿੱਖਾ ਸੰਘਰਸ਼ ਵਿੱਢਣ ਦੀ ਚੇਤਾਵਨੀ ਵੀ ਦਿੱਤੀ। ਇਸ ਮੌਕੇ ਅਧਿਆਪਕ ਆਗੂ ਸੁਰਜੀਤ ਸਿੰਘ, ਗੁਰਜੀਤ ਸਿੰਘ, ਗੁਰਸੇਵਕ ਸਿੰਘ, ਧਰਮਿੰਦਰ ਠਾਕਰੇ, ਸੁਖਵਿੰਦਰ ਸਿੰਘ ਅਤੇ ਰਵਿੰਦਰ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੰਪਿਊਟਰ ਅਧਿਆਪਕਾਂ ਨੂੰ ਹੱਕੀ ਮੰਗਾਂ ਪੂਰੀਆਂ ਹੋਣ ਦੀ ਆਸ ਬੱਝੀ, ਸਿੱਖਿਆ ਮੰਤਰੀ ਨੇ ਵਫ਼ਦ ਨੂੰ ਦਿੱਤਾ ਭਰੋਸਾ

ਕੰਪਿਊਟਰ ਅਧਿਆਪਕਾਂ ਨੂੰ ਹੱਕੀ ਮੰਗਾਂ ਪੂਰੀਆਂ ਹੋਣ ਦੀ ਆਸ ਬੱਝੀ, ਸਿੱਖਿਆ ਮੰਤਰੀ ਨੇ ਵਫ਼ਦ ਨੂੰ ਦਿੱਤਾ ਭਰੋਸਾ…