nabaz-e-punjab.com

ਸਕੂਲੀ ਬੱਚਿਆਂ ਤੋਂ ਸਫ਼ਾਈ ਕਰਵਾਉਣ ਦੇ ਦੋਸ਼ ਵਿੱਚ ਹੈੱਡ ਟੀਚਰ ਮੁਅੱਤਲ

ਸਾਂਝਾ ਅਧਿਆਪਕ ਮੋਰਚਾ ਵੱਲੋਂ ਅਧਿਆਪਕਾ ਨੂੰ ਬਹਾਲ ਕਰਨ ਦੀ ਮੰਗ, ਸਵੱਛ ਭਾਰਤ ਮੁਹਿੰਮ ਦਾ ਬਾਈਕਾਟ ਕਰਨ ਦਾ ਐਲਾਨ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜਨਵਰੀ:
ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੂਬਾ ਕਨਵੀਨਰ ਸੁਖਵਿੰਦਰ ਚਾਹਲ, ਕੁਲਵੰਤ ਸਿੰਘ ਗਿੱਲ, ਭੁਪਿੰਦਰ ਵੜੈਚ, ਬਲਕਾਰ ਸਿੰਘ ਵਲਟੋਹਾ, ਕੋ-ਕਨਵੀਨਰ ਸੁਖਰਾਜ ਸਿੰਘ ਕਾਹਲੋਂ, ਦੀਦਾਰ ਸਿੰਘ ਮੁੱਦਕੀ, ਗੁਰਜਿੰਦਰ ਪਾਲ ਸਿੰਘ, ਗੁਰਵਿੰਦਰ ਸਿੰਘ ਤਰਨਤਾਰਨ ਅਤੇ ਅੰਮ੍ਰਿਤਪਾਲ ਸਿੱਧੂ ਨੇ ਸਾਂਝੇ ਬਿਆਨ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਾਬਾ ਸ੍ਰੀ ਚੰਦ ਬਲਾਕ ਮਾਂਗਟ ਨੇੜੇ ਮੁੰਡੀਆਂ ਕਲਾਂ, ਜ਼ਿਲ੍ਹਾ ਲੁਧਿਆਣਾ ਵਿਖੇ ਬੱਚਿਆਂ ਤੋਂ ਸਕੂਲ ਦੀ ਸਫਾਈ ਕਰਵਾਉਣ ਦੇ ਦੋਸ਼ ਵਿੱਚ ਸਕੂਲ ਦੀ ਹੈੱਡ ਟੀਚਰ ਚਰਨਜੀਤ ਕੌਰ ਦੀ ਮੁਅੱਤਲੀ ਅਤੇ ਦੂਜੀ ਅਧਿਆਪਕਾ ਸਵੀਤਾ ਰਾਣੀ ਦੀ ਬਦਲੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਹਨਾਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਹਨਾਂ ਅਧਿਅਪਕਾਵਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ ਅਤੇ ਬਦਲੀ ਰੱਦ ਕੀਤੀ ਜਾਵੇ ਅਤੇ ਅਣਪਛਾਤੇ ਵਿਅਕਤੀਆਂ ਵਲੋਂ ਸਕੂਲ ਅੰਦਰ ਦਾਖਲ ਹੋ ਕੇ ਵੀਡੀਓਗਰਾਫੀ ਕਰਨ, ਡਿਊਟੀ ਦੌਰਾਨ ਮਹਿਲਾ ਅਧਿਆਪਕਾਵਾਂ ਨੂੰ ਡਰਾਉਣ ਧਮਕਾਉਣ, ਸ਼ਾਨ ਦੇ ਖਿਲਾਫ ਅਪਸ਼ਬਦ ਬੋਲਣ ਅਤੇ ਪ੍ਰਧਾਨ ਮੰਤਰੀ ਵਲੋਂ ਸ਼ੁਰੂ ਕੀਤੇ ਸਫਾਈ ਅਭਿਆਨ ਨੂੰ ਰੋਕਣ ਤੇ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਮੀਡੀਆ ਨੂੰ ਸਕੂਲਾਂ ਅੰਦਰ ਆ ਰਹੀਆਂ ਅਨੇਕਾਂ ਸਮੱਸਿਆਵਾਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ ਨਾ ਕਿ ਬਗੈਰ ਮੁਢਲੇ ਢਾਂਚੇ ਤੋਂ ਚੱਲ ਰਹੇ ਸਰਕਾਰੀ ਸਕੂਲਾਂ ਅਤੇ ਕੰਮ ਕਰ ਰਹੇ ਅਧਿਆਪਕਾਂ ਨੂੰ ਬਦਨਾਮ ਕਰਨਾ ਚਾਹੀਦਾ ਹੈ।ਆਗੂਆਂ ਨੇ ਅੱਗੇ ਸਵਾਲ ਕੀਤਾ ਇਹੀ ਮੀਡੀਆ ਘਰਾਣਾ ਕਦੇ ਇਹ ਕਿੳਂ ਨਹੀਂ ਦੱਸਦਾ ਕਿ ਪੰਜਾਬ ਦੇ ਕਿੰਨੇ ਸਕੂਲਾਂ ਵਿੱਚ ਮੁਢਲੀਆਂ ਸਹੂਲਤਾਂ ਦੇ ਨਾਲ਼ ਨਾਲ਼ ਅਧਿਆਪਕਾਂ ਦੀਆਂ ਹਜ਼ਾਰਾਂ ਹੀ ਅਸਾਮੀਆਂ ਖਾਲੀ ਹਨ ਤੇ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਵਿੱਚੋਂ ਕਿੰਨਿਆਂ ਵਿੱਚ ਸਫਾਈ ਸੇਵਕ ਦੀਆਂ ਅਸਾਮੀਆਂ ਸਰਕਾਰ ਵਲੋਂ ਦਿੱਤੀਆਂ ਗਈਆਂ ਹਨ ਅਤੇ ਇੰਨੀਆਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਵੀ ਅਧਿਆਪਕ ਵੱਧ ਕੰਮ ਦਾ ਬੋਝ ਕਿਵੇਂ ਚੁੱਕ ਰਹੇ ਹਨ।ਆਗੂਆਂ ਨੇ ਅੱਗੇ ਕਿਹਾ ਕਿ ਇਹੀ ਮੀਡੀਆ ਘਰਾਣਾ ਪਿਛਲੀ ਸਰਕਾਰ ਦੇ 10 ਸਾਲਾ ਕਾਰਜਕਾਲ ਦੌਰਾਨ ਲੋਕ ਵਿਰੋਧੀ ਕੰਮਾਂ ਨੂੰ ਵੀ ਲੋਕ ਹਿਤੈਸ਼ੀ ਬਣਾ ਕੇ ਲੋਕਾਂ ਅੱਗੇ ਪੇਸ਼ ਕਰਦਾ ਰਿਹਾ ਹੈ ਤੇ ਪਿਛਲੇ 10 ਸਾਲਾਂ ਦੌਰਾਨ ਲੋਕਾਂ ਤੇ ਹੋਏ ਅੰਨ੍ਹੇਵਾਹ ਤਸ਼ੱਦਦ ਦੀ ਕਦੇ ਕੋਈ ਰਿਪੋਰਟਿੰਗ ਨਹੀਂ ਕੀਤੀ।ਆਗੂਆਂ ਨੇ ਅੱਗੇ ਹੋਰ ਸਵਾਲ ਕੀਤਾ ਜਦੋਂ ਪਿੱਛੇ ਜਿਹੇ ਸਾਬਕਾ ਮੰਤਰੀ ਦੀ ਅਸ਼ਲੀਲ ਵੀਡੀਓ ਜੱਗ ਜਾਹਰ ਹੋਈ ਸੀ ਉਦੋਂ ਕੋਈ ਵੀ ਖਬਰ ਇਸ ਚੈਨਲ ਤੇ ਦੇਖਣ ਨੂੰ ਨਹੀਂ ਮਿਲੀ ਜਦੋਂ ਕਿ ਓਸ ਨੂੰ ਪੰਥ ਵਿੱਚੋਂ ਵੀ ਛੇਕਿਆ ਜਾ ਚੁੱਕਾ ਸੀ।
ਆਗੂਆਂ ਨੇ ਅੱਗੇ ਅਫ਼ਸਰਸ਼ਾਹੀ ਨੂੰ ਵੀ ਸਵਾਲ ਕੀਤਾ ਕਿ ਅਧਿਆਪਕ ਤੇ ਕਾਰਵਾਈ ਕਰਨ ਤੋਂ ਪਹਿਲਾਂ ਇਸ ਗੱਲ ਦਾ ਗੌਰ ਕਿਉਂ ਨਹੀਂ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਦੇ ਸਵੱਛ ਭਾਰਤ ਮਿਸ਼ਨ ਤਹਿਤ ਜਦੋਂ ਇਹਨਾਂ ਹੀ ਅਫਸਰਾਂ ਵਲੋਂ ਬੱਚਿਆਂ ਤੋਂ ਸਫਾਈ ਸੰਬੰਧੀ ਚੁੱਕੀ ਸਹੁੰ ਅਤੇ ਸਫਾਈ ਕਰਦੇ ਬੱਚਿਆਂ ਦੀਆਂ ਤਸਵੀਰਾਂ ਵੀ ਮੰਗਵਾਈਆਂ ਜਾਂਦੀਆਂ ਹਨ ਤਾਂ ਕਨੂੰਨ ਕਿੱਥੇ ਜਾਂਦਾ ਹੈ। ਦੂਜਾ ਜਦੋਂ ਪੰਜਾਬ ਦੇ ਲਗਭਗ ਸਾਰੇ ਪ੍ਰਾਇਮਰੀ ਸਕੂਲਾਂ ਵਿੱਚ ਸਫਾਈ ਸੇਵਕ ਦੀ ਅਸਾਮੀ ਹੀ ਸਰਕਾਰ ਵਲੋਂ ਨਹੀਂ ਦਿੱਤੀ ਗਈ ਤਾਂ ਸਫ਼ਾਈ ਕਿਵੇਂ ਕਰਵਾਈ ਜਾ ਸਕਦੀ ਹੈ ਜਦੋਂ ਸਰਕਾਰ ਵਲੋਂ ਕੋਈ ਗਰਾਂਟ ਵੀ ਸਫਾਈ ਵਾਸਤੇ ਨਹੀਂ ਦਿੱਤੀ ਜਾਂਦੀ। ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ ਨੇ ਉੱਚ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅਧਿਆਪਕਾਵਾਂ ਦੀ ਮੁਅੱਤਲੀ ਅਤੇ ਬਦਲੀ ਰੱਦ ਨਾ ਕੀਤੀ ਗਈ ਅਤੇ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਤਾਂ ਇਸ ਫੈਸਲੇ ਖਿਲਾਫ ਸਾਂਝਾ ਅਧਿਆਪਕ ਮੋਰਚਾ ਫੈਸਲਾਕੁੰਨ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗਾ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…