Nabaz-e-punjab.com

ਤਿੰਨ ਰੋਜ਼ਾ ਸੂਬਾ ਪੱਧਰੀ ਅਰੋਗਿਆ ਮੇਲਾ ਸਮਾਪਤ, ਅਖੀਰਲੇ ਦਿਨ 2415 ਮਰੀਜ਼ਾਂ ਦੀ ਕੀਤੀ ਜਾਂਚ

ਸਿਹਤਮੰਦ ਜੀਵਨ ਲਈ ਹਰੇਕ ਵਿਅਕਤੀ ਨੂੰ ਯੋਗ ਅਪਣਾਉਣ ਦੀ ਲੋੜ: ਡਾ. ਸ਼ਰਮਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਕਤੂਬਰ:
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਇੱਥੇ ਪੁੱਡਾ ਭਵਨ ਮੈਦਾਨ ਫ਼ੇਜ਼-8 ਵਿਖੇ ਕਰਵਾਇਆ ਜਾ ਰਿਹਾ ਤਿੰਨ ਦਿਨਾ ਆਰੋਗਿਆ ਮੇਲਾ ਅੱਜ ਸਮਾਪਤ ਹੋ ਗਿਆ। ਮੇਲੇ ਦੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਗੁਰੂ ਰਵੀਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਵਾਈਸ ਚਾਂਸਲਰ ਡਾ. ਬੀਕੇ ਸ਼ਰਮਾ ਕੌਸ਼ਿਕ ਸਨ, ਜਦੋਂਕਿ ਵਿਸ਼ੇਸ਼ ਮਹਿਮਾਨਾਂ ਵਜੋਂ ਰਜਿਸਟਰਾਰ ਡਾ. ਤੇਜਿੰਦਰ ਸਿੰਘ, ਸੰਯੁਕਤ ਡਾਇਰੈਕਟਰ ਡਾ. ਬਖਸ਼ੀਸ਼ ਸਿੰਘ, ਸੰਯੁਕਤ ਡਾਇਰੈਕਟਰ ਡਾ. ਨੇਕੀ ਵਰਮਾ, ਪ੍ਰਿੰਸੀਪਲ ਸਰਕਾਰੀ ਆਯੁਰਵੈਦਿਕ ਕਾਲਜ ਪਟਿਆਲਾ ਪ੍ਰੋਫੈਸਰ ਡਾ. ਹਰਵਿੰਦਰ ਗਰੋਵਰ, ਡੀਐਚਓ ਡਾ. ਨੀਰਜਾ ਸ਼ਰਮਾ, ਡਾ. ਕੇ.ਕੇ. ਚੋਪੜਾ ਅਤੇ ਡਾ. ਵਿਕਰਮ ਗੋਇਲ ਮੌਜੂਦ ਸਨ। ਸਮਾਪਤੀ ਸਮਾਰੋਹ ਦੀ ਸ਼ੁਰੂਆਤ ਕੌਮੀ ਗੀਤ ਨਾਲ ਹੋਈ। ਡਾਇਰੈਕਟਰ ਆਯੂਰਵੈਦਾ ਪੰਜਾਬ ਡਾ. ਰਾਕੇਸ਼ ਸ਼ਰਮਾ ਅਤੇ ਰਜਿਸਟਰਾਰ ਡਾ. ਸੰਜੀਵ ਗੋਇਲ ਨੇ ਮੁੱਖ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਮੁੱਖ ਮਹਿਮਾਨ ਡਾ. ਕੌਸ਼ਿਕ ਨੇ ਮੇਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਿਹਤਮੰਦ ਰਹਿਣ ਲਈ ਕੁਦਰਤ ਅਨੁਸਾਰ ਖਾਣ-ਪੀਣ ਅਤੇ ਵਿਹਾਰ ਕਰਨਾ ਲਾਭਕਾਰੀ ਹੈ।
ਡਾਇਰੈਕਟਰ ਆਯੁਰਵੈਦਾ ਡਾ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਵਿੱਚ 2 ਹੋਰ ਨਵੇਂ 50 ਬਿਸਤਰਿਆਂ ਦੇ ਆਯੂਸ਼ ਹਸਪਤਾਲ ਖੋਲ੍ਹੇ ਜਾਣਗੇ। ਉਨ੍ਹਾਂ ਦੱਸਿਆ ਕਿ ਆਯੁਰਵੈਦਾ ਨਾਲ ਬਹੁਤ ਹੀ ਗੰਭੀਰ ਬਿਮਾਰੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਥੈਲੇਸੀਮੀਆ ਵਰਗੀ ਘਾਤਕ ਬਿਮਾਰੀ ’ਤੇ ਕਾਬੂ ਪਾਉਣ ਲਈ ਵੀ ਆਯੁਰਵੈਦਿਕ ਪੱਧਤੀ ਬਹੁਤ ਕਾਰਗਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਲੋਕਾਂ ਦੀ ਭਲਾਈ ਲਈ ਆਉਣ ਵਾਲੇ ਸਮੇਂ ਵਿੱਚ ਵਿਭਾਗ ਵੱਲੋ ਹੋਰ ਵੀ ਆਰੋਗਿਆ ਮੇਲੇ ਲਾਏ ਜਾਣਗੇ।
ਐਮਡੀ (ਮਨੋ ਵਿਗਿਆਨ) ਡਾ. ਵਿਕਰਮ ਗੋਇਲ ਨੇ ਮਾਨਸਿਕ ਰੋਗਾਂ ਨਾਲ ਨਜਿੱਠਣ ਵਿੱਚ ਯੋਗ ਦੇ ਮਹੱਤਵ ਨੂੰ ਦਰਸਾਇਆ। ਸਿਹਤ ਮੇਲੇ ਵਿੱਚ ਆਮ ਲੋਕਾਂ ਨੂੰ ਜੜ੍ਹੀਆਂ ਬੂਟੀਆਂ ਵਾਲੇ ਪੌਦੇ ਮੁਫ਼ਤ ਦਿੱਤੇ ਗਏ। ਇਸ ਮੇਲੇ ਵਿੱਚ ਆਯੁਰਵੈਦਿਕ ਡਾਕਟਰਾਂ ਨੇ 1578, ਯੂਨਾਨੀ ਮਾਹਿਰਾਂ ਨੇ 310 ਅਤੇ ਹੋਮਿਓਪੈਥੀ ਦੇ ਡਾਕਟਰਾਂ ਨੇ 527 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਦਵਾਈਆਂ ਮੁਫ਼ਤ ਦਿੱਤੀਆਂ। ਇਸ ਦੇ ਨਾਲ ਹੀ ਲੋਕਾਂ ਨੂੰ ਯੋਗਾ ਨੂੰ ਆਪਣੀ ਜੀਵਨ-ਸ਼ੈਲੀ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਯੋਗਾ ਕਰਨ ਦੇ ਤਰੀਕੇ ਵੀ ਸਿਖਾਏ ਗਏ। ਆਯੁਰਵੈਦਿਕ/ਹੋਮਿਓਪੈਥਿਕ ਅਤੇ ਯੂਨਾਨੀ ਦੇ ਮਾਹਿਰ ਡਾਕਟਰਾਂ ਵੱਲੋ ਵੱਖ ਵੱਖ ਵਿਸ਼ਿਆਂ ’ਤੇ ਲੈਕਚਰ ਦਿੱਤੇ ਗਏ, ਜਿਸ ਦਾ ਆਏ ਹੋਏ ਕਾਲਜਾਂ ਦੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੇ ਭਰਪੂਰ ਲਾਭ ਉਠਾਇਆ।
ਭਾਰਤ ਸਰਕਾਰ ਵੱਲੋ ਆਈਆਂ ਵੱਖ ਵੱਖ ਕੌਂਸਲਾਂ ਵੱਲੋ ਦਵਾਈਆਂ ਦੀ ਜਾਣਕਾਰੀ ਅਤੇ ਆਯੁਰਵੈਦਾ ਦੇ ਪ੍ਰਸਾਰ ਲਈ ਸਟਾਲਾਂ ਵਿੱਚ ਮੁਫ਼ਤ ਸਾਹਿਤ ਵੰਡਿਆ ਗਿਆ। ਇਸ ਮੇਲੇ ਵਿੱਚ ਕਈ ਪ੍ਰਾਈਵੇਟ ਆਯੁਰਵੈਦਿਕ/ਹੋਮਿਓਪੈਥਿਕ ਫਾਰਮੇਸੀਆਂ ਨੇ ਵੀ ਆਪਣੀਆਂ ਦਵਾਈਆਂ ਦੀ ਜਾਣਕਾਰੀ ਦਿੰਦੇ ਹੋਏ ਵੱਧ ਚੜ੍ਹ ਕੇ ਭਾਗ ਲਿਆ। ਆਰੋਗਿਆ ਮੇਲੇ ਦੀ ਸਮਾਪਤੀ ਸਮੇਂ ਸਰਸਵਤੀ ਆਯੁਰਵੈਦਿਕ ਕਾਲਜ ਘੜੂੰਆਂ ਦੇ ਰੰਗਾਰੰਗ ਪ੍ਰੋਗਰਾਮ ਨਾਲ ਹੋਈ। ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਡਾ. ਚੰਦਨ ਕੁਮਾਰ ਕੌਸ਼ਲ ਨੇ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…