
ਪਿੰਡ ਕੁਰੜੀ ਵਿੱਚ 54 ਲੱਖ ਦੀ ਲਾਗਤ ਨਾਲ ਹੈਲਥ ਐਂਡ ਵੈਲਨੈੱਸ ਕਲੀਨਿਕ ਸ਼ੁਰੂ
ਸਭ ਤੋਂ ਵੱਧ ਹੈਲਥ ਐਂਡ ਵੈਲਨੈੱਸ ਸੈਂਟਰ ਸ਼ੁਰੂ ਕਰਨ ਵਿੱਚ ਪੰਜਾਬ ਦੇਸ਼ ਭਰ ’ਚੋਂ ਅੱਵਲ: ਬਲਬੀਰ ਸਿੱਧੂ
ਸਿੱਧੂ ਨੇ ਕੀਤਾ ਕਲੀਨਿਕ ਦੀ ਆਲੀਸ਼ਾਨ ਇਮਾਰਤ ਦਾ ਉਦਘਾਟਨ, ਦਰਜਨਾਂ ਪਿੰਡਾਂ ਨੂੰ ਮਿਲੇਗਾ ਲਾਭ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਸਤੰਬਰ:
ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਉਨ੍ਹਾਂ ਦੇ ਘਰਾਂ ਦੇ ਨੇੜੇ ਮੁਹੱਈਆ ਕਰਨ ਦੇ ਉਦੇਸ਼ ਨਾਲ ਅੱਜ ਮੁਹਾਲੀ ਹਲਕੇ ਦੇ ਪਿੰਡ ਕੁਰੜੀ ਵਿੱਚ ਹੈਲਥ ਐਂਡ ਵੈਲਨੈੱਸ ਕਲੀਨਿਕ ਸ਼ੁਰੂ ਕੀਤਾ ਗਿਆ। ਤਕਰੀਬਨ 54 ਲੱਖ ਰੁਪਏ ਦੀ ਲਾਗਤ ਨਾਲ ਬਣੇ ਇਸ ਕਲੀਨਿਕ ਦਾ ਉਦਘਾਟਨ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੀਤਾ।
ਇਸ ਮੌਕੇ ਹੋਏ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਹੈਲਥ ਐਂਡ ਵੈਲਨੈੱਸ ਕਲੀਨਿਕ ਸ਼ੁਰੂ ਕਰਨ ਵਿੱਚ ਪੰਜਾਬ ਦੇਸ਼ ਭਰ ਵਿੱਚੋਂ ਮੋਹਰੀ ਸੂਬਾ ਹੈ, ਜਿਸ ਨੇ ਅਪਰੈਲ ਤੱਕ 1435 ਦੇ ਟੀਚੇ ਦੇ ਮੁਕਾਬਲੇ 2820 ਹੈਲਥ ਐਂਡ ਵੈਲਨੈੱਸ ਕਲੀਨਿਕ ਸ਼ੁਰੂ ਕੀਤੇ, ਜੋ ਟੀਚੇ ਤੋਂ 180 ਫੀਸਦੀ ਜ਼ਿਆਦਾ ਹੈ। ਉਨ੍ਹਾਂ ਦੱਸਿਆ ਕਿ ਕੋਵਿਡ ਪਾਬੰਦੀਆਂ ਦੇ ਬਾਵਜੂਦ ਇਨ੍ਹਾਂ ਸੈਂਟਰਾਂ ਵਿੱਚ ਪਿਛਲੇ ਸਾਲ ਦੌਰਾਨ 65.2 ਲੱਖ ਮਰੀਜ਼ਾਂ ਨੇ ਆਪਣਾ ਇਲਾਜ ਕਰਵਾਇਆ, ਜਿਸ ਤੋਂ ਇਨ੍ਹਾਂ ਕਲੀਨਿਕਾਂ ਦੀ ਕਾਰਜਕੁਸ਼ਲਤਾ ਦਾ ਪਤਾ ਚਲਦਾ ਹੈ।
ਮੇਅਰ ਨਗਰ ਨਿਗਮ ਮੁਹਾਲੀ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਦੀ ਹਾਜ਼ਰੀ ਵਿੱਚ ਹੋਏ ਇਸ ਇਕੱਠ ਦੌਰਾਨ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡ ਕੁਰੜੀ ਵਿੱਚ ਹਸਪਤਾਲ ਦੀ ਆਲੀਸ਼ਾਨ ਇਮਾਰਤ ਤਿਆਰ ਹੈ, ਜਿਸ ਵਿੱਚ ਮੈਡੀਕਲ ਸੇਵਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਦਾ ਪਿੰਡ ਕੁਰੜੀ ਦੇ ਨਾਲ-ਨਾਲ ਇਲਾਕੇ ਦੇ ਹੋਰ ਪਿੰਡਾਂ ਨੂੰ ਵੀ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਕਲੀਨਿਕ ਵਿੱਚ ਮੈਡੀਕਲ ਅਫ਼ਸਰ ਆਪਣੀਆਂ ਸੇਵਾਵਾਂ ਦੇਵੇਗਾ ਅਤੇ ਲੋੜ ਪੈਣ ਉਤੇ ਹੋਰ ਬਿਮਾਰੀਆਂ ਦੇ ਮਾਹਰਾਂ ਨੂੰ ਵੀ ਤਾਇਨਾਤ ਕੀਤਾ ਜਾਵੇਗਾ ਤਾਂ ਕਿ ਲੋਕਾਂ ਨੂੰ ਨੇੜੇ ਹੀ ਸਿਹਤ ਸਹੂਲਤਾਂ ਮਿਲ ਸਕਣ।
ਇਸ ਮੌਕੇ ਉਨ੍ਹਾਂ ਪਿੰਡ ਕੁਰੜੀ ਦੀ ਮੁਸਲਿਮ ਧਰਮਸ਼ਾਲਾ ਦਾ ਨੀਂਹ ਪੱਥਰ ਰੱਖਿਆ ਅਤੇ ਧਰਮਸ਼ਾਲਾ ਲਈ 3 ਲੱਖ ਰੁਪਏ ਦੀ ਗਰਾਂਟ ਦਿੱਤੀ। ਇਸ ਤੋਂ ਇਲਾਵਾ ਐਸਸੀ ਸ਼ਮਸ਼ਾਨਘਾਟ ਲਈ 3 ਲੱਖ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ ਨਾਲੇ ਲਈ ਇਕ ਲੱਖ ਰੁਪਏ ਦੀ ਗਰਾਂਟ ਦਾ ਚੈੱਕ ਪੰਚਾਇਤ ਨੂੰ ਦਿੱਤਾ। ਆਪਣੇ ਦੌਰੇ ਦੌਰਾਨ ਸ੍ਰੀ ਸਿੱਧੂ ਨੇ ਪਿੰਡ ਸੇਖਨਮਾਜਰਾ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ ਪਾਈਪਲਾਈਨ ਵਾਸਤੇ 10 ਲੱਖ ਰੁਪਏ ਦੀ ਗਰਾਂਟ ਦਿੱਤੀ ਅਤੇ ਇਸ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਪਿੰਡ ਦੀਆਂ ਗਲੀਆਂ-ਨਾਲੀਆਂ ਲਈ 3.50 ਲੱਖ ਦੀ ਗਰਾਂਟ ਦਾ ਚੈੱਕ ਵੀ ਸੌਂਪਿਆ।

ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੁਹਾਲੀ ਦੀ ਚੇਅਰਪਰਸਨ ਜਸਵਿੰਦਰ ਕੌਰ ਦੁਰਾਲੀ, ਵਾਈਸ ਚੇਅਰਮੈਨ ਲੇਬਰਫੈੱਡ ਪੰਜਾਬ ਠੇਕੇਦਾਰ ਮੋਹਨ ਸਿੰਘ ਬਠਲਾਣਾ, ਗੁਰਵਿੰਦਰ ਸਿੰਘ ਬੜੀ, ਮਨਜੀਤ ਸਿੰਘ ਤੰਗੋਰੀ, ਜਗਰੂਪ ਸਿੰਘ ਢੋਲ ਕੁਰੜੀ, ਗੁਰਜੰਟ ਸਿੰਘ ਸਾਬਕਾ ਸਰਪੰਚ ਕੁਰੜੀ, ਪ੍ਰਿਤਪਾਲ ਸਿੰਘ, ਗੁਰਮੀਤ ਸਿੰਘ ਨੰਬਰਦਾਰ, ਗੁਲਾਬ ਸਿੰਘ, ਗੁਰਤੇਜ ਸਿੰਘ ਤੇਜੀ, ਬੱਗਾ ਸਿੰਘ ਪਹਿਲਵਾਨ, ਗੁਰਦੇਵ ਸਿੰਘ ਢਿੱਲੋਂ, ਸਮਸ਼ੇਰ ਸਿੰਘ ਸਾਬਕਾ ਪੰਚ, ਬੂਟਾ ਸਿੰਘ, ਅਮਰੀਕ ਸਿੰਘ ਫੌਜੀ, ਮਿਸਤਰੀ ਬੰਤ ਸਿੰਘ, ਪੰਡਿਤ ਨਰਿੰਦਰ ਕਾਲਾ, ਸੁਖਵਿੰਦਰ ਸਿੰਘ ਬੱਲ੍ਹਾ, ਮੁਸਲਿਮ ਵੈਲਫੇਅਰ ਕਮੇਟੀ ਦੇ ਪ੍ਰਧਾਨ ਜਸਵੀਰ ਖਾਨ, ਜਨਰਲ ਸਕੱਤਰ ਐਚ.ਕੇ. ਭੁੱਟੋ, ਮੀਤ ਪ੍ਰਧਾਨ ਕਰਮਦੀਨ, ਖਜ਼ਾਨਚੀ ਅਜੈਬ ਦੀਨ ਤੇ ਸ਼ਾਮਦੀਨ, ਰਣਧੀਰ ਸਿੰਘ ਸਰਪੰਚ ਸੇਖਨਮਾਜਰਾ ਅਤੇ ਸੰਦੀਪ ਸਿੰਘ ਪਾਲੀ ਸੇਖਨਮਾਜਰਾ ਹਾਜ਼ਰ ਸਨ।