ਪਿੰਡ ਸਨੇਟਾ ਵਿੱਚ ਬਣੇਗਾ ਨਵਾਂ ਪ੍ਰਾਇਮਰੀ ਹੈਲਥ ਸੈਂਟਰ, ਪੇਂਡੂ ਲੋਕਾਂ ਨੂੰ ਮਿਲਣੀਆਂ ਸਿਹਤ ਸੇਵਾਵਾਂ: ਸਿੱਧੂ

ਸਿਹਤ ਮੰਤਰੀ ਬਲਬੀਰ ਸਿੱਧੂ ਨੇ ਪਿੰਡ ਸਨੇਟਾ ਵਿੱਚ ਪ੍ਰਾਇਮਰੀ ਹੈਲਥ ਸੈਂਟਰ ਦਾ ਨੀਂਹ ਪੱਥਰ ਰੱਖਿਆ

22 ਕਨਾਲ ਜ਼ਮੀਨ ’ਤੇ 3 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਕਿਸਮ ਦੀ ਬਣੇਗੀ ਆਲੀਸ਼ਾਨ ਇਮਾਰਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੂਨ:
ਮੁਹਾਲੀ ਜ਼ਿਲ੍ਹੇ ਅੰਦਰ ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ ਆਬਾਦੀ ਮੁਤਾਬਕ ਹਰ ਕੋਨੇ ਤੱਕ ਲੋਕਾਂ ਨੂੰ ਘਰਾਂ ਨੇੜੇ ਮੁੱਢਲੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਵੇਗੀ। ਇਹ ਦਾਅਵਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਨਜ਼ਦੀਕੀ ਪਿੰਡ ਸਨੇਟਾ ਵਿਖੇ ਪ੍ਰਾਇਮਰੀ ਹੈਲਥ ਸੈਂਟਰ ਦਾ ਨੀਂਹ ਪੱਥਰ ਰੱਖਣ ਉਪਰੰਤ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੇਂਡੂ ਤੇ ਸ਼ਹਿਰੀ ਇਲਾਕਿਆਂ ਵਿੱਚ ਵਿਆਪਕ ਪੱਧਰ ’ਤੇ ਸ਼ੁਰੂ ਕੀਤੇ ਗਏ ਵਿਕਾਸ ਕਾਰਜਾਂ ਵਿੱਚ ਕੋਈ ਖੜੋਤ ਨਹੀਂ ਆਉਣ ਦਿੱਤੀ ਜਾਵੇਗੀ।
ਸਿਹਤ ਮੰਤਰੀ ਨੇ ਦੱਸਿਆ ਕਿ ਇਸ ਪ੍ਰਾਇਮਰੀ ਹੈਲਥ ਸੈਂਟਰ ਦੀ ਇਮਾਰਤ ਦੀ ਉਸਾਰੀ ’ਤੇ 2 ਕਰੋੜ 96 ਲੱਖ ਰੁਪਏ ਖਰਚ ਕੀਤੇ ਜਾਣਗੇ ਅਤੇ ਇਹ ਆਲੀਸ਼ਾਨ ਇਮਾਰਤ 6 ਮਹੀਨੇ ਵਿੱਚ ਬਣਕੇ ਤਿਆਰ ਹੋ ਜਾਵੇਗੀ। ਉਨ੍ਹਾਂ ਭਗਤ ਰਾਮ ਸਰਪੰਚ ਗਰਾਮ ਪੰਚਾਇਤ ਸਨੇਟਾ ਅਤੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਸੜਕ ਨੇੜੇ 22 ਕਨਾਲ ਜ਼ਮੀਨ ਪ੍ਰਾਇਮਰੀ ਹੈਲਥ ਸੈਂਟਰ ਨੂੰ ਦਿੱਤੀ ਹੈ। ਭਵਿੱਖ ਵਿੱਚ ਇਸ ਪ੍ਰਾਇਮਰੀ ਹੈਲਥ ਸੈਂਟਰ ਨੂੰ ਅਪਗਰੇਡ ਕਰਕੇ ਵੱਡਾ ਹਸਪਤਾਲ ਬਣਾਉਣ ਲਈ ਲੋੜੀਂਦੀ ਜ਼ਮੀਨ ਦੀ ਘਾਟ ਮਹਿਸੂਸ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨੇਪਰੇ ਚੜ੍ਹਨ ਨਾਲ ਪੇਂਡੂ ਲੋਕਾਂ ਨੂੰ ਘਰਾਂ ਨੇੜੇ ਮੁੱਢਲੀਆਂ ਸਿਹਤ ਸਹੂਲਤਾਂ ਮਿਲਣਗੀਆਂ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ, ਐਸਐਮਓ ਘੜੂੰਆਂ ਡਾ. ਸੁਰਿੰਦਰਪਾਲ ਕੌਰ, ਭਗਤ ਰਾਮ ਸਰਪੰਚ ਸਨੇਟਾ, ਸਾਬਕਾ ਸਰਪੰਚ ਚੌਧਰੀ ਰਿਸ਼ੀਪਾਲ, ਗੁਰਧਿਆਨ ਸਿੰਘ ਦੁਰਾਲੀ, ਠੇਕੇਦਾਰ ਮੋਹਨ ਸਿੰਘ ਬਠਲਾਣਾ, ਟਹਿਲ ਸਿੰਘ ਮਾਣਕਪੁਰ ਕੱਲਰ, ਮਨਜੀਤ ਸਿੰਘ ਤੰਗੋਰੀ, ਚੌਧਰੀ ਹਰਨੇਕ ਸਿੰਘ ਨੇਕੀ ਅਤੇ ਹੋਰ ਪਤਵੰਤੇ ਮੌਜੂਦ ਸਨ।
(ਬਾਕਸ ਆਈਟਮ)
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਮੁਹਾਲੀ ਸਮੇਤ ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਮਲੇਰਕੋਟਲਾ ਵਿੱਚ ਪੰਜ ਨਵੇਂ ਸਰਕਾਰੀ ਮੈਡੀਕਲ ਕਾਲਜਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ। ਜਿਸ ਨਾਲ ਪੰਜਾਬ ਵਿੱਚ ਮੈਡੀਕਲ ਸਿੱਖਿਆ ਨੂੰ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲ ਫੇਜ਼-6 ਵਾਲੀ ਥਾਂ ਮੈਡੀਕਲ ਕਾਲਜ ਸ਼ੁਰੂ ਕੀਤਾ ਜਾ ਰਿਹਾ ਜਦੋਂਕਿ ਸਰਕਾਰੀ ਹਸਪਤਾਲ ਨੂੰ ਸੈਕਟਰ-66 ਵਿੱਚ ਬਣਾਉਣ ਦੀ ਤਜਵੀਜ਼ ਹੈ। ਇਸ ਸਬੰਧੀ ਗਮਾਡਾ ਤੋਂ 9 ਏਕੜ ਜ਼ਮੀਨ ਲੈਣ ਲਈ ਕਾਰਵਾਈ ਮੁਕੰਮਲ ਹੋ ਗਈ ਹੈ। ਇਸ ਤੋਂ ਇਲਾਵਾ ਐਰੋਸਿਟੀ ਵਿੱਚ ਵੀ ਇਕ ਪ੍ਰਾਇਮਰੀ ਹੈਲਥ ਸੈਂਟਰ ਬਣਾਉਣ ਦੀ ਤਜਵੀਜ਼ ਹੈ।
(ਬਾਕਸ ਆਈਟਮ)
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਲੋਕਾਂ ਵਿੱਚ ਕੋਵਿਡ ਵੈਕਸੀਨ ਲਗਾਉਣ ਬਾਰੇ ਵੱਡੇ ਪੱਧਰ ’ਤੇ ਜਾਗਰੂਕਤਾ ਆਈ ਹੈ ਅਤੇ ਸਰਕਾਰ ਵੱਧ ਤੋਂ ਵੱਧ ਵੈਕਸੀਨ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ, ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨਾਂ ਦੇ ਸਾਂਝੇ ਉਪਰਾਲਿਆਂ ਸਦਕਾ ਕਰੋਨਾ ਮਹਾਮਾਰੀ ਦੇ ਮਾਮਲੇ ਹੁਣ ਘਟਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਤੋਂ ਬਚਾਅ ਸਬੰਧੀ ਸਾਰੀਆਂ ਸਾਵਧਾਨੀਆਂ ਅਤੇ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ ਮੁਲਜ਼ਮਾਂ ਕੋਲੋਂ ਵੱਡੀ …