nabaz-e-punjab.com

ਸਿਹਤ ਵਿਭਾਗ ਦੀ ਟੀਮ ਵੱਲੋਂ ਏਸ ਹਾਰਟ ਹਸਪਤਾਲ ਮੁਹਾਲੀ ਦੀ ਅਚਨਚੇਤ ਚੈਕਿੰਗ

ਮਿਆਦ ਪੁੱਗ ਚੁੱਕੀਆਂ ਦਵਾਈਆਂ ਮੌਕੇ ’ਤੇ ਹੀ ਕੀਤੀਆਂ ਨਸ਼ਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਸਤੰਬਰ:
ਸਿਹਤ ਵਿਭਾਗ, ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਦੀ ਡਰੱਗਜ਼ ਕੰਟਰੋਲ ਟੀਮ ਨੇ ਮੁਹਾਲੀ ਦੇ ਸੈਕਟਰ-68 ਸਥਿਤ ਏਸ ਹਾਰਟ ਹਸਪਤਾਲ ਦੀ ਅਚਨਚੇਤ ਜਾਂਚ-ਪੜਤਾਲ ਕੀਤੀ। ਟੀਮ ਨੇ ਘੋਖਿਆ ਕਿ ਹਸਪਤਾਲ ਵਿਚ ਕਾਰਡੀਅਕ ਸਟੈਂਟਸ ਕਿਹੜੀਆਂ ਕੀਮਤਾਂ ’ਤੇ ਵੇਚੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਸਟੈਂਟਸ ਦੀਆਂ ਕੀਮਤਾਂ ਡਰੱਗਜ਼ ਪ੍ਰਾਈਸ ਕੰਟਰੋਲ ਆਰਡਰ ਤਹਿਤ ਤੈਅ ਹੁੰਦੀਆਂ ਹਨ ਅਤੇ ਤੈਅ ਕੀਮਤਾਂ ਤੋਂ ਜ਼ਿਆਦਾ ’ਤੇ ਸਟੈਂਟਸ ਵੇਚਣਾ ਇਸ ਆਰਡਰ ਦੀ ਸਿੱਧੀ ਉਲੰਘਣਾ ਮੰਨਿਆ ਜਾਂਦਾ ਹੈ। ਟੀਮ ਨੇ ਰੀਕਾਰਡ ਦੀ ਜਾਂਚ ਦੌਰਾਨ ਵੇਖਿਆ ਕਿ ਹਸਪਤਾਲ ਵਿਚ ਸਟੈਂਟਸ ਤੈਅ ਮਾਪਦੰਡਾਂ ਮੁਤਾਬਕ ਵੇਚੇ ਜਾ ਰਹੇ ਹਨ। ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਦਸਿਆ ਕਿ ਟੀਮ ਨੇ ਹਪਸਤਾਲ ਵਿਚ ਦਵਾਈਆਂ ਦੇ ਸਟਾਕ ਦੀ ਵੀ ਜਾਂਚ ਕੀਤੀ ਜਿਸ ਦੌਰਾਨ ਕੁੱਝ ਮਿਆਦ ਪੁੱਗੀਆਂ ਦਵਾਈਆਂ ਵੀ ਮਿਲੀਆਂ ਜਿਨ੍ਹਾਂ ਨੂੰ ਮੌਕੇ ’ਤੇ ਨਸ਼ਟ ਕਰਵਾਇਆ ਗਿਆ। ਹਸਪਤਾਲ ਦੀ ਫ਼ਾਰਮੇਸੀ ਦੀ ਵੀ ਚੈਕਿੰਗ ਕੀਤੀ ਗਈ ਅਤੇ ਦਵਾਈਆਂ ਦੇ ਦੋ ਸੈਂਪਲ ਵੀ ਲਏ ਗਏ ਜਿਨ੍ਹਾਂ ਨੂੰ ਟੈਸਟ ਅਤੇ ਵਿਸ਼ਲੇਸ਼ਣ ਲਈ ਲੈਬ ਵਿਚ ਭੇਜ ਦਿਤਾ ਗਿਆ ਹੈ। ਡਾ. ਰੀਟਾ ਭਾਰਦਵਾਜ ਨੇ ਦਸਿਆ ਕਿ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਦਵਾਈਆਂ ਦੀਆਂ ਦੁਕਾਨਾਂ ਅਤੇ ਫ਼ੈਕਟਰੀਆਂ ’ਤੇ ਛਾਪੇ ਲਗਾਤਾਰ ਜਾਰੀ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹਿਣਗੇ। ਜਾਂਚ ਟੀਮ ਵਿਚ ਡਰੱਗਜ਼ ਕੰਟਰੋਲ ਅਧਿਕਾਰੀ ਨੇਹਾ ਸ਼ੋਰੀ, ਮਨਪ੍ਰੀਤ ਕੌਰ, ਅਮਿਤ ਲਖਨਪਾਲ ਆਦਿ ਸ਼ਾਮਲ ਸਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …