
ਸਿਹਤ ਵਿਭਾਗ ਨੇ ਢਕੋਲੀ ਖ਼ੇਤਰ ਵਿਖੇ ਰਾਸ਼ਟਰੀ ਡੇਂਗੂ ਦਿਵਸ ਮਨਾਇਆ
ਨਬਜ਼-ਏ-ਪੰਜਾਬ ਬਿਊਰੋ, ਜ਼ੀਰਕਪੁਰ, 15 ਮਈ:
ਪੰਜਾਬ ਸਰਕਾਰ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਢਕੋਲੀ ਖ਼ੇਤਰ ਵਿਖੇ ਰਾਸ਼ਟਰੀ ਡੇਂਗੂ ਦਿਵਸ ਮਨਾਇਆ ਗਿਆ। ਐਸਐਮਓ ਡੇਰਾਬੱਸੀ ਡਾ. ਸੰਗੀਤਾ ਜੈਨ ਅਤੇ ਐਸਐਮਓ ਢਕੋਲੀ ਡਾ. ਪੋਮੀ ਚਤਰਥ ਦੀ ਅਗਵਾਈ ਵਿੱਚ ਕਰਵਾਏ ਗਏ ਡੇਂਗੂ ਜਾਗਰੂਕਤਾ ਕੈਂਪ ਵਿੱਚ ਹੇਲਥ ਇੰਸਪੈਕਟਰ ਲਖਵਿੰਦਰ ਪਾਲ ਨੇ ਦੱਸਿਆ ਕਿ ਡੇਂਗੂ ਦੀ ਬਿਮਾਰੀ ਡੇਂਗੂ ਦੇ ਮੱਛਰ ਤੋਂ ਕੱਟਣ ਨਾਲ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਦਾ ਮੱਛਰ ਹਫਤੇ ਵਿੱਚ ਅੰਡੇ ਤੋਂ ਪੂਰਾ ਮੱਛਰ ਬਣਦਾ ਹੈ। ਇਸ ਲਈ ਸਾਰਿਆਂ ਨੂੰ ਹਫ਼ਤੇ ਦੇ ਹਰੇਕ ਸ਼ੁੱਕਰਵਾਰ ਨੂੰ ਡੇਂਗੂ ਦੇ ਲਾਰਵੇ ਨੂੰ ਪੈਦਾ ਕਰਨ ਵਾਲੀ ਜਗ੍ਹਾ (ਜਿਵੇਂ ਕਿ ਕੂਲਰਾਂ, ਗਮਲਿਆਂ, ਫਰਿੱਜਾਂ ਦੀਆਂ ਟਰੇਆਂ ਅਤੇ ਹੋਰ ਪਾਣੀ ਦੇ ਭਾਂਡੇ ਆਦਿ) ਨੂੰ ਸਾਫ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਡੇਂਗੂ ਦੀ ਬਿਮਾਰੀ ਫੈਲ ਸਕਦੀ ਹੈ, ਇਸ ਲਈ ਸਾਰਿਆਂ ਨੂੰ ਇਸ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਡੇਂਗੂ ਦੀ ਬਿਮਾਰੀ ਤੋਂ ਸਾਵਧਾਨੀ ਵਰਤ ਕੇ ਅਸਾਨੀ ਨਾਲ ਬਚਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਬੁਖਾਰ ਨਾਲ ਵਿਅਕਤੀ ਦਾ ਸ਼ਰੀਰ ਦੁੱਖਦਾ ਹੈ, ਤੇਜ਼ ਬੁਖਾਰ ਹੁੰਦਾ ਹੈ, ਅੱਖਾਂ ਦੇ ਪਿਛਲੇ ਪਾਸੇ ਦਰਦਾਂ ਹੁੰਦੀਆਂ ਹਨ, ਕਿਸੇ-ਕਿਸੇ ਦੇ ਸਰੀਰ ਉੱਤੇ ਲਾਲ ਨਿਸ਼ਾਨ ਪੈ ਜਾਂਦੇ ਹਨ ਅਤੇ ਖੂਨ ਵਹਿੰਦਾ ਹੈ, ਪਲੇਟਲੈਟਸ ਘੱਟ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬੁਖਾਰ ਹੋਣ ਤੇ ਜੇਕਰ ਕੋਵਿਡ ਟੈਸਟ ਨੈਗੇਟਿਵ ਆਉਂਦਾ ਹੈ ਤਾਂ ਡੇਂਗੂ ਦਾ ਟੈਸਟ ਵੀ ਕਰਵਾ ਲੈਣਾ ਚਾਹੀਦਾ ਹੈ। ਇਸ ਮੌਕੇ ਸਿਹਤ ਕਰਮਚਾਰੀ ਜਤਿੰਦਰ ਸਿੰਘ, ਰੁਪਿੰਦਰ ਸਿੰਘ ਅਤੇ ਅਰਵਿੰਦਰ ਸਿੰਘ ਵੀ ਹਾਜ਼ਰ ਸਨ।