ਸਿਹਤ ਵਿਭਾਗ ਨੇ ਜਨਤਕ ਥਾਵਾਂ ’ਤੇ ਤੰਬਾਕੂ ਵੇਚਣ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕੱਸਿਆ, 25 ਚਲਾਨ

ਦੁਕਾਨਦਾਰਾਂ ਨੂੰ ਕਾਨੂੰਨ ਦੇ ਦਾਇਰੇ ’ਚ ਰਹਿ ਕੇ ਤੰਬਾਕੂ ਪਦਾਰਥ ਵੇਚਣ ਦੀ ਹਦਾਇਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਈ:
ਸਿਹਤ ਵਿਭਾਗ ਨੇ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਜਨਤਕ ਥਾਵਾਂ ’ਤੇ ਤੰਬਾਕੂ ਵੇਚਣ ਵਾਲਿਆਂ ਵਿਰੁੱਧ ਸ਼ਿਕੰਜਾ ਕੱਸ ਦਿੱਤਾ ਹੈ। ਤੰਬਾਕੂ ਰੋਕਥਾਮ ਟੀਮ ਨੇ ਵੱਖ-ਵੱਖ ਮਾਰਕੀਟਾਂ ਅਤੇ ਦੁਕਾਨਾਂ ਦੇ ਅੱਗੇ ਰੇਹੜੀ-ਫੜੀ ਲਗਾ ਕੇ ਤੰਬਾਕੂ ਵੇਚਣ ਵਾਲਿਆਂ ਨੂੰ ਕਾਨੂੰਨ ਦਾ ਪਾਠ ਪੜ੍ਹਾਇਆ ਅਤੇ ਨਿਯਮਾਂ ਦੇ ਖ਼ਿਲਾਫ਼ ਤੰਬਾਕੂ ਪਦਾਰਥ ਵੇਚਣ ਵਾਲਿਆਂ ਦੇ ਚਲਾਨ ਕੀਤੇ ਗਏ।
ਜ਼ਿਲ੍ਹਾ ਤੰਬਾਕੂ ਰੋਕਥਾਮ ਨੋਡਲ ਅਫ਼ਸਰ ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਸਿਵਲ ਸਰਜਨ ਡਾ. ਰੁਪਿੰਦਰ ਗਿੱਲ ਦੀਆਂ ਹਦਾਇਤਾਂ ’ਤੇ ਵੱਖ-ਵੱਖ ਥਾਵਾਂ ’ਤੇ ਚੈਕਿੰਗ ਕਰਕੇ ਨਿਯਮਾਂ ਦੀ ਉਲੰਘਣਾ ਦੇ ਦੋਸ਼ ਵਿੱਚ 25 ਚਲਾਨ ਕੀਤੇ ਗਏ ਅਤੇ ਮੌਕੇ ’ਤੇ ਹੀ ਜੁਰਮਾਨਾ ਵਸੂਲਿਆ ਗਿਆ। ਉਨ੍ਹਾਂ ਹਦਾਇਤ ਕੀਤੀ ਕਿ ਭਵਿੱਖ ਵਿੱਚ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਤੰਬਾਕੂ ਪਦਾਰਥ ਵੇਚੇ ਜਾਣ। ਡਾ. ਨਵਦੀਪ ਸਿੰਘ ਮੁਤਾਬਕ ਜਾਂਚ ਦੌਰਾਨ ਦੇਖਿਆ ਗਿਆ ਕਿ ਕੁਝ ਥਾਵਾਂ ’ਤੇ ਖਾਣ-ਪੀਣ ਦਾ ਸਮਾਨ ਵੇਚਣ ਦੇ ਨਾਲ-ਨਾਲ ਤੰਬਾਕੂ ਪਦਾਰਥ ਵੀ ਵੇਚੇ ਜਾ ਰਹੇ ਸਨ, ਜੋ ਕੋਟਪਾ ਕਾਨੂੰਨ ਦੀ ਉਲੰਘਣਾ ਹੈ ਜਦੋਂਕਿ ਕੁੱਝ ਥਾਵਾਂ ਚਿਤਾਵਨੀ ਰਹਿਤ ਇੰਪੋਰਟਡ ਸਿਗਰਟਾਂ, ਖ਼ੁਸ਼ਬੂਦਾਰ ਤੰਬਾਕੂ ਪਦਾਰਥ ਅਤੇ ਖੁੱਲ੍ਹੀਆਂ ਸਿਗਰਟਾਂ ਵੇਚੀਆਂ ਜਾ ਰਹੀਆਂ ਸਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਤੰਬਾਕੂ ਵਿਰੋਧੀ ਸੈੱਲ ਜਿੱਥੇ ਲਗਾਤਾਰ ਚਲਾਨ ਅਤੇ ਜੁਰਮਾਨੇ ਕਰ ਰਿਹਾ ਹੈ, ਉੱਥੇ ਨਾਲ-ਨਾਲ ਲੋਕਾਂ ਨੂੰ ਤੰਬਾਕੂ ਦੀ ਵਰਤੋਂ ਦੇ ਨੁਕਸਾਨਾਂ ਅਤੇ ਤੰਬਾਕੂ ਵਿਰੋਧੀ ਕਾਨੂੰਨ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਾਂਚ-ਪੜਤਾਲ ਦਾ ਮੰਤਵ ਦੁਕਾਨਦਾਰਾਂ ਨੂੰ ਤੰਗ-ਪ੍ਰੇਸ਼ਾਨ ਕਰਨਾ ਨਹੀਂ ਹੈ, ਸਗੋਂ ਉਨ੍ਹਾਂ ਨੂੰ ਕੋਟਪਾ ਕਾਨੂੰਨ ਅਤੇ ਉਸ ਦੀ ਪਾਲਣਾ ਕਰਨ ਪ੍ਰੇਰਿਤ ਕਰਨਾ ਹੈ। ਇਸ ਦੌਰਾਨ ਜਨਤਕ ਥਾਵਾਂ ’ਤੇ ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਕੋਟਪਾ ਕਾਨੂੰਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿੱਥੇ ਕਿਤੇ ਵੀ ਤੰਬਾਕੂ ਰੋਕਥਾਮ ਕਾਨੂੰਨ ਦੀ ਉਲੰਘਣਾ ਕਰਦਿਆਂ ਤੰਬਾਕੂ ਪਦਾਰਥ ਵੇਚੇ ਜਾ ਰਹੇ ਹਨ ਤਾਂ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਬਣਦੀ ਕਾਰਵਾਈ ਕੀਤੀ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

Gian Jyoti announces scholarships for African students

Gian Jyoti announces scholarships for African students Nabaz-e-Punjab, Mohali, March 2, 20…