ਲੋਕਾਂ ਦੀ ਤੰਦਰੁਸਤੀ ਲਈ ਦਿਨ-ਰਾਤ ਡਟੇ ਹੋਏ ਹਨ ਸਿਹਤ ਵਿਭਾਗ ਦੇ ਮੁਲਾਜ਼ਮ: ਸਿਵਲ ਸਰਜਨ

ਕਰੋਨਾਵਾਇਰਸ: ਸਥਿਤੀ ਦਾ ਜਾਇਜ਼ਾ ਲੈਣ ਲਈ ਜਗਤਪੁਰਾ ਵਿੱਚ ਮੁੜ ਸਰਵੇ, ਸਟੇਟਸ ਰਿਪੋਰਟ ਤਿਆਰ

ਘਰਾਂ ਤੋਂ ਬਾਹਰ ਜਾਣ ਵੇਲੇ ਮਾਸਕ ਨਾ ਪਾਉਣ ਵਾਲਿਆਂ ’ਤੇ ਹੋਵੇਗੀ ਕਾਰਵਾਈ

ਕਰੋਨਾਵਾਇਰਸ ਦੇ ਖ਼ਾਤਮੇ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ, ਲੋਕਾਂ ਨੂੰ ਘਰਾਂ ’ਚੋਂ ਬਾਹਰ ਨਾ ਨਿਕਲਣ ਦੀ ਅਪੀਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਪਰੈਲ:
ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਨੇ ਕਰੋਨਾਵਾਇਰਸ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਘਰ-ਘਰ ਜਾ ਕੇ ਸਰਵੇ ਕੀਤਾ ਗਿਆ ਅਤੇ ਮੌਜੂਦਾ ਸਥਿਤੀ ਬਾਰੇ ਰਿਪੋਰਟਾਂ ਤਿਆਰ ਕਰਕੇ ਡਿਪਟੀ ਕਮਿਸ਼ਨਰ ਦਫ਼ਤਰ ਅਤੇ ਸਿਵਲ ਸਰਜਨ ਦਫ਼ਤਰ ਨੂੰ ਭੇਜੀਆਂ ਗਈਆਂ। ਜਗਤਪੁਰਾ, ਬਾਕਰਪੁਰ ਅਤੇ ਕੰਡਾਲਾ ਡਿਸਪੈਂਸਰੀ ਦੀਆਂ ਟੀਮਾਂ ਨੇ ਡਾ. ਸਿਮਰਨ ਕੌਰ, ਡਾ. ਸਿਮਰਜੀਤ ਕੌਰ ਅਤੇ ਡਾ. ਕਿਰਨਜੀਤ ਕੌਰ ਦੀ ਅਗਵਾਈ ਵਾਲੀ ਟੀਮਾਂ ਨੇ ਜਗਤਪੁਰਾ ਕਲੋਨੀ ਦਾ ਦੁਬਾਰਾ ਘਰ-ਘਰ ਜਾ ਕੇ ਸਰਵੇ ਕੀਤਾ ਅਤੇ ਉਨ੍ਹਾਂ 50 ਸ਼ੱਕੀ ਵਿਅਕਤੀਆਂ ਬਾਰੇ ਸਟੇਟਸ ਰਿਪੋਰਟ ਤਿਆਰ ਕੀਤੀ ਗਈ। ਜਿਨ੍ਹਾਂ ਦੇ ਪਿਛਲੇ ਦਿਨੀਂ ਸ਼ੱਕ ਕੇ ਆਧਾਰ ’ਤੇ ਸੈਂਪਲ ਲਏ ਗਏ ਹਨ। ਹਾਲਾਂਕਿ ਪੀੜਤ ਕਪਿਲ ਸ਼ਰਮਾ ਦੇ ਪਰਿਵਾਰਕ ਮੈਂਬਰਾਂ ਸਮੇਤ ਜਗਤਪੁਰਾ ਦੇ ਸਰਪੰਚ ਰਣਜੀਤ ਸਿੰਘ ਅਤੇ ਉਕਤ ਸਾਰੇ ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਸੀ ਪ੍ਰੰਤੂ ਉਸ ਦਿਨ ਤੋਂ ਹੀ ਇਹ ਵਿਅਕਤੀ ਹਾਊਸ ਆਈਸੋਲੇਟ ਕੀਤੇ ਹੋਏ ਹਨ। ਮੈਡੀਕਲ ਟੀਮ ਨੇ ਦੱਸਿਆ ਕਿ ਸਰਵੇ ਦੌਰਾਨ ਦੇਖਿਆ ਕਿ ਉਕਤ ਸਾਰੇ ਵਿਅਕਤੀ ਆਈਸੋਲੇਟ ਨਿਯਮਾਂ ਦੀ ਪਾਲਣਾ ਕਰ ਰਹੇ ਹਨ ਅਤੇ ਉਹ ਆਪਣੇ ਘਰਾਂ ਵਿੱਚ ਨਜ਼ਰਬੰਦ ਹਨ।
ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾਵਾਇਰਸ ਦੀ ਮਾਰੂ ਬਿਮਾਰੀ ਤੋਂ ਬਚਾਅ ਲਈ ਉਹ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ 100 ਫੀਸਦੀ ਪਾਲਣਾ ਯਕੀਨੀ ਬਣਾਉਣ। ਉਨ੍ਹਾਂ ਸਪੱਸ਼ਟ ਕੀਤਾ ਕਿ ਹਾਲੇ ਤੱਕ ਇਸ ਬਿਮਾਰੀ ਦੇ ਇਲਾਜ ਲਈ ਕੋਈ ਟੀਕਾ ਜਾਂ ਦਵਾਈ ਨਹੀਂ ਬਣੀ। ਸਿਰਫ਼ ਘਰਾਂ ਵਿੱਚ ਰਹਿਣਾ, ਵਾਰ ਵਾਰ ਹੱਥ ਧੋਣਾ, ਇਕ ਦੂਜੇ ਤੋਂ ਜ਼ਰੂਰੀ ਫਾਸਲਾ ਬਣਾ ਕੇ ਰੱਖਣਾ ਹੀ ਇਸ ਬਿਮਾਰੀ ਤੋਂ ਬਚਣ ਦੇ ਕਾਰਗਰ ਤਰੀਕੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਪਿੰਡ ਜਵਾਹਰਪੁਰ ਦੀ ਘਟਨਾ ਤੋਂ ਸਬਕ ਲੈਣਾ ਚਾਹੀਦਾ ਹੈ ਕਿਉਂਕਿ ਕੁਝ ਲੋਕਾਂ ਨੇ ਕਰੋਨਾਵਾਇਰਸ ਦੇ ਲੱਛਣ ਹੋਣ ਦੇ ਬਾਵਜੂਦ ਆਪਣੀ ਜਾਂਚ ਨਹੀਂ ਕਰਵਾਈ ਅਤੇ ਅੱਜ ਹਾਲਾਤ ਸਭ ਦੇ ਸਾਹਮਣੇ ਹਨ। ਉਨ੍ਹਾਂ ਕਿਹਾ ਕਿ ਜੇ ਕਿਸੇ ਵਿਅਕਤੀ ਨੂੰ ਖੰਘ, ਜ਼ੁਕਾਮ, ਤੇਜ਼ ਬੁਖ਼ਾਰ, ਸਾਹ ਲੈਣ ਵਿੱਚ ਤਕਲੀਫ਼ ਜਿਹੀ ਸਮੱਸਿਆ ਹੈ ਤਾਂ ਉਹ ਤੁਰੰਤ ਨੇੜਲੇ ਸਿਹਤ ਕੇਂਦਰ ਵਿੱਚ ਜਾ ਕੇ ਜਾਂਚ ਕਰਵਾਏ ਜਾਂ ਸਿਹਤ ਵਿਭਾਗ ਦੀ ਹੈਲਪਲਾਈਨ ਨੰਬਰ 104 ’ਤੇ ਸੂਚਨਾ ਦੇਵੇ।
ਸਿਵਲ ਸਰਜਨ ਨੇ ਕਿਹਾ ਕਿ ਜ਼ਿਲ੍ਹਾ ਸਿਹਤ ਵਿਭਾਗ ਦੇ ਸਾਰੇ ਡਾਕਟਰ, ਨਰਸਾਂ, ਮਲਟੀਪਰਪਜ਼ ਸਿਹਤ ਵਰਕਰ, ਏਐਨਐਮਜ਼ ਸਮੇਤ ਸਮੁੱਚਾ ਸਿਹਤ ਅਮਲਾ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਦਿਨ-ਰਾਤ ਡਟਿਆ ਹੋਇਆ ਹੈ। ਜਿਨ੍ਹਾਂ ਲੋਕਾਂ ਨੂੰ ਘਰਾਂ ਵਿੱਚ ਅਹਿਤਿਆਤ ਵਜੋਂ ਅਲੱਗ ਰੱਖਿਆ ਗਿਆ ਹੈ, ਉਨ੍ਹਾਂ ਦੀ ਸਿਹਤ ਦਾ ਲਗਾਤਾਰ ਮੁਆਇਨਾ ਕੀਤਾ ਜਾ ਰਿਹਾ ਹੈ। ਸਿਹਤ ਕਾਮਿਆਂ ਦੀਆਂ ਟੀਮਾਂ ਘਰ ਘਰ ਜਾ ਕੇ ਸਰਵੇ ਕਰਨ ਦੇ ਨਾਲ-ਨਾਲ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਣ ਲਈ ਜਾਗਰੂਕ ਕਰ ਰਹੀਆਂ ਹਨ।
(ਬਾਕਸ ਆਈਟਮ)
ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਜਨਤਕ ਥਾਵਾਂ ’ਤੇ ਲੋਕਾਂ ਲਈ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਹੈ। ਹੁਣ ਜੇ ਕੋਈ ਵਿਅਕਤੀ ਕਿਸੇ ਦਫ਼ਤਰੀ ਕੰਮ ਜਾਂ ਕਿਸੇ ਹੋਰ ਜ਼ਰੂਰੀ ਕੰਮ ਲਈ ਘਰੋਂ ਬਾਹਰ ਨਿਕਲਦਾ ਹੈ ਤਾਂ ਉਹ ਕੱਪੜੇ ਦਾ ਬਣਿਆ ਜਾਂ ਤਿੰਨ ਲੇਅਰਾਂ ਵਾਲਾ ਲਾਜ਼ਮੀ ਤੌਰ ’ਤੇ ਮਾਸਕ ਪਹਿਨੇਗਾ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹਸਪਤਾਲਾਂ, ਦਫ਼ਤਰਾਂ, ਫੈਕਟਰੀਆਂ ਜਾਂ ਹੋਰ ਥਾਵਾਂ ’ਤੇ ਕੰਮ ਕਰਦੇ ਸਮੇਂ ਵੀ ਮਾਸਕ ਪਾਉਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਮੂੰਹ ਢਕਣ ਲਈ ਸੂਤੀ ਕੱਪੜੇ ਦਾ ਬਣਿਆ ਮਾਸਕ, ਰੁਮਾਲ, ਪਰਨਾ, ਸਕਾਰਫ਼ ਵੀ ਵਰਤਿਆ ਜਾ ਸਕਦਾ ਹੈ।
(ਬਾਕਸ ਆਈਟਮ)
ਮੁੱਢਲਾ ਸਿਹਤ ਕੇਂਦਰ ਘੜੂੰਆਂ ਦੀ ਇੰਚਾਰਜ ਐਸਐਮਓ ਡਾ. ਕੁਲਜੀਤ ਕੌਰ ਪਿੰਡ ਪੜਛ ਦੇ ਮੇਵਾ ਸਿੰਘ ਤੇ ਜਸਵੀਰ ਸਿੰਘ, ਪਿੰਡ ਨਾਢਾ ਦੇ ਸੁਰਜੀਤ ਰਾਮ ਅਤੇ ਪਿੰਡ ਸਿਊਂਕ ਦੇ ਦਿਲਬਾਗ ਸਿੰਘ, ਰਾਮ ਕੁਮਾਰ ਵਾਸੀ ਖੁੱਡਾ ਅਲੀਸ਼ੇਰ ਨੂੰ ਵੀ ਹਾਊਸ ਆਈਸੋਲੇਟ ਕੀਤਾ ਗਿਆ ਹੈ। ਇਹ ਪੰਜ ਵਿਅਕਤੀ ਪਿੰਡ ਜਵਾਹਰਪੁਰ ਦੇ ਕਰੋਨਾ ਪਾਜ਼ੇਟਿਵ ਨੈਬ ਸਿੰਘ ਦੇ ਸੰਪਰਕ ਵਿੱਚ ਆਏ ਦੱਸੇ ਗਏ ਹਨ। ਇਨ੍ਹਾਂ ਵਿਅਕਤੀਆਂ ਦੀ ਦੁਬਾਰਾ ਮੈਡੀਕਲ ਜਾਂਚ ਕੀਤੀ ਗਈ ਹੈ ਅਤੇ ਇਨ੍ਹਾਂ ਵਿੱਚ ਕਰੋਨਾਵਾਇਰਸ ਦੇ ਲੱਛਣ ਨਜ਼ਰ ਨਹੀਂ ਆਏ ਹਨ। ਉਨ੍ਹਾਂ ਦੱਸਿਆ ਕਿ ਇਸ ਮਹਾਮਾਰੀ ਤੋਂ ਬਚਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪੇਂਡੂ ਖੇਤਰ ਵਿੱਚ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਲਈ ਪ੍ਰੇਰਿਆ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …