ਸਿਹਤ ਵਿਭਾਗ ਵੱਲੋਂ ਕੋਵਿਡ ਦੀ ਸੰਭਾਵੀ ਤੀਜੀ ਲਹਿਰ ਨਾਲ ਨਜਿੱਠਣ ਲਈ ਤਿਆਰੀਆਂ ਜ਼ੋਰਾਂ ’ਤੇ

ਸਿਵਲ ਸਰਜਨ ਨੇ ਢਕੋਲੀ ਹਸਪਤਾਲ ਵਿੱਚ ਸਥਾਪਿਤ ਕੀਤੇ ਜਾ ਰਹੇ ਆਕਸੀਜਨ ਪਲਾਂਟ ਦਾ ਲਿਆ ਜਾਇਜ਼ਾ

ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੈਡੀਕਲ ਆਕਸੀਜਨ ਦੀ ਬਿਲਕੁਲ ਵੀ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ: ਸਿਵਲ ਸਰਜਨ

ਹਸਪਤਾਲ ਵਿੱਚ ਗੰਭੀਰ ਮਰੀਜ਼ਾਂ ਲਈ ਕੋਵਿਡ ਕੇਅਰ ਸੈਂਟਰ ਬਣਾਉਣ ਦਾ ਕੰਮ ਜਾਰੀ: ਡਾ. ਆਦਰਸ਼ਪਾਲ ਕੌਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੁਲਾਈ:
‘ਕਰੋਨਾਵਾਇਰਸ’ ਮਹਾਮਾਰੀ ਦੀ ਸੰਭਾਵੀ ਤੀਜੀ ਲਹਿਰ ਦੇ ਮੁਕਾਬਲੇ ਵਾਸਤੇ ਕੀਤੀਆਂ ਜਾ ਰਹੀਆਂ ਤਿਆਰੀਆਂ ਦੇ ਹਿੱਸੇ ਵਜੋਂ ਕਮਿਊਨਿਟੀ ਹੈਲਥ ਸੈਂਟਰ (ਸੀਐਚਸੀ) ਢਕੋਲੀ ਵਿੱਚ ਪੀਐਸਏ ਮੈਡੀਕਲ ਆਕਸੀਜਨ ਪਲਾਂਟ ਸਥਾਪਤ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਅੱਜ ਆਕਸੀਜਨ ਪਲਾਂਟ ਸਥਾਪਤ ਕੀਤੇ ਜਾਣ ਦੇ ਕੰਮ ਦਾ ਜਾਇਜ਼ਾ ਲਿਆ ਅਤੇ ਸਿਹਤ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਦਿਤੀਆਂ। ਡਾ. ਆਦਰਸ਼ਪਾਲ ਕੌਰ ਨੇ ਦਸਿਆ ਕਿ ਜਿਵੇਂ ਚੋਟੀ ਦੇ ਸਿਹਤ ਮਾਹਰਾਂ ਨੇ ਤੀਜੀ ਲਹਿਰ ਬਾਰੇ ਖ਼ਦਸ਼ਾ ਪ੍ਰਗਟਾਇਆ ਹੈ, ਉਸ ਨੂੰ ਵੇਖਦਿਆਂ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਜੰਗੀ ਪੱਧਰ ’ਤੇ ਤਿਆਰੀਆਂ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪ੍ਰੈਸ਼ਰ ਸਵਿੰਗ ਐਡਜ਼ੌਰਪਸ਼ਨ (ਪੀਐਸਏ) ਆਕਸੀਜਨ ਪਲਾਂਟ ਸਥਾਪਤ ਕਰਨ ਲਈ ਇਕ ਫਰਮ ਵੱਲੋਂ ਮਸ਼ੀਨਰੀ ਦਾਨ ਕੀਤੀ ਗਈ ਹੈ ਅਤੇ ਸਿਹਤ ਵਿਭਾਗ ਵਲੋਂ ਮਸ਼ੀਨਰੀ ਫ਼ਿੱਟ ਕਰਕੇ ਇਹ ਪਲਾਂਟ ਇਕ ਮਹੀਨੇ ਅੰਦਰ ਚਾਲੂ ਕਰ ਦਿਤਾ ਜਾਵੇਗਾ। ਇਸ ਪਲਾਂਟ ਵਿਚ ਮੈਡੀਕਲ ਆਕਸੀਜਨ ਸਲੰਡਰ ਵੀ ਭਰੇ ਜਾਣਗੇ।
ਉਨ੍ਹਾਂ ਕਿਹਾ ਕਿ ਇਹ ਪਲਾਂਟ ਲੱਗਣ ਨਾਲ ਮਰੀਜ਼ਾਂ ਵਾਸਤੇ ਮੈਡੀਕਲ ਆਕਸੀਜਨ ਦੀ ਕੋਈ ਘਾਟ ਨਹੀਂ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਹਸਪਤਾਲ ਵਿਚ ਕੋਵਿਡ ਕੇਅਰ ਸੈਂਟਰ ਲੈਵਲ 2 ਵੀ ਬਣਾਇਆ ਜਾ ਰਿਹਾ ਹੈ ਤਾਕਿ ਇਲਾਕੇ ਦੇ ਗੰਭੀਰ ਕੋਵਿਡ ਮਰੀਜ਼ਾਂ ਦਾ ਇਥੇ ਹੀ ਇਲਾਜ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਦੂਰ ਨਾ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਇਸ ਸਮੇਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੈਡੀਕਲ ਆਕਸੀਜਨ ਦੀ ਕੋਈ ਘਾਟ ਨਹੀਂ ਪਰ ਉਨ੍ਹਾਂ ਦੀ ਪੁਰਜ਼ੋਰ ਕੋਸ਼ਿਸ਼ ਹੈ ਕਿ ਸਥਿਤੀ ਗੰਭੀਰ ਹੋਣ ਦੀ ਹਾਲਤ ਵਿਚ ਵੀ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਦਾਖ਼ਲ ਮਰੀਜ਼ਾਂ ਲਈ ਮੈਡੀਕਲ ਆਕਸੀਜਨ ਦੀ ਕੋਈ ਘਾਟ ਨਾ ਰਹੇ। ਸਿਵਲ ਸਰਜਨ ਨੇ ਹਸਪਤਾਲ ਦੇ ਵੱਖ ਵੱਖ ਵਾਰਡਾਂ ਦਾ ਵੀ ਦੌਰਾ ਕੀਤਾ ਅਤੇ ਲੋੜੀਂਦੀਆਂ ਹਦਾਇਤਾਂ ਦਿੱਤੀਆਂ।
ਡਾ. ਆਦਰਸ਼ਪਾਲ ਨੇ ਕਿਹਾ ਕਿ ਭਾਵੇਂ ਕੋਵਿਡ ਮਹਾਮਾਰੀ ਦੇ ਪਾਜ਼ੇਟਿਵ ਕੇਸ ਕਾਫ਼ੀ ਘੱਟ ਗਏ ਹਨ ਪਰ ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਹਾਲੇ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੰਘ ਦੀ ਸੁਚੱਜੀ ਸੇਧ ਹੇਠ ਕੰਮ ਕਰਦਿਆਂ ਜ਼ਿਲ੍ਹਾ ਸਿਹਤ ਵਿਭਾਗ ਕੋਵਿਡ ਮਹਾਂਮਾਰੀ ਦੇ ਖ਼ਾਤਮੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕੋਵਿਡ ਮਰੀਜ਼ਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਜਾ ਰਹੀਆਂ ਹਨ। ਉਨ੍ਹਾਂ ਦਸਿਆ ਕਿ ਇਸ ਮਹਾਂਮਾਰੀ ਤੋਂ ਬਚਾਅ ਲਈ ਲੋਕਾਂ ਦੇ ਟੀਕਾਕਰਨ ਦਾ ਕੰਮ ਵੀ ਜ਼ਿਲ੍ਹੇ ਵਿਚ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਜ਼ਿਲ੍ਹੇ ਵਿਚ ਹੁਣ ਤਕ 6 ਲੱਖ ਤੋਂ ਵੱਧ ਲੋਕਾਂ ਦਾ ਟੀਕਾਕਰਨ ਹੋ ਚੁਕਾ ਹੈ। ਉਨ੍ਹਾਂ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੇ ਲੋਕ ਖ਼ਾਸਕਰ ਬਜ਼ੁਰਗ ਹਾਲੇ ਵੀ ਟੀਕਾਕਰਨ ਤੋਂ ਵਾਂਝੇ ਹਨ, ਉਨ੍ਹਾਂ ਨੂੰ ਬਿਨਾਂ ਕਿਸੇ ਦੇਰੀ ਅਪਣੇ ਲਾਗਲੇ ਸਿਹਤ ਕੇਂਦਰ ਵਿਚ ਜਾ ਕੇ ਟੀਕਾ ਲਗਵਾਉਣਾ ਚਾਹੀਦਾ ਹੈ। ਸਾਰੀਆਂ ਸਿਹਤ ਸੰਸਥਾਵਾਂ ਵਿਚ ਕੋਵਿਡ ਟੀਕਾਕਰਨ ਬਿਲਕੁਲ ਮੁਫ਼ਤ ਹੋ ਰਿਹਾ ਹੈ।
ਉਨ੍ਹਾਂ ਪਿੰਡਾਂ ਦੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਵਾਸੀਆਂ ਨੂੰ ਪ੍ਰੇਰਿਤ ਕਰਕੇ ਟੀਕਾਕਰਨ ਕਰਵਾਉਣ। ਉਨ੍ਹਾਂ ਦੁਹਰਾਇਆ ਕਿ ਜ਼ਿਲ੍ਹੇ ਵਿਚ ਦਵਾਈ ਦੀ ਕੋਈ ਘਾਟ ਨਹੀਂ ਅਤੇ 18 ਸਾਲ ਤੋਂ ਉਪਰਲੇ ਸਾਰੇ ਵਿਅਕਤੀਆਂ ਨੂੰ ਟੀਕਾ ਲਗਵਾਉਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ। ਉਨ੍ਹਾਂ ਇਹ ਵੀ ਕਿਹਾ ਕਿ ਟੀਕਾਕਰਨ ਦੇ ਨਾਲ-ਨਾਲ ਸਾਵਧਾਨੀਆਂ ਵਰਤਣਾ ਵੀ ਬਹੁਤ ਜ਼ਰੂਰੀ ਹੈ। ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਮਾੜੀ-ਮੋਟੀ ਤਕਲੀਫ਼ ਹੋਣ ‘ਤੇ ਹਸਪਤਾਲ ਨਾ ਜਾਇਆ ਜਾਵੇ। ਇਸ ਦੀ ਬਜਾਏ ਸਿਹਤ ਵਿਭਾਗ ਦੀ ਹੈਲਪਲਾਈਨ 104 ’ਤੇ ਸੰਪਰਕ ਕਰਕੇ ਮਾਹਰ ਡਾਕਟਰ ਦੀ ਸਲਾਹ ਲਈ ਜਾਵੇ। ਇਸ ਮੌਕੇ ਨੋਡਲ ਅਫ਼ਸਰ ਡਾ. ਹਰਲੀਨ ਕੌਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Campaign

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …