ਸਿਹਤ ਵਿਭਾਗ ਨੇ 7 ਦਿਨਾਂ ਵਿੱਚ 58 ਹਜ਼ਾਰ ਬੱਚਿਆਂ ਦਾ ਕੀਤਾ ਟੀਕਾਕਰਨ

ਸਿਵਲ ਸਰਜਨ ਵੱਲੋਂ ਜ਼ਿਲ੍ਹਾ ਮੁਹਾਲੀ ਵਿੱਚ ਟੀਕਾਕਰਨ ਮੁਹਿੰਮ ਪੂਰੀ ਸਫ਼ਲਤਾ ਨਾਲ ਚੱਲਣ ਦਾ ਦਾਅਵਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਮਈ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਦੱਸਿਆ ਕਿ ਖਸਰਾ ਤੇ ਰੁਬੈਲਾ ਬੀਮਾਰੀਆਂ ਦੇ ਖ਼ਾਤਮੇ ਲਈ ਪੂਰੇ ਜ਼ਿਲ੍ਹੇ ਵਿਚ ਟੀਕਾਕਰਨ ਮੁਹਿੰਮ ਪੂਰੀ ਸਫ਼ਲਤਾ ਨਾਲ ਚੱਲ ਰਹੀ ਹੈ। ਉਨ੍ਹਾਂ ਦਸਿਆ ਕਿ ਸਿਹਤ ਅਧਿਕਾਰੀ ਵੱਖ ਵੱਖ ਸਕੂਲਾਂ ਅਤੇ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਕਿ ਉਹ ਅਪਣੇ ਬੱਚਿਆਂ ਨੂੰ ਐਮ.ਆਰ. ਦਾ ਟੀਕਾ ਜ਼ਰੂਰ ਲਗਵਾਉਣ ਅਤੇ ਲੋਕ ਵੀ ਪੂਰੇ ਉਤਸ਼ਾਹ ਨਾਲ ਅਪਣੇ ਬੱਚਿਆਂ ਦੀ ਤੰਦਰੁਸਤੀ ਲਈ ਇਹ ਟੀਕਾ ਲਗਵਾ ਰਹੇ ਹਨ। ਡਾ. ਭਾਰਦਵਾਜ ਨੇ ਕਿਹਾ ਕਿ ਕੁੱਝ ਸ਼ਰਾਰਤੀ ਅਨਸਰਾਂ ਨੇ ਇਸ ਟੀਕੇ ਵਿਰੁਧ ਸੋਸ਼ਲ ਮੀਡੀਆ ਵਿਚ ਕੂੜ ਪ੍ਰਚਾਰ ਕੀਤਾ ਸੀ ਪਰ ਲੋਕ ਇਸ ਗੁਮਰਾਹਕੁਨ ਪ੍ਰਚਾਰ ਵੱਲ ਉੱਕਾ ਹੀ ਧਿਆਨ ਨਾ ਦਿੰਦਿਆਂ ਅਪਣੇ ਬੱਚਿਆਂ ਨੂੰ ਖਸਰਾ/ਰੁਬੈਲਾ ਦਾ ਟੀਕਾ ਲਗਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਕ ਮਈ ਤੋਂ ਸ਼ੁਰੂ ਹੋਈ ਸੂਬਾ ਪੱਧਰੀ ਟੀਕਾਕਰਨ ਮੁਹਿੰਮ ਤਹਿਤ ਜ਼ਿਲ੍ਹਾ ਐਸ.ਏ.ਐਸ.ਨਗਰ ਵਿਚ ਹੁਣ ਤਕ 58,469 ਬੱਚਿਆਂ ਨੂੰ ਐਮ.ਆਰ. ਦੇ ਟੀਕੇ ਲਾਏ ਜਾ ਚੁਕੇ ਹਨ।
ਸਿਵਲ ਸਰਜਨ ਨੇ ਦੱਸਿਆ ਕਿ ਇਹ ਟੀਕੇ 9 ਮਹੀਨੇ ਤੋਂ 15 ਸਾਲ ਤਕ ਦੇ ਬੱਚਿਆਂ ਨੂੰ ਲਗਾਏ ਜਾ ਰਹੇ ਹਨ ਹਨ ਅਤੇ ਜ਼ਿਲ੍ਹਾ ਐਸ.ਏ.ਐਸ.ਨਗਰ ਵਿਚ ਤਿੰਨ ਲੱਖ ਤੋਂ ਵੱਧ ਬੱਚਿਆਂ ਨੂੰ ਐਮ.ਆਰ. ਦੇ ਟੀਕੇ ਲਾਏ ਜਾਣ ਦਾ ਟੀਚਾ ਹੈ। ਜੂਨ ਤਕ ਚੱਲਣ ਵਾਲੀ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹੇ ਵਿਚ 688 ਸਿਹਤ ਕਾਮਿਆਂ ਦੀਆਂ 172 ਟੀਮਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ 80 ਸੁਪਰਵਾਇਜ਼ਰ ਮੁਹਿੰਮ ਦੀ ਦੇਖ-ਰੇਖ ਕਰ ਰਹੇ ਹਨ। ਸਿਵਲ ਸਰਜਨ ਨੇ ਦਸਿਆ ਕਿ ਟੀਕਾਕਰਨ ਮੁਹਿੰਮ ਪ੍ਰਤੀ ਲੋਕਾਂ ਖ਼ਾਸਕਰ ਬੱਚਿਆਂ ਦੇ ਮਾਪਿਆਂ ਅੰਦਰ ਕਾਫ਼ੀ ਉਤਸ਼ਾਹ ਹੈ। ਉਨ੍ਹਾਂ ਦਸਿਆ ਕਿ ਜਿਹੜੇ ਮਾਪਿਆਂ ਨੇ ਅਪਣੇ ਬੱਚਿਆਂ ਨੂੰ ਟੀਕੇ ਲਗਵਾਉਣ ਤੋਂ ਇਨਕਾਰ ਕੀਤਾ ਸੀ, ਉਨ੍ਹਾਂ ਖ਼ੁਦ ਸਕੂਲਾਂ ਵਿੱਚ ਆ ਕੇ ਅਪਣੇ ਬੱਚਿਆਂ ਨੂੰ ਟੀਕੇ ਲਗਵਾਉਣ ਦੀ ਸਹਿਮਤੀ ਦਿਤੀ ਤੇ ਟੀਕੇ ਵਿਰੁਧ ਅਫ਼ਵਾਹਾਂ ਨੂੰ ਪੂਰੀ ਤਰ੍ਹਾਂ ਠੱਲ੍ਹ ਪਾਈ ਜਾ ਚੁਕੀ ਹੈ।
ਸਿਵਲ ਸਰਜਨ ਨੇ ਕਿਹਾ ਕਿ ਇਹ ਟੀਕਾ ਬਿਲਕੁਲ ਸੁਰੱਖਿਅਤ ਹੈ ਅਤੇ ਇਸ ਦਾ ਕੋਈ ਮਾੜਾ ਅਸਰ ਨਹੀਂ ਹੁੰਦਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਐਮ.ਆਰ. ਟੀਕੇ ਬਾਰੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ’ਤੇ ਬਿਲਕੁਲ ਵੀ ਯਕੀਨ ਨਾ ਕਰਨ। ਉਨ੍ਹਾਂ ਦੱਸਿਆ ਕਿ 15 ਸੂਬਿਆਂ ਵਿਚ ਇਹ ਟੀਕਾਕਰਨ ਮੁਹਿੰਮ ਸਫ਼ਲਤਾ ਨਾਲ ਨੇਪਰੇ ਚੜ੍ਹ ਗਈ ਹੈ ਅਤੇ ਕਰੀਬ ਅੱਠ ਕਰੋੜ ਬੱਚਿਆਂ ਨੂੰ ਟੀਕੇ ਲਾਏ ਜਾ ਚੁਕੇ ਹਨ। ਕਿਤਿਉਂ ਵੀ ਕੋਈ ਸ਼ਿਕਾਇਤ ਨਹੀਂ ਆਈ। ਇਹ ਟੀਕਾ ਸਰਕਾਰੀ/ ਪ੍ਰਾਈਵੇਟ ਸਕੂਲਾਂ, ਆਂਗਣਵਾੜੀ ਸੈਂਟਰਾਂ ਅਤੇ ਡੇਅ ਕੇਅਰ ਸੈਂਟਰਾਂ ਵਿੱਚ ਮੁਫ਼ਤ ਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਐਮ.ਆਰ ਦੇ ਇਕ ਟੀਕੇ ਨਾਲ ਦੋ ਬੀਮਾਰੀਆਂ ਦਾ ਖ਼ਾਤਮਾ ਹੋਵੇਗਾ ਅਤੇ ਇਹ ਟੀਕੇ ਸਰਕਾਰੀ ਪੱਧਰ ’ਤੇ ਹੀ ਲਗਣਗੇ। ਉਨ੍ਹਾਂ ਦਸਿਆ ਕਿ ਖਸਰਾ ਜਾਨਲੇਵਾ ਬੀਮਾਰੀ ਹੈ ਜਿਸ ਦਾ ਨਤੀਜਾ ਨਿਮੋਨੀਆ, ਦਸਤ, ਜੀਵਨ ਲਈ ਹੋਰ ਘਾਤਕ ਬੀਮਾਰੀਆਂ ਵਜੋਂ ਨਿਕਲ ਸਕਦਾ ਹੈ। ਰੁਬੈਲਾ ਕਾਰਨ ਜਨਮ ਸਮੇਂ ਬੱਚਿਆਂ ਨੂੰ ਅੰਨ੍ਹਾਪਣ, ਬੋਲਾਪਣ ਅਤੇ ਕਮਜ਼ੋਰ ਦਿਮਾਗ, ਦਿਲ ਦੀਆਂ ਜਮਾਂਦਰੂ ਬੀਮਾਰੀਆਂ ਹੋ ਸਕਦੀਆਂ ਹਨ।

Load More Related Articles
Load More By Nabaz-e-Punjab
Load More In Food and health

Check Also

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ ਅੱਤ ਗਰਮ…