nabaz-e-punjab.com

ਸਿਹਤ ਵਿਭਾਗ ਨੇ ਵਿਦਿਆਰਥੀਆਂ ਨੂੰ ਤੰਬਾਕੂ-ਮੁਕਤ ਜ਼ਿੰਦਗੀ ਜਿਊਣ ਲਈ ਪ੍ਰੇਰਿਆ

ਲੌਂਗੋਵਾਲ ਪਾਲੀਟੈਕਨਿਕ ਕਾਲਜ ਵਿੱਚ ਹੋਇਆ ਤੰਬਾਕੂ ਵਿਰੋਧੀ ਸੈਮੀਨਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਕਤੂਬਰ:
ਕਾਲਜ ਦੇ ਵਿਦਿਆਰਥੀਆਂ ਨੂੰ ਤੰਬਾਕੂ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਕਿਹਾ ਕਿ ਇਹ ਭੈੜੀ ਆਦਤ ਉਨ੍ਹਾਂ ਦਾ ਹੀ ਨਹੀਂ ਸਗੋਂ ਉਨ੍ਹਾਂ ਦੇ ਪਰਵਾਰ ਦਾ ਵੀ ਆਰਥਕ ਤੇ ਮਾਨਸਿਕ ਤੌਰ ’ਤੇ ਨੁਕਸਾਨ ਕਰਦੀ ਹੈ। ਇਸ ਲਈ ਖ਼ੁਦ ਵੀ ਇਸ ਲਾਹਨਤ ਤੋਂ ਬਚਿਆ ਜਾਵੇ ਅਤੇ ਅਪਣੇ ਦੋਸਤਾਂ-ਮਿੱਤਰਾਂ ਨੂੰ ਵੀ ਇਸ ਤੋਂ ਬਚਣ ਲਈ ਪ੍ਰੇਰਿਆ ਜਾਵੇ। ਡਾ. ਭਾਰਦਵਾਜ ਡੇਰਾਬੱਸੀ ਦੇ ਲੌਂਗੋਵਾਲ ਪਾਲੀਟੈਕਨਿਕ ਕਾਲਜ ਵਿਚ ਤੰਬਾਕੂ ਵਿਰੋਧੀ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ। ਤੱਥਾਂ ਅਤੇ ਅੰਕੜਿਆਂ ਦਾ ਹਵਾਲਾ ਦੇ ਕੇ ਉਨ੍ਹਾਂ ਦਸਿਆ ਕਿ ਸਿਗਰਟ, ਬੀੜੀ, ਜ਼ਰਦਾ, ਪਾਨ ਮਸਾਲਾ, ਈ ਸਿਗਰਟ, ਚਿਲਮ ਆਦਿ ਤੰਬਾਕੂ ਪਦਾਰਥਾਂ ਦੀ ਵਰਤੋਂ ਨਾਲ ਦੇਸ਼ ਵਿਚ ਹਰ ਰੋਜ਼ ਲਗਭਗ 3500 ਵਿਅਕਤੀਆਂ ਦੀ ਮੌਤ ਹੁੰਦੀ ਹੈ ਅਤੇ ਸੰਸਾਰ ਭਰ ਵਿਚ ਹੋਣ ਵਾਲੀਆਂ 10 ਮੌਤਾਂ ’ਚੋਂ ਇਕ ਮੌਤ ਸਿਗਰਟ ਪੀਣ ਦੀ ਆਦਤ ਕਾਰਨ ਹੁੰਦੀ ਹੈ। ਪਹਿਲਾਂ ਨੋਜਵਾਨ ਦੋਸਤਾਂ ਦੀ ਰੀਸੋ-ਰੀਸ ਤੰਬਾਕੂ ਖਾਣਾ ਸ਼ੁਰੂ ਕਰਦਾ ਹੈ, ਫਿਰ ਇਸ ਦੇ ਪੱਕੇ ਤੌਰ ’ਤੇ ਲਪੇਟੇ ਵਿਚ ਆ ਜਾਂਦਾ ਹੈ। ਇਹ ਮਿੱਠਾ ਜ਼ਹਿਰ ਹੈ ਜਿਹੜਾ ਵਿਅਕਤੀ ਦੀ ਜਾਨ ਵੀ ਲੈ ਲੈਂਦਾ ਹੈ, ਇਸ ਲਈ ਤੰਬਾਕੂ ਦਾ ਖਹਿੜਾ ਛੱਡ ਕੇ ਚੰਗੀ ਜ਼ਿੰਦਗੀ ਦਾ ਪੱਲਾ ਫੜਿਆ ਜਾਵੇ।
ਜ਼ਿਲ੍ਹਾ ਤੰਬਾਕੂ ਸੈੱਲ ਦੇ ਸਲਾਹਕਾਰ ਡਾ. ਰੁਪਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੰਬਾਕੂ ਦੀ ਵਰਤੋਂ ਕਾਰਨ ਭਾਰਤ ਵਿਚ ਹਰ ਸਾਲ ਅੌਸਤਨ 10 ਲੱਖ ਤੋਂ ਵੱਧ ਅਤੇ ਪੰਜਾਬ ਵਿਚ ਹਰ ਰੋਜ਼ ਅੌਸਤਨ ਚਾਲੀ ਤੋਂ ਵੱਧ ਮੌਤਾਂ ਹੁੰਦੀਆਂ ਹਨ। ਉਨ੍ਹਾਂ ਦਸਿਆ ਕਿ ਤੰਬਾਕੂ ਵਿਰੋਧੀ ਕਾਨੂੰਨ ਤਹਿਤ ਸਕੂਲ ਜਾਂ ਵਿਦਿਅਕ ਅਦਾਰੇ ਦੀ ਬਾਹਰੀ ਕੰਧ ਦੇ 100 ਗਜ਼ ਦੂਰ ਤਕ ਦੇ ਘੇਰੇ ਵਿਚ ਕੋਈ ਵੀ ਵਿਅਕਤੀ ਤੰਬਾਕੂ ਪਦਾਰਥ ਨਹੀਂ ਵੇਚ ਸਕਦਾ ਤੇ ਨਾ ਹੀ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਤੰਬਾਕੂ ਪਦਾਰਥ ਵੇਚੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਤੰਬਾਕੂ ਦੀ ਆਦਤ ਛਡਣਾ ਕੋਈ ਅੌਖੀ ਗੱਲ ਨਹੀਂ। ਵਿਅਕਤੀ ਅਪਣਾ ਮਨ ਪੱਕਾ ਕਰ ਲਵੇ ਤਾਂ ਇਸ ਤੋਂ ਸਹਿਜੇ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ।
ਡਾਕਟਰੀ ਸਲਾਹ ਲਈ ਮੁਹਾਲੀ ਦੇ ਸੈਕਟਰ 66 ਦੇ ਨਸ਼ਾ ਛੁਡਾਊ ਕੇਂਦਰ ਵਿਚ ਤੈਨਾਤ ਮਾਹਰ ਡਾਕਟਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਿਥੇ ਇਸ ਕਿਸੇ ਵੀ ਤਰ੍ਹਾਂ ਦਾ ਨਸ਼ਾ ਛੁਡਾਉਣ ਲਈ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਡਾ. ਰੁਪਿੰਦਰ ਕੌਰ ਨੇ ਕਿਹਾ ਕਿ ਤੰਬਾਕੂ ਕਾਰਨ ਫੇਫੜਿਆਂ, ਮੂੰਹ ਅਤੇ ਗਲੇ ਦਾ ਕੈਂਸਰ ਹੋ ਜਾਂਦਾ ਹੈ। ਦੰਦ ਅਤੇ ਮਸੂੜੇ ਖ਼ਰਾਬ ਹੋ ਜਾਂਦੇ ਹਨ। ਦਿਲ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਤੰਬਾਕੂ ਸਭ ਤੋਂ ਖ਼ਤਰਨਾਕ ਨਸ਼ਾ ਅਤੇ ਸਮੇਂ ਤੋਂ ਪਹਿਲਾਂ ਮੌਤ ਦੇਣ ਵਾਲਾ ਧੀਮੀ ਗਤੀ ਦਾ ਜ਼ਹਿਰ ਹੈ। ਸੰਸਾਰ ਸਿਹਤ ਸੰਸਥਾ ਮੁਤਾਬਕ ਇਕ ਸਿਗਰਟ ਜ਼ਿੰਦਗੀ ਦੇ 11 ਮਿੰਟ ਅਤੇ ਸਿਗਰਟ ਦਾ ਇਕ ਪੈਕੇਟ ਤਿੰਨ ਘੰਟੇ 40 ਮਿੰਟ ਖੋਹ ਲੈਂਦਾ ਹੈ। ਇਸ ਮੌਕੇ ਤੰਬਾਕੂ ਸਬੰਧੀ ਵਿਦਿਆਰਥੀਆਂ ਦੇ ਡਰਾਇੰਗ ਮੁਕਾਬਲੇ ਵੀ ਕਰਵਾਏ ਗਏ। ਪਹਿਲੇ, ਦੂਜੇ ਅਤੇ ਤੀਜੇ ਨੰਬਰ ’ਤੇ ਆਏ ਕ੍ਰਮਵਾਰ ਪੂਜਾ, ਹਰਪ੍ਰੀਤ, ਪ੍ਰੀਤ ਤੇ ਸੁਮਿਤ ਅਤੇ ਹੋਰ ਵਿਦਿਆਰਥੀਆਂ ਨੂੰ ਟਰਾਫ਼ੀਆਂ ਦਿਤੀਆਂ ਗਈਆਂ। ਸੈਮੀਨਾਰ ਵਿਚ ਡਾ. ਰੁਪਿੰਦਰ ਕੌਰ ਵਾਲੀਆ, ਐਸਐਮਓ ਡਾ. ਸੰਗੀਤਾ ਜੈਨ, ਡਾ. ਰੁਪਿੰਦਰ ਕੌਰ, ਕਾਲਜ ਦੀ ਪ੍ਰਿੰਸੀਪਲ ਡਾ. ਰੋਜ਼ੀ ਕਟਿਆਲ, ਭੁਪਿੰਦਰ ਸਿੰਘ, ਰਾਜਿੰਦਰ ਸਿੰਘ, ਸਰਬਜੀਤ ਸਿੰਘ ਆਦਿ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…