ਫਰਜ਼ੀਵਾੜਾ: ਸਿਹਤ ਵਿਭਾਗ ਦੇ ਅਧਿਕਾਰੀ ਜਾਂਚ ਲਈ ਨਹੀਂ ਭੇਜਦੇ ਸੈਂਪਲ, ਵਿਜੀਲੈਂਸ ਨੇ ਜਾਂਚ ਆਰੰਭੀ

ਖਾਣ-ਪੀਣ ਦੀਆਂ ਵਸਤਾਂ ਦੇ ਸੈਂਪਲਾਂ ਦੇ ਰਿਕਾਰਡ ’ਚ ਫਰਜ਼ੀਵੜੇ ਦੀ ਜਾਂਚ ਲਈ ਵਿਜੀਲੈਂਸ ਬਿਊਰੋ ਵੱਲੋਂ ਇਨਕੁਆਰੀ ਦਰਜ

ਸਮੁੱਚੇ ਮਾਮਲੇ ਦੀ ਜਾਂਚ ਕਰਨ ਦੀ ਜ਼ਿੰਮੇਵਾਰੀ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਦੇ ਐਸਐਸਪੀ ਨੂੰ ਸੌਂਪੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ\ਮੁਹਾਲੀ, 4 ਮਾਰਚ:
ਪੰਜਾਬ ਵਿਜੀਲੈਂਸ ਬਿਊਰੋ ਨੇ ਪੁਖਤਾ ਸਬੂਤਾਂ ਦੇ ਆਧਾਰ ਤੇ ਰਾਜ ਵਿੱਚ ਖਾਣ ਪੀਣ ਵਾਲੀਆਂ ਵਸਤਾਂ ਦੇ ਮਿਆਰ ਨੂੰ ਚੈੱਕ ਕਰਨ ਲਈ ਭਰੇ ਜਾਂਦੇ ਨਮੂਨਿਆਂ ਦੀ ਪਰਖ ਅਤੇ ਉਨਾਂ ਦਾ ਰਿਕਾਰਡ ਰੱਖਣ ਵਿੱਚ ਕੁਤਾਹੀ ਵਰਤਣ ਵਿਰੁੱਧ ਵਿਜੀਲੈਂਸ ਇੰਕੁਆਰੀ ਦਰਜ ਕੀਤੀ ਗਈ ਹੈ ਤਾਂ ਜੋ ਇਸ ਸਬੰਧੀ ਹੋ ਰਹੇ ਫਰਜ਼ੀਵਾੜੇ ਦਾ ਪਰਦਾਫਾਸ਼ ਕੀਤਾ ਜਾ ਸਕੇ। ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਤੇ ਡੀਜੀਪੀ ਬੀ.ਕੇ. ਉੱਪਲ ਨੇ ਦੱਸਿਆ ਕਿ ਸਿਹਤ ਅਤੇ ਖੁਰਾਕ ਵਿਭਾਗ ਵੱਲੋਂ ਰਾਜ ਵਿੱਚ ਖਾਣ ਵਾਲੀਆਂ ਪੀਣ ਵਾਲੀਆਂ ਵਸਤਾਂ ਦੀ ਮਿਲਾਵਟ ਵਿਰੁੱਧ ਚੈਕਿੰਗ ਉਪਰੰਤ ਸਟੇਟ ਫੂਡ ਐਂਡ ਕੈਮੀਮਲ ਲੈਬਾਰਟਰੀ ਖਰੜ ਚੋਂ ਪੜਤਾਲ ਕਰਵਾਈ ਜਾਂਦੀ ਹੈ ਪਰ ਇਕ ਮੁੱਢਲੀ ਪੜਤਾਲ ਤੋਂ ਇਹ ਸਾਹਮਣੇ ਆਇਆ ਹੈ ਕਿ ਖੁਰਾਕੀ ਵਸਤਾਂ ਦੇ ਲਏ ਜਾਂਦੇ ਸਾਰੇ ਨਮੂਨੇ ਅੱਗੇ ਲੈਬਾਰਟਰੀ ਵਿੱਚ ਪਰਖ ਲਈ ਨਹੀਂ ਭੇਜੇ ਜਾਂਦੇ ਕਿਉਂਕਿ ਵਿਭਾਗ ਦੇ ਕਰਮਚਾਰੀਆਂ ਵੱਲੋਂ ਸਬੰਧਤ ਦੁਕਾਨਦਾਰਾਂ ਜਾਂ ਹੋਟਲ ਮਾਲਕਾਂ ਨਾਲ ਮਿਲੀਭੁਗਤ ਕਰਕੇ ਮਾਮਲਾ ਦਬਾ ਦਿੱਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਸਹੂਲਤਾਂ ਨੂੰ ਧਿਆਨ ਵਿੱਚ ਰਖਦੇ ਹੋਏ ਖਾਣ-ਪੀਣ ਦੀਆਂ ਵਸਤਾਂ ਦੇ ਮਿਆਰ ਨੂੰ ਸਹੀ ਰੱਖਣ ਲਈ ਸਿਹਤ ਵਿਭਾਗ ਅਤੇ ਖੁਰਾਕ ਸਪਲਾਈ ਵਿਭਾਗ ਪੰਜਾਬ ਨੂੰ ਸਮੇਂ-ਸਮੇਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਜਿਸ ਕਰਕੇ ਇੰਨਾਂ ਵਿਭਾਗਾਂ ਵੱਲੋਂ ਸਮੇਂ-ਸਮੇਂ ਪਰ ਵੱਖ-ਵੱਖ ਡੇਅਰੀਆਂ, ਮਠਿਆਈ ਦੀਆਂ ਦੁਕਾਨਾਂ, ਹੋਟਲਾਂ ਅਤੇ ਹੋਰ ਦੁਕਾਨਾਂ ਦੀ ਚੈਕਿੰਗ ਕਰਕੇ ਖਾਣ ਪੀਣ ਵਾਲੇ ਸਮਾਨ ਦੇ ਨਮੂਨੇ ਭਰੇ ਜਾਂਦੇ ਹਨ ਅਤੇ ਸਹਾਇਕ ਕਮਿਸਨਰ, ਫੂਡ ਸੇਫਟੀ ਦਫਤਰ ਭੇਜਕੇ ਇੰਨਾਂ ਸੈਪਲਾਂ ਨੂੰ ਐਨਾਲਾਈਜ਼ ਕਰਨ ਲਈ ਖਰੜ ਦੀ ਲੈਬੋਰਟਰੀ ਭੇਜਿਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਵਿਜੀਲੈਂਸ ਬਿਊਰੋ ਦੀ ਮੁੱਢਲੀ ਜਾਂਚ ਦੌਰਾਨ ਪਤਾ ਲਗਾ ਹੈ ਕਿ ਸਿਹਤ ਵਿਭਾਗ ਜੋ ਖਾਣ-ਪੀਣ ਵਾਲੇ ਸਮਾਨ ਦੇ ਸੈਂਪਲ ਲੈਂਦਾ ਹੈ, ਉਨ੍ਹਾਂ ਸਾਰੇ ਸੈਪਲਾਂ ਵਿੱਚੋਂ ਜਿੰਨਾਂ ਦੁਕਾਨਾਂ/ਰੈਸਟੋਰੈਂਟਾਂ ਦੇ ਮਾਲਕਾਂ ਨਾਲ ਮਾਮਲਾ ਸੈਟ ਹੋ ਜਾਂਦਾ ਹੈ ਉਨ੍ਹਾਂ ਦੇ ਸੈਂਪਲਾਂ ਨੂੰ ਐਨਾਲਾਈਜ ਕਰਨ ਲਈ ਲੈਬੋਰਟਰੀ ਵਿੱਚ ਨਹੀਂ ਭੇਜਿਆ ਜਾਂਦਾ।
ਸ੍ਰੀ ਉਪਲ ਨੇ ਦੱਸਿਆ ਕਿ ਇਸ ਮਾਮਲੇ ਦਾ ਪਤਾ ਲਗਾਉਣ ਲਈ ਵਿਜੀਲੈਂਸ ਬਿਊਰੋ ਦੀ ਮੈਡੀਕਲ ਟੀਮ ਵੱਲੋਂ ਸਾਲ 2018-19 ਦਾ ਸਹਾਇਕ ਕਮਿਸਨਰ ਫੂਡ ਸੇਫਟੀ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਅਤੇ ਤਰਨਤਾਰਨ ਵੱਲੋਂ ਪ੍ਰਾਪਤ ਕੀਤੇ ਸੈਂਪਲਾਂ ਦਾ ਰਿਕਾਰਡ ਅਤੇ ਸਟੇਟ ਫੂਡ ਐਂਡ ਕੈਮੀਕਲ ਲੈਬੋਰਟਰੀ ਖਰੜ ਦਾ ਰਿਕਾਰਡ ਹਾਸਲ ਕਰਕੇ ਮਿਲਾਨ ਕਰਨ ਮੌਕੇ ਕਾਫੀ ਅੰਤਰ ਪਾਇਆ ਗਿਆ। ਸਾਲ 2018 ਵਿੱਚ ਅੰਮ੍ਰਿਤਸਰ ਵੱਲੋਂ ਕੁੱਲ 1115 ਸੈਂਪਲ ਭੇਜੇ ਗਏ ਅਤੇ ਖਰੜ ਲੈਬਾਰਟਰੀ ਵਿੱਚ 1113 ਸੈਂਪਲ ਪ੍ਰਾਪਤ ਹੋਣ ਦਰਸਾਏ ਗਏ। ਇਨਾਂ ਵਿੱਚੋਂ ਖਰੜ ਲੈਬੋਰਟਰੀ ਦੇ ਰਿਪੋਰਟ ਅਨੁਸਾਰ 851 ਸੈਂਪਲ ਫੇਲ ਹੋਏ ਜਦ ਕਿ ਅੰਮ੍ਰਿਤਸਰ ਦੀ ਰਿਪੋਰਟ ਅਨੁਸਾਰ ਇਹ ਗਿਣਤੀ 497 ਹੈ। ਇਸੇ ਤਰਾਂ 2019 ਵਿੱਚ ਅੰਮ੍ਰਿਤਸਰ ਵੱਲੋਂ 599 ਸੈਂਪਲ ਭੇਜੇ ਗਏ ਜਦਕਿ ਖਰੜ ਲੈਬੋਰਟਰੀ ਵੱਲੋਂ 597 ਦਿਖਾਏ ਗਏ ਹਨ। ਇਹਨਾਂ ਵਿੱਚੋਂ ਖਰੜ ਲੈਬੋਰਟਰੀ ਵੱਲੋਂ 217 ਸੈਂਪਲ ਫੇਲ ਦਰਸਾਏ ਗਏ ਜਦ ਕਿ ਅੰਮ੍ਰਿਤਸਰ ਦੀ ਰਿਪੋਰਟ ਵਿੱਚ ਇਹ ਅੰਕੜਾ 172 ਦਰਸਾਇਆ ਗਿਆ ਹੈ।
ਵਿਜੀਲੈਂਸ ਮੁਖੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਰਿਕਾਰਡ ਵਾਚਣ ਤੇ ਇਹ ਵੀ ਪਾਇਆ ਗਿਆ ਕਿ ਫੂਡ ਸੈਂਪਲਾਂ ਸਬੰਧੀ ਰਿਕਾਰਡ ਨੂੰ ਸਹੀ ਤਰੀਕੇ ਨਾਲ ਮੇਨਟੇਨ ਨਹੀਂ ਕੀਤਾ ਗਿਆ। ਫੂਡ ਸੈਂਪਲਾਂ ਨੂੰ ਸੀਲ ਕਰਨ ਲਈ ਜੋ ਸਲਿਪਾਂ ਦਿੱਤੀਆਂ ਜਾਂਦੀਆਂ ਹਨ ਉਨ੍ਹਾਂ ਨੂੰ ਪ੍ਰਾਪਤ ਕਰਨ ਵਾਲਾ ਫੂਡ ਸਪਲਾਈ ਅਫਸਰ ਹੋਰ ਹੈ ਅਤੇ ਮਠਿਆਈ ਅਤੇ ਰੈਸਟੋਰੈਟਾਂ ਦੇ ਸੈਂਪਲ ਪ੍ਰਾਪਤ ਕਰਨ ਵਾਲਾ ਫੂਡ ਸਪਲਾਈ ਅਫਸਰ ਹੋਰ ਹੈ। ਇਸ ਤੋਂ ਇਲਾਵਾ ਕੁਝ ਫੂਡ ਸੈਂਪਲਾਂ ਨੂੰ ਸੀਲ ਕਰਨ ਵਾਲੀਆਂ ਸਲਿਪਾਂ ਫੂਡ ਸਪਲਾਈ ਵਿਭਾਗ ਦੇ ਡਰਾਈਵਰਾਂ, ਦਰਜ-4 ਕਰਮਚਾਰੀਆਂ ਜਾਂ ਕਲਰਕਾਂ ਨੂੰ ਵੀ ਜਾਰੀ ਕੀਤੀਆਂ ਗਈਆਂ ਹਨ ਜਦ ਕਿ ਨਿਯਮਾਂ ਅਨੁਸਾਰ ਇਨ੍ਹਾਂ ਨੂੰ ਜਾਰੀ ਨਹੀਂ ਕੀਤੀਆਂ ਜਾ ਸਕਦੀਆਂ।

Load More Related Articles
Load More By Nabaz-e-Punjab
Load More In Awareness/Campaigns

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …