
ਕਰੋਨਾ ਪੀੜਤ ਪਰਿਵਾਰਾਂ ਦੀ ਸਾਰ ਨਹੀਂ ਲੈ ਰਿਹਾ ਹੈ ਸਿਹਤ ਵਿਭਾਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਾਰਚ:
ਅਜੋਕੇ ਸਮੇਂ ਵਿੱਚ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਜਿਵੇਂ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੇ ਉਲਟ ਪੀੜਤ ਮਰੀਜ਼ਾਂ ਨੂੰ ਕਰੋਨਾ ਕਿੱਟਾਂ ਦੇਣਾ ਤਾਂ ਇਕ ਪਾਸੇ ਉਨ੍ਹਾਂ ਦਾ ਫੋਨ ’ਤੇ ਹਾਲ ਤੱਕ ਨਹੀਂ ਪੁੱਛਿਆ ਜਾ ਰਿਹਾ। ਇੱਥੋਂ ਦੇ ਫੇਜ਼-3ਬੀ1 ਵਾਸੀ ਜਸਵਿੰਦਰ ਕੌਰ ਰਾਣਾ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਅਜਿਹਾ ਹੀ ਵਾਪਰਿਆ ਹੈ, ਉਕਤ ਪਰਿਵਾਰ 13 ਮਾਰਚ ਨੂੰ ਕਰੋਨਾ ਪੀੜਤ ਹੋ ਗਿਆ ਸੀ। ਇਹ ਵਰਦਾਤਾ ਸਿਹਤ ਵਿਭਾਗ ਦੀ ਮਾੜੀ ਕਾਰਗੁਜ਼ਾਰੀ ਦਾ ਨਮੂਨਾ ਪੇਸ਼ ਕਰਦਾ ਹੈ। ਪਹਿਲਾਂ ਲੋਕਾਂ ਤੋਂ ਸੁਣਿਆ ਕਰਦੇ ਸੀ ਕਿ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਪ੍ਰਬੰਧ ਜ਼ਿਆਦਾਤਰ ਦਿਖਾਵਾ ਮਾਤਰ ਹਨ, ਪਰ ਹੁਣ ਇਹ ਸਾਰਾ ਕੁੱਝ ਉਨ੍ਹਾਂ ਦੇ ਪਰਿਵਾਰ ਨਾਲ ਬੀਤੀ ਹੈ।
ਪੀੜਤ ਪਰਿਵਾਰ ਦੀ ਜਾਣਕਾਰੀ ਅਨੁਸਾਰ ਹੈਰਾਨੀ ਵਾਲੀ ਗੱਲ ਹੈ ਕਿ ਰਾਣਾ ਪਰਿਵਾਰ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਜਾਂ ਮੁਲਾਜ਼ਮ ਨੇ ਫੋਨ ਕਰਕੇ ਜਾਣਕਾਰੀ ਤਾਂ ਹਾਸਲ ਕਰਨ ਉਪਰੰਤ ਕਿਹਾ ਕਿ ਤੁਹਾਨੂੰ ਸਿਹਤ ਵਿਭਾਗ ਵੱਲੋਂ ਸੰਪਰਕ ਕਰਕੇ ਕਰੋਨਾ ਕਿੱਟ ਦਿੱਤੀ ਜਾਵੇਗੀ, ਪਰ ਹੈਰਾਨੀ ਦੀ ਗੱਲ ਹੈ ਕਿ ਸਿਹਤ ਵਿਭਾਗ ਦੇ ਕਿਸੇ ਵੀ ਕਰਮਚਾਰੀ ਵੱਲੋਂ ਕਰੋਨਾ ਕਿੱਟ ਦੇਣਾ ਤਾਂ ਇਕ ਪਾਸੇ, ਕਿਸੇ ਨੇ ਵੀ ਫੋਨ ਤੱਕ ਨਹੀਂ ਕੀਤਾ। ਉਕਤ ਪਰਿਵਾਰ ਦਾ ਕਹਿਣਾ ਹੈ ਕਿ ਬਿਮਾਰੀ ਦੌਰਾਨ ਸਿਵਲ ਸਰਜਨ ਨੂੰ ਜਾਣਕਾਰੀ ਵੀ ਮੁਹੱਈਆ ਕਰਵਾਈ ਗਈ ਸੀ, ਪਰ ਸਿਹਤ ਵਿਭਾਗ ਤੇ ਅਫਸੋਸ, ਉਹ ਪ੍ਰਮਾਤਮਾ ਦੀ ਮਿਹਰ ਸਦਕਾ ਠੀਕ ਹੋ ਗਏ ਹਨ।
ਪਰਿਵਾਰ ਮੁਤਾਬਕ ਉਨ੍ਹਾਂ ਆਪਣੇ ਪੱਧਰ ਤੇ ਕੁਝ ਕਰੋਨਾ ਪੀੜਤਾਂ ਨਾਲ ਸੰਪਰਕ ਕੀਤਾ ਤਾਂ ਪੀੜਤਾਂ ਰਾਜੀਵ ਵਸ਼ਿਸ਼ਟ, ਸੁਰਿੰਦਰ ਕੁਮਾਰ ਉਨ੍ਹਾਂ ਦਾ ਪੁੱਤਰ, ਹਰਦੀਪ ਸਿੰਘ ਸੋਢੀ ਸਮੇਤ ਕਈ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਕਿੱਟ ਨਹੀਂ ਦਿੱਤੀ ਗਈ। ਉਧਰ, ਉਕਤ ਇਹ ਗੰਭੀਰ ਮਾਮਲੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਧਿਆਨ ਵਿੱਚ ਲਿਆਂਦੇ ਗਏ ਹਨ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਕਥਿਤ ਲਾਪਰਵਾਹੀ ਵਰਤਣ ਵਾਲੇ ਕਰਮਚਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਦਾ ਕਹਿਣਾ ਹੈ ਕਿ ਉਹ ਖਾਣਾ ਖਾ ਰਹੇ ਹਨ, ਉਨ੍ਹਾਂ ਨੂੰ ਵਟਸਐਪ ਤੇ ਲਿਖ ਕੇ ਜਾਣਕਾਰੀ ਭੇਜੀ ਜਾਵੇ, ਉਹ ਚੈੱਕ ਕਰਵਾ ਲੈਣਗੇ।