
ਸਿਹਤ ਵਿਭਾਗ ਨੇ ਪੰਜਾਬ ਦੇ ਮੱਥੇ ’ਤੇ ਲੱਗਾ ‘ਕੁੜੀ ਮਾਰ’ ਦਾ ਕਲੰਕ ਧੋਣ ’ਚ ਵੱਡਾ ਰੋਲ ਨਿਭਾਇਆ: ਸਿਵਲ ਸਰਜਨ
ਅਜੋਕੇ ਸਮੇਂ ਵਿੱਚ ਧੀਆਂ ਪ੍ਰਤੀ ਸੋਚ ਵਿੱਚ ਕਾਫ਼ੀ ਬਦਲਾਅ ਆਇਆ: ਸਿਵਲ ਸਰਜਨ
ਸਰਕਾਰੀ ਹਸਪਤਾਲ ਦੇ ਵਿਹੜੇ ਵਿੱਚ ਮਨਾਈ ਨਵਜੰਮੀਆਂ ‘ਧੀਆਂ ਦੀ ਲੋਹੜੀ’
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜਨਵਰੀ:
ਸਿਹਤ ਵਿਭਾਗ ਵੱਲੋਂ ਇੱਥੋਂ ਦੇ ਫੇਜ਼-6 ਸਥਿਤ ਸਰਕਾਰੀ ਹਸਪਤਾਲ ਵਿਖੇ ਜ਼ਿਲ੍ਹਾ ਪੱਧਰੀ ਲੋਹੜੀ ਸਮਾਗਮ ਕਰਵਾਇਆ ਗਿਆ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਨਵਜੰਮੀਆਂ ਧੀਆਂ ਤੇ ਨਵਜੰਮੇ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਤੋਹਫ਼ੇ ਦੇ ਕੇ ਲੋਹੜੀ ਦੀ ਵਧਾਈ ਦਿੱਤੀ ਅਤੇ ਜੱਚਾ-ਬੱਚਾ ਦੀ ਸਿਹਤ ਬਾਰੇ ਜਾਣਿਆ। ਇਸ ਮੌਕੇ ਗੱਲਬਾਤ ਕਰਦਿਆਂ ਸਿਵਲ ਸਰਜਨ ਨੇ ਕਿਹਾ ਕਿ ਹੁਣ ਪਹਿਲਾਂ ਮੁਕਾਬਲੇ ਧੀਆਂ ਪ੍ਰਤੀ ਲੋਕਾਂ ਦੀ ਸੋਚ ਵਿੱਚ ਕਾਫ਼ੀ ਬਦਲਾਅ ਆਇਆ ਹੈ। ਲੋਕ ਸਮਝ ਗਏ ਹਨ ਕਿ ਧੀਆਂ ਕਿਸੇ ਨਾਲੋਂ ਘੱਟ ਨਹੀਂ ਪਰ ਇਸ ਦਿਸ਼ਾ ਵਿੱਚ ਹਾਲੇ ਵੀ ਬਹੁਤ ਕੁਝ ਕਰਨ ਦੀ ਲੋੜ ਹੈ ਤਾਂ ਜੋ ਕੁੜੀਆਂ ਦੀ ਗਿਣਤੀ ਮੁੰਡਿਆਂ ਦੇ ਬਰਾਬਰ ਹੋ ਸਕੇ।
ਸਿਵਲ ਸਰਜਨ ਨੇ ਕਿਹਾ ਕਿ ਸਮਾਜਿਕ ਸਾਂਝ ਨੂੰ ਮਜ਼ਬੂਤ ਕਰਦਾ ਲੋਹੜੀ ਦਾ ਤਿਉਹਾਰ ਇਸ ਗੱਲੋਂ ਵੀ ਅਹਿਮ ਹੈ ਕਿ ਇਹ ਧੀਆਂ ਨੂੰ ਮੁੰਡਿਆਂ ਬਰਾਬਰ ਸਮਝਣ ਦਾ ਸੁਨੇਹਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ‘ਧੀਆਂ ਦੀ ਲੋਹੜੀ‘ ਮਨਾਉਣਾ ਸ਼ਲਾਘਾਯੋਗ ਕਾਰਜ ਹੈ ਅਤੇ ਹਰ ਨਾਗਰਿਕ ਨੂੰ ਇਸ ਦਿਨ ਅਹਿਦ ਕਰਨਾ ਚਾਹੀਦਾ ਹੈ ਕਿ ਉਹ ਆਪਣੇ ਘਰ, ਰਿਸ਼ਤੇਦਾਰੀ ਜਾਂ ਆਲੇ-ਦੁਆਲੇ ਧੀਆਂ ਨੂੰ ਕੁੱਖ ਵਿੱਚ ਕਤਲ ਨਹੀਂ ਹੋਣ ਦੇਵੇਗਾ। ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਕੁੜੀਆਂ ਦੀ ਭਲਾਈ ਲਈ ਕਈ ਯੋਜਨਾਵਾਂ ਸਫ਼ਲਤਾ ਨਾਲ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਮੰਤਵ ਲਿੰਗ ਅਨੁਪਾਤ ਵਿੱਚ ਹੋਰ ਸੁਧਾਰ ਕਰਨਾ ਹੈ।
ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ ਸਿਹਤ ਵਿਭਾਗ ਲਈ ਹੋਰ ਵੀ ਜ਼ਿਆਦਾ ਅਹਿਮੀਅਤ ਰੱਖਦਾ ਹੈ ਕਿਉਂਕਿ ਪੰਜਾਬ ਦੇ ਮੱਥੇ ’ਤੇ ਲੱਗਾ ‘ਕੁੜੀ ਮਾਰ’ ਦਾ ਕਲੰਕ ਧੋਣ ਵਿੱਚ ਵਿਭਾਗ ਨੇ ਵੱਡਾ ਰੋਲ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਅਜੋਕੇ ਜ਼ਮਾਨੇ ਵਿੱਚ ਪੁੱਤਰ ਅਤੇ ਧੀ ਵਿੱਚ ਕੋਈ ਫ਼ਰਕ ਨਹੀਂ। ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਪਣੇ ਘਰਾਂ ਵਿੱਚ ਧੀਆਂ ਨੂੰ ਅਹਿਮੀਅਤ ਦਈਏ ਕਿਉਂਕਿ ਜਦ ‘‘ਅਸੀਂ ਖ਼ੁਦ ਕੁੜੀਆਂ ਨੂੰ ਤਰਜੀਹ ਦੇਵਾਂਗੇ, ਤਦ ਹੀ ਦੂਜਿਆਂ ਨੂੰ ਕੁੜੀਆਂ ਬਚਾਉਣ ਦੀ ਸਿੱਖਿਆ ਦੇ ਸਕਦੇ ਹਾਂ।’’

ਸਮਾਗਮ ਵਿੱਚ ਲੋਹੜੀ ਦੀ ਧੂਣੀ ਬਾਲੀ ਗਈ ਅਤੇ ਲੋਹੜੀ ਦੇ ਗੀਤ ਗਾਏ ਗਏ। ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਵੀ ਲੋਹੜੀ ਸਮਾਗਮ ਕਰਵਾਏ ਗਏ। ਸਮਾਗਮ ਵਿੱਚ ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ ਪ੍ਰਦੇਸੀ, ਸਹਾਇਕ ਸਿਵਲ ਸਰਜਨ ਡਾ. ਰੇਨੂ ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗਿਰੀਸ਼ ਡੋਗਰਾ, ਐਸਐਮਓ ਡਾ. ਵਿਜੈ ਭਗਤ, ਡਾ. ਐਚਐਸ ਚੀਮਾ, ਡਾ. ਪਰਮਿੰਦਰ ਸਿੰਘ, ਡਾ. ਸੰਦੀਪ ਸਿੰਘ, ਡਾ. ਬਬਨਦੀਪ ਕੌਰ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਗੁਰਦੀਪ ਕੌਰ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ ਡਾਹਰੀ, ਦਿਲਬਾਗ ਸਿੰਘ ਤੇ ਹੋਰ ਸਿਹਤ ਅਧਿਕਾਰੀ ਤੇ ਸਟਾਫ਼ ਮੌਜੂਦ ਸੀ।