nabaz-e-punjab.com

ਸਿਹਤ ਵਿਭਾਗ ਭਾਈਵਾਲ ਵਿਭਾਗਾਂ ਨਾਲ ਮਿਲ ਕੇ ਚਲਾਏਗਾ ਐਂਟੀ ਤੰਬਾਕੂ ਮੁਹਿੰਮ: ਸ੍ਰੀਮਤੀ ਅੰਜਲੀ ਭਾਵੜਾ

ਜੁਵੇਨਾਈਲ ਜਸਟਿਸ ਐਕਟ ਐਂਡ ਐਂਟੀ ਤੰਬਾਕੂ ਲਾਅ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਸੈਂਸੀਟਾਈਜ਼ ਵਰਕਸ਼ਾਪ

ਪੰਜਾਬ ਦੇ 22 ਜ਼ਿਲ੍ਹਿਆਂ ਅਤੇ 375 ਪਿੰਡਾਂ ਨੂੰ ਤੰਬਾਕੂ ਮੁਕਤ ਘੋਸ਼ਿਤ ਕੀਤਾ ਜਾ ਚੁੱਕਿਆ ਹੈ: ਵਰੁਣ ਰੂਜ਼ਮ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੁਲਾਈ
ਤੰਬਾਕੂ ਕੰਟਰੋਲ ਸੈਲ, ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਜੁਵੇਨਾਈਲ ਜਸਟਿਸ ਐਕਟ ਅਤੇ ਐਂਟੀ ਤੰਬਾਕੂ ਲਾ ਨੂੰ ਸਖ਼ਤੀ ਨਾਲ ਲਾਗੂ ਕਰਨ ਸਬੰਧੀ ਰਾਜ ਪੱਧਰੀ ਸੈਂਸੇਟਾਈਜ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਦੀ ਪ੍ਰਧਾਨਗੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਪ੍ਰਮੁੱਖ ਸਕੱਤਰ ਸ਼੍ਰੀਮਤੀ ਅੰਜਲੀ ਭਾਵੜਾ ਨੇ ਕੀਤੀ। ਇਸ ਦੌਰਾਨ ਸਪੈਸ਼ਲ ਸੈਕਟਰੀ ਹੈਲਥ ਕਮ ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਸ਼੍ਰੀ ਵਰੁਣ ਰੂਜਮ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਤੇ ਟੀਐਮਸੀ ਮੁੰਬਈ ਤੋਂ ਡਾ. ਪੰਕਜ ਚਤੁਰਵੇਦੀ, ਪੀਜੀਆਈ ਚੰਡੀਗੜ੍ਹ ਦੇ ਡਾ. ਸੋਨੂੰ ਗੋਇਲ ਅਤੇ ਰਾਜ ਤੇ ਜਿਲਾ ਨੋਡਲ ਅਫ਼ਸਰ ਅਤੇ ਹੋਰ ਭਾਈਵਾਲ ਵਿਭਾਗ ਸ਼ਾਮਿਲ ਹੋਏ। ਇਨ੍ਹਾਂ ਵਿੱਚ ਸਥਾਨਕ ਸਰਕਾਰਾਂ, ਪੰਜਾਬ ਪੁਲਿਸ, ਲੀਗਲ ਮੈਟਰੋਲੋਜੀ, ਸਕੂਲ ਸਿੱਖਿਆ ਵਿਭਾਗ, ਉਚ ਸਿੱਖਿਆ ਵਿਭਾਗ, ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ, ਕਮਿਸ਼ਨ ਫਾਰ ਪ੍ਰੋਟੇਕਸ਼ਨ ਆਫ ਚਾਈਲਡ ਰਾਈਟ ਵਿਭਾਗ ਤੇ ਪੰਜਾਬ ਦੀਆਂ ਸਮਾਜ ਸੇਵੀ ਸੰਸਥਾ ਦੇ ਨੁਮਾਇੰਦੇ ਸ਼ਾਮਿਲ ਹੋਏ। ਇਸ ਦੌਰਾਨ ਤੰਬਾਕੂ ਨੂੰ ਕਾਬੂ ਪਾਉਣ ਲਈ ਉਪਰਾਲੇ ਕਰਨ ਵਾਲੇ ਵਿਭਾਗਾਂ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਤੇ ਹੋਰ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਪ੍ਰਮੁੱਖ ਸਕੱਤਰ ਸ਼੍ਰੀਮਤੀ ਅੰਜਲੀ ਭਾਵੜਾ ਨੇ ਕਿਹਾ ਕਿ ਇਸ ਵਰਕਸ਼ਾਪ ਦਾ ਉਦੇਸ਼ ਕਿਸ਼ੋਰਾਂ ਨੂੰ ਤੰਬਾਕੂ ਉਤਪਾਦਨਾਂ ਤੋਂ ਬਚਾਉਣ ਲਈ ਜੁਵੇਨਾਈਲ ਜਸਟਿਸ ਐਕਟ ਅਤੇ ਐਂਟੀ ਤੰਬਾਕੂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਭਾਈਵਾਲ ਵਿਭਾਗਾਂ ਨੂੰ ਸੈਂਸੀਟਾਈਜ਼ ਕਰਨਾ ਹੈ। ਇਸ ਉਦੇਸ਼ ਨੂੰ ਪੂਰਾ ਕਰਨ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਭਾਈਵਾਲ ਵਿਭਾਗਾਂ ਨਾਲ ਮਿਲ ਕੇ ਅਭਿਆਨ ਚਲਾਇਆ ਜਾ ਰਿਹਾ ਹੈ। ਭਾਈਵਾਲ ਵਿਭਾਗਾਂ ਨਾਲ ਮਿਲ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਹਾਲ ਹੀ ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਜੀ ਦੇ ਨਿਰਦੇਸ਼ਾਂ ਅਨੁਸਾਰ ਵਿਸ਼ਵ ਨੋ ਤੰਬਾਕੂ ਦਿਵਸ ਤੇ ਵਿਸ਼ੇਸ਼ ਮੁਹਿੰਮ ਉਲੀਕੀ ਗਈ ਸੀ, ਜਿਸ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਮੁਹਿੰਮ ਲਈ ਤੰਬਾਕੂ ਕੰਟਰੋਲ ਸੈਲ ਨੂੰ ਵਧਾਈ ਵੀ ਦਿੱਤੀ।
ਸਿਹਤ ਵਿਭਾਗ ਦੇ ਸਪੈਸ਼ਲ ਸੈਕਟਰੀ ਕਮ ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਸ਼੍ਰੀ ਵਰੁਣ ਰੂਜਮ ਨੇ ਕਿਹਾ ਕਿ ਪੰਜਾਬ ਦੇ ਸਾਰੇ 22 ਜ਼ਿਲ੍ਹਿਆਂ ਨੂੰ ਪੀਜੀਆਈ ਚੰਡੀਗੜ੍ਹ ਦੀ ਸਟੱਡੀ ਤੋਂ ਬਾਅਦ ਤੰਬਾਕੂ ਮੁਕਤ ਘੋਸ਼ਿਤ ਕੀਤਾ ਜਾ ਚੁੱਕਿਆ ਹੈ। ਇਸ ਦੇ ਨਾਲ-ਨਾਲ ਪੰਜਾਬ ਦੇ 375 ਪਿੰਡਾਂ ਨੂੰ ਤੰਬਾਕੂ ਮੁਕਤ ਪਿੰਡ ਘੋਸ਼ਿਤ ਕੀਤਾ ਜਾ ਚੁੱਕਿਆ ਹੈ। ਪੰਜਾਬ ਵਿੱਚ ਗੁੱਟਖਾ, ਪਾਨ ਮਸਾਲਾ (ਬਿਨ੍ਹਾਂ ਤੰਬਾਕੂ) ਦੇ ਨਾਲ ਫਲੇਵਰਡ ਤੰਬਾਕੂ ਦੇ ਵੱਖਰੇ ਸੈਸ਼ੇ ਇਕ ਹੀ ਜਗ੍ਹਾਂ ਤੇ ਇਕੋ ਹੀ ਵਿਕਰੇਤਾ ਵੱਲੋਂ ਵੇਚਣ ਤੇ ਰੋਕ ਲਗਾਈ ਗਈ ਹੈ। ਨੋ ਤੰਬਾਕੂ ਦਿਵਸ ਦੇ ਮੌਕੇ ਤੇ ਕਿਸ਼ੋਰਾਂ ਨੂੰ ਤੰਬਾਕੂ ਵੇਚਣ ਦੇ ਜੁਰਮ ਵਿੱਚ ਜਲੰਧਰ ਦੇ ਇਕ ਵਿਕਰੇਤਾ ਨੂੰ ਜੁਵੇਨਾਈਲ ਜਸਟਿਸ ਐਕਟ ਅਧੀਨ ਪਰਚਾ ਦਰਜ ਕੀਤਾ ਗਿਆ ਹੈ।
ਇਸ ਮੌਕੇ ਤੇ ਟੀਐਮਸੀ ਮੁੰਬਈ ਦੇ ਡਾ. ਪੰਕਜ ਚਤੁਰਵੇਦੀ ਨੇ ਪ੍ਰੈਜੈਂਟੇਸ਼ਨ ਦੇ ਜ਼ਰਿਏ ਦੱਸਿਆ ਕਿ ਤੰਬਾਕੂ ਜਾਂ ਨਿਕੋਟੀਨ ਦੀ ਆਦਤ ਵੀ ਮੈਂਟਲ ਡਿਸਆਰਡਰ ਦੀ ਬਿਮਾਰੀ ਹੈ। ਉਨ੍ਹਾਂ ਕਿਹਾ ਕਿ ਕੈਂਸਰ ਦਾ 50 ਪ੍ਰਤੀਸ਼ਤ ਕਾਰਣ ਅਤੇ 60-70 ਪ੍ਰਤੀਸ਼ਤ ਦਿਲ ਦੀਆਂ ਬਿਮਾਰੀਆਂ ਦਾ ਕਾਰਣ ਵੀ ਤੰਬਾਕੂ ਹੈ ਅਤੇ ਤੰਬਾਕੂ ਤੇ ਰੋਕ ਲਗਾਉਣ ਲਈ ਪੁਲਿਸ ਵਿਭਾਗ ਵਿਸ਼ੇਸ਼ ਭੁਮਿਕਾ ਨਿਭਾ ਸਕਦਾ ਹੈ। ਜੁਵੇਨਾਈਲ ਜਸਟਿਸ ਐਕਟ ਦੇ ਸੈਕਸ਼ਨ 77 ਅਨੁਸਾਰ ਕੋਈ ਵੀ ਵਿਕਰੇਤਾ ਬੱਚਿਆਂ ਨੂੰ ਤੰਬਾਕੂ ਉਤਪਾਦਨ ਵੇਚਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ 7 ਸਾਲ ਦੀ ਸਜਾ ਅਤੇ ਇਕ ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ।
ਇਸ ਦੌਰਾਨ ਪੀਜੀਆਈ ਚੰਡੀਗੜ੍ਹ ਵਿੱਚ ਸਕੂਲ ਆਫ ਪਬਲਿਕ ਹੈਲਥ ਦੇ ਡਾ. ਸੋਨੂੰ ਗੋਇਲ ਵੱਲੋਂ ਪੰਜਾਬ ਭਰ ਵਿੱਚ ਕੀਤੀ ਕੰਪਲਾਈਜ਼ ਸਟੱਡੀ ਬਾਰੇ ਚਰਚਾ ਕੀਤੀ ਅਤੇ ਪੰਜਾਬ ਦੇ 16 ਜਿਲ੍ਹਿਆਂ ਵਿਚ ਕੋਟਪਾ ਨੂੰ ਲਾਗੂ ਕੀਤਾ ਜਾ ਰਿਹਾ ਹੈ। ਇਸ ਸਟੱਡੀ ਵਿੱਚ ਸਾਹਮਣੇ ਆਇਆ ਹੈ ਕਿ ਪੰਜਾਬ ਵਿੱਚ ਪਿੱਛਲੀ ਸਟੱਡੀ ਨਾਲੋਂ ਹੁਣ 80-85 ਪ੍ਰਤੀਸ਼ਤ ਸੁਧਾਰ ਹੋਇਆ ਹੈ। ਇਸ ਦੌਰਾਨ ਕੋਟਪਾ ਕੰਪਲੇਂਟ ਜ਼ਿਲ੍ਹਿਆਂ ਨੂੰ ਸਨਮਾਨਿਤ ਕੀਤਾ ਗਿਆ।
ਸਟੇਟ ਤੰਬਾਕੂ ਕੰਟਰੋਲ ਸੈਲ ਦੇ ਸਟੇਟ ਪ੍ਰੋਗਰਾਮ ਅਫ਼ਸਰ ਡਾ. ਰਾਕੇਸ਼ ਗੁਪਤਾ ਨੇ ਤੰਬਾਕੂ ਦੇ ਵੱਖ-ਵੱਖ ਕਾਨੂੰਨ ਦੇ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਨੈਸ਼ਨਲ ਫੈਮਿਲੀ ਹੈਲਥ ਸਰਵੇ-4 (ਐਨਐਫਐਚਐਸ-4) ਡਾਟਾ (2-15-16) ਮੁਤਾਬਿਕ ਰਾਸ਼ਟਰ ਦੇ ਮੁਕਾਬਲੇ ਪੰਜਾਬ ਵਿੱਚ ਤੰਬਾਕੂ ਉਤਪਾਦਨਾਂ ਦੀ ਵਿਕਰੀ ਵਿੱਚ ਕਮੀ ਆਈ ਹੈ। ਪੁਰਸ਼ਾਂ ਵਿੱਚ ਤੰਬਾਕੂ ਇਸਤੇਮਾਲ 14.6 ਪ੍ਰਤੀਸ਼ਤ ਘੱਟ ਹੋਇਆ ਹੈ। ਹੁਣ ਪੰਜਾਬ ਵਿੱਚ ਤੰਬਾਕੂ ਉਤਪਾਦਨਾਂ ਦੇ ਇਸਤੇਮਾਲ ਨੂੰ ਘਟਾਉਣ ਲਈ ਐਂਡ ਗੇਮ ਤੰਬਾਕੂ ਦਾ ਉਦੇਸ਼ ਹੈ। ਵਰਕਸ਼ਾਪ ਦੌਰਾਨ ਡੀਐਸਪੀ ਐਸ.ਏ.ਐਸ. ਨਗਰ (ਮੁਹਾਲੀ) ਦੇ ਡੀਐਸਪੀ ਅਮਰੋਜ਼ ਕੁਮਾਰ ਨੇ ਪੁਲੀਸ ਵਿਭਾਗ ਵੱਲੋਂ ਤੰਬਾਕੂ ਤੇ ਕੰਟਰੋਲ ਪਾਉਣ ਲਈ ਕੀਤੇ ਉਪਰਾਲੇ ਬਾਰੇ ਜਾਣਕਾਰੀ ਦਿੱਤੀ ਅਤੇ ਭਵਿੱਖ ਵਿੱਚ ਵੀ ਪੁਲੀਸ ਵਿਭਾਗ ਵੱਲੋਂ ਪੂਰਾ ਸਹਿਯੋਗ ਦੇਣ ਲਈ ਭਰੋਸਾ ਦਿੱਤਾ।

Load More Related Articles
Load More By Nabaz-e-Punjab
Load More In Campaign

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…