Nabaz-e-punjab.com

ਸਿਹਤ ਬੀਮਾ ਯੋਜਨਾ: ਮੁਹਾਲੀ ਵਿੱਚ 44 ਦਿਨਾਂ ਵਿੱਚ 818 ਮਰੀਜ਼ਾਂ ਨੇ ਕਰਵਾਇਆ ਮੁਫ਼ਤ ਇਲਾਜ

ਦੋ ਸਰਕਾਰੀ ਹਸਪਤਾਲਾਂ ਵਿੱਚ ਗੋਡੇ ਬਦਲਣ ਦੇ ਹੋਏ ਦੋ ਵੱਡੇ ਅਪਰੇਸ਼ਨ: ਡਾ. ਮਨਜੀਤ ਸਿੰਘ

ਸਰਬੱਤ ਸਿਹਤ ਬੀਮਾ ਯੋਜਨਾ ਦਾ ਲਾਭ ਦੇਣ ਵਿੱਚ ਮੋਹਰੀ ਬਣਿਆ ਜ਼ਿਲ੍ਹਾ ਮੁਹਾਲੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਕਤੂਬਰ:
ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਪਿਛਲੇ 44 ਦਿਨਾਂ ਵਿੱਚ ਹੁਣ ਤੱਕ 818 ਮਰੀਜ਼ਾਂ ਨੇ ਵੱਖ-ਵੱਖ ਬਿਮਾਰੀਆਂ ਦਾ ਇਲਾਜ ਕਰਵਾਇਆ ਗਿਆ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਇਹ ਵਕਾਰੀ ਯੋਜਨਾ ਪੰਜਾਬ ਸਰਕਾਰ ਵੱਲੋਂ ਬੀਤੀ 20 ਅਗਸਤ ਨੂੰ ਮੁਹਾਲੀ ਤੋਂ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਹੁਣ ਤੱਕ ਵੱਡੀ ਗਿਣਤੀ ਵਿੱਚ ਲੋਕ ਇਸ ਯੋਜਨਾ ਦੇ ਪਾਤਰ ਬਣੇ ਹਨ ਅਤੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਕਰਵਾ ਰਹੇ ਹਨ।
ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ 397 ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ 421 ਮਰੀਜ਼ਾਂ ਨੇ ਵੱਖ-ਵੱਖ ਬਿਮਾਰੀਆ ਦਾ ਇਲਾਜ ਕਰਵਾਇਆ ਹੈ। ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਮੁਹਾਲੀ ਅਤੇ ਸਬ-ਡਵੀਜ਼ਨਲ ਹਸਪਤਾਲ ਖਰੜ ਵਿੱਚ ਦੋ ਅੌਰਤਾਂ ਦੇ ਗੋਡੇ ਬਦਲਣ ਦੇ ਵੱਡੇ ਅਪਰੇਸ਼ਨ ਕੀਤੇ ਗਏ ਹਨ। ਸਰਜਰੀ ਕਰਵਾਉਣ ਮਗਰੋਂ ਮਰੀਜ਼ ਚੰਗੀ ਤਰ੍ਹਾਂ ਚੱਲ-ਫਿਰ ਸਕਦੇ ਹਨ। ਉਂਜ ਇਨ੍ਹਾਂ ਮਰੀਜ਼ਾਂ ਦਾ ਗੋਡਾ ਬਦਲਾਉਣ ’ਤੇ ਦੋ-ਦੋ ਲੱਖ ਰੁਪਏ ਤੋਂ ਵੱਧ ਦਾ ਖ਼ਰਚਾ ਆ ਜਾਣਾ ਸੀ ਪਰ ਇਸ ਯੋਜਨਾ ਤਹਿਤ ਉਨ੍ਹਾਂ ਦਾ ਬਿਲਕੁਲ ਮੁਫ਼ਤ ਇਲਾਜ ਕੀਤਾ ਗਿਆ। ਇਹ ਅਪਰੇਸ਼ਨ ਡਾ. ਸੰਜੀਵ ਕੰਬੋਜ ਅਤੇ ਡਾ. ਸੁਖਜੀਤ ਸਿੰਘ ਬਾਵਾ ਨੇ ਕੀਤੇ ਗਏ।
ਡਾ. ਮਨਜੀਤ ਸਿੰਘ ਨੇ ਕਿਹਾ ਕਿ ਯੋਜਨਾ ਸ਼ੁਰੂ ਹੋਣ ਸਮੇਂ ਜ਼ਿਲ੍ਹੇ ਦੇ ਲਾਭਪਾਤਰੀ 10 ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾ ਸਕਦੇ ਹਨ ਪਰ ਹੁਣ ਪੰਜ ਨਵੇਂ ਹਸਪਤਾਲ ਜੋੜ ਦਿੱਤੇ ਗਏ ਹਨ ਅਤੇ ਇਸ ਤਰ੍ਹਾਂ ਹੁਣ 15 ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਇਲਾਜ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਬਾਦੀ ਦੇ ਹਿਸਾਬ ਨਾਲ ਜ਼ਿਲ੍ਹਾ ਮੁਹਾਲੀ ਹੋਰਨਾਂ ਜ਼ਿਲ੍ਹਿਆਂ ਮੁਕਾਬਲੇ ਛੋਟਾ ਹੈ ਪਰ ਇਸ ਯੋਜਨਾ ਦੀ ਪ੍ਰਗਤੀ ਪੱਖੋਂ ਇਹ ਜ਼ਿਲ੍ਹਾ ਮੋਹਰੀ ਜ਼ਿਲ੍ਹਾ ਬਣ ਰਿਹਾ ਹੈ ਅਤੇ ਹੁਣ ਤੱਕ ਹੋਰਨਾਂ ਜ਼ਿਲ੍ਹਿਆਂ ਦੇ ਮੁਕਾਬਲੇ ਮੁਹਾਲੀ ’ਚ ਵੱਧ ਮਰੀਜ਼ ਯੋਜਨਾ ਦਾ ਲਾਹਾ ਲੈ ਰਹੇ ਹਨ।
ਉਨ੍ਹਾਂ ਦੱਸਿਆ ਕਿ ਸਿਹਤ ਬੀਮਾ ਯੋਜਨਾ ਤਹਿਤ ਇਕ ਪਰਿਵਾਰ ਦਾ ਸਾਲਾਨਾ ਪੰਜ ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦਾ ਬੀਮਾ ਕੀਤਾ ਜਾਵੇਗਾ। ਹਸਪਤਾਲ ਵਿੱਚ ਦਾਖ਼ਲ ਹੋਣ ਦੀ ਸੂਰਤ ਵਿੱਚ ਹੀ ਇਸ ਯੋਜਨਾ ਦਾ ਲਾਭ ਮਿਲ ਸਕੇਗਾ। ਲਾਭਪਾਤਰੀਆਂ ਵਿੱਚ ਛੋਟੇ ਵਪਾਰੀ, ਕਿਸਾਨ ਪਰਿਵਾਰ ਜਿਨ੍ਹਾਂ ਕੋਲ ਜੇ-ਫਾਰਮ ਹੈ, ਨੀਲੇ ਰਾਸ਼ਨ ਕਾਰਡ ਧਾਰਕ ਪਰਿਵਾਰ, ਐਸਈਸੀਸੀ ਡਾਟਾ ਵਿੱਚ ਸ਼ਾਮਲ ਪਰਿਵਾਰ, ਕਿਰਤ ਵਿਭਾਗ ਕੋਲ ਪੰਜੀਕ੍ਰਿਤ ਉਸਾਰੀ ਕਾਮੇ ਸ਼ਾਮਲ ਹਨ। ਜ਼ਿਲ੍ਹੇ ਵਿੱਚ 1 ਲੱਖ 16 ਹਜ਼ਾਰ 760 ਪਰਿਵਾਰਾਂ ਦਾ ਸਿਹਤ ਬੀਮਾ ਕੀਤਾ ਜਾਵੇਗਾ। ਇਸ ਸਬੰਧੀ ਲਾਭਪਾਤਰੀਆਂ ਨੂੰ ਈ-ਕਾਰਡ ਬਣਾ ਕੇ ਦੇਣ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਫਿਲਹਾਲ ਜ਼ਿਲ੍ਹਾ ਹਸਪਤਾਲ, ਸਬ-ਡਵੀਜ਼ਨਲ ਹਸਪਤਾਲਾਂ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਤੋਂ ਇਲਾਵਾ ਸੂਚੀਬੱਧ 15 ਨਿੱਜੀ ਹਸਪਤਾਲਾਂ ਵਿੱਚ ਮਰੀਜ਼ ਵੱਖ-ਵੱਖ ਬੀਮਾਰੀਆਂ ਦਾ ਇਲਾਜ ਕਰਵਾ ਸਕਦੇ ਹਨ।
ਮਰੀਜ਼ ਸਰਕਾਰੀ ਵੈੱਬਸਾਈਟ www.shapunjab.in ’ਤੇ ਆਪਣੀ ਪਾਤਰਤਾ (ਯੋਗਤਾ) ਚੈੱਕ ਕਰ ਸਕਦੇ ਹਨ। 104 ਹੈਲਪਲਾਈਨ ਲੋਕਾਂ ਨੂੰ 24 ਘੰਟੇ ਸਰਬੱਤ ਸਿਹਤ ਬੀਮਾ ਯੋਜਨਾ ਬਾਬਤ ਪੂਰੀ ਜਾਣਕਾਰੀ ਪ੍ਰਦਾਨ ਕਰਵਾ ਰਹੀ ਹੈ। ਲਾਭਪਾਤਰੀ ਅਪਣਾ ਨਾਮ ਸੂਚੀ ਵਿਚ ਜਾਂਚਣ ਲਈ ਅਤੇ ਈ-ਕਾਰਡ ਬਣਵਾਉਣ ਲਈ ਸਰਕਾਰੀ ਹਸਪਤਾਲਾਂ ਵਿੱਚ ਬਣਾਏ ਗਏ ਮਦਦ ਕੇਂਦਰ ਜਾਂ ਨਜ਼ਦੀਕੀ ਕੌਮਨ ਸਰਵਿਸ ਸੈਂਟਰ ਵਿੱਚ ਜਾਣ। ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਅਰੋਗਿਆ ਮਿੱਤਰ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ। ਲਾਭਪਾਤਰੀ ਅਪਣੀ ਯੋਗਤਾ ਮੁਤਾਬਕ ਆਧਾਰ ਕਾਰਡ, ਰਾਸ਼ਨ ਕਾਰਡ, ਪੈਨ ਕਾਰਡ ਜਿਹੇ ਜ਼ਰੂਰੀ ਦਸਤਾਵੇਜ਼ ਜ਼ਰੂਰ ਲੈ ਕੇ ਜਾਣ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…