ਸਪੈਸ਼ਲਿਸਟ ਡਾਕਟਰ ਐਸੋਸੀਏਸ਼ਨ ਵੱਲੋਂ ਮੰਗਾਂ ਦੇ ਨਿਪਟਾਰੇ ਲਈ ਸਿਹਤ ਮੰਤਰੀ ਨਾਲ ਮੁਲਾਕਾਤ

ਪੀਸੀਐਮਐਸ ਡਾਕਟਰਾਂ ਲਈ ਵੱਖਰਾ ਸਪੈਸ਼ਲਿਸਟ ਸਬ-ਕਾਡਰ ਬਣਾਉਣ ’ਤੇ ਸਹਿਮਤੀ

ਸਿਹਤ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਦੀ ਅਗਵਾਈ ਹੇਠ ਵਿਸ਼ੇਸ਼ ਕਮੇਟੀ ਕਾਇਮ ਕਰਨ ਦਾ ਫੈਸਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਮਾਰਚ:
ਪੀਸੀਐਮਐਸ ਸਪੈਸ਼ਲਿਸਟ ਡਾਕਟਰ ਐਸੋਸੀਏਸ਼ਨ ਦੇ ਇੱਕ ਉੱਚ ਪੱਧਰੀ ਵਫ਼ਦ ਨੇ ਅੱਜ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਪ੍ਰਮੁੱਖ ਸਕੱਤਰ ਹੁਸਨ ਲਾਲ ਨਾਲ ਮੁਲਾਕਾਤ ਕਰਕੇ ਵੱਖ-ਵੱਖ ਬੀਮਾਰੀਆਂ ਦੇ ਮਾਹਰ ਡਾਕਟਰਾਂ ਅਤੇ ਸਪੈਸ਼ਲਿਸਟ ਡਾਕਟਰ ਐਸੋਸੀਏਸ਼ਨ ਦੀਆਂ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੀਆਂ ਜਾਇਜ਼ ਮੰਗਾਂ ਅਤੇ ਸਪੈਸ਼ਲਿਸਟ ਕਾਡਰ ਦੀ ਸਿਰਜਣਾ ਦੇ ਮਸਲੇ ਫੌਰੀ ਹੱਲ ਕਰਨ ਦੀ ਗੁਹਾਰ ਲਗਾਈ।
ਇਸ ਮੌਕੇ ਸਪੈਸ਼ਲਿਸਟ ਡਾਕਟਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਜਸਵੰਤ ਸਿੰਘ, ਜਨਰਲ ਸਕੱਤਰ ਡਾ. ਵਿਨੈ ਮੋਹਨ ਭਗਤ ਅਤੇ ਹੋਰਨਾਂ ਅਹੁਦੇਦਾਰਾਂ ਨੇ ਮੰਗ ਕੀਤੀ ਕਿ ਪੀਸੀਐਮਐਸ ਲਈ ਵੱਖਰੇ ਸਪੈਸ਼ਲਿਸਟ ਕਾਡਰ ਦੀ ਸਿਰਜਣਾ ਕੀਤੀ ਜਾਵੇ, ਉਨ੍ਹਾਂ ਦੱਸਿਆ ਕਿ ਇਹ ਮੰਗ 2005 ਤੋਂ ਠੰਢੇ ਬਸਤੇ ਵਿੱਚ ਪਈ ਹੈ। ਇਸ ਮੌਕੇ ਕਾਡਰ ਰੀਵੀਓ ਕਰਨ ਅਤੇ ਪੀਸੀਐਮਐਸ ਡਾਕਟਰਾਂ ਲਈ ਵੱਖਰਾ ਸਪੈਸ਼ਲਿਸਟ ਸਬ-ਕਾਡਰ ਬਣਾਉਣ ’ਤੇ ਸਹਿਮਤੀ ਪ੍ਰਗਟ ਕੀਤੀ ਗਈ ਅਤੇ ਇਸ ਸਬੰਧੀ ਸਿਹਤ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ। ਜਿਸ ਵਿੱਚ ਸਪੈਸ਼ਲਿਸਟ ਡਾਕਟਰ ਐਸੋਸੀਏਸ਼ਨ ਦੇ 3-4 ਨੁਮਾਇੰਦਿਆਂ ਨੂੰ ਸ਼ਾਮਲ ਕਰਨ ਦਾ ਭਰੋਸਾ ਦਿੱਤਾ।
ਮੀਟਿੰਗ ਦੌਰਾਨ ਸਿਹਤ ਮੰਤਰੀ ਦੇ ਓਐਸਡੀ ਡਾ. ਬਲਵਿੰਦਰ ਸਿੰਘ ਨੇ ਪੀਸੀਐਮਐਸ ਸਪੈਸ਼ਲਿਸਟ ਡਾਕਟਰ ਐਸੋਸੀਏਸ਼ਨ ਦਾ ਪੱਖ ਪੂਰਦਿਆਂ ਐਸੋਸੀਏਸ਼ਨ ਦੀਆਂ ਜਾਇਜ਼ ਮੰਗਾਂ ਨੂੰ ਪ੍ਰਭਾਵੀ ਢੰਗ ਨਾਲ ਸਮਝਾਇਆ ਗਿਆ। ਮੀਟਿੰਗ ਵਿੱਚ ਐਸੋਸੀਏਸ਼ਨ ਦੀਆਂ ਹੋਰਨਾਂ ਜਾਇਜ਼ ਮੰਗਾਂ ’ਤੇ ਵੀ ਸਹਿਮਤੀ ਪ੍ਰਗਟ ਕਰਦਿਆਂ ਸਿਹਤ ਮੰਤਰੀ ਸ੍ਰੀ ਸਿੱਧੂ ਨੇ ਉਕਤ ਮਸਲਿਆਂ ਦੇ ਸਥਾਈ ਹੱਲ ਲਈ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ।
ਮੀਟਿੰਗ ਵਿੱਚ ਸੀਨੀਅਰ ਸਲਾਹਕਾਰ ਡਾ. ਜਗਜੀਤ ਸਿੰਘ, ਮੀਤ ਪ੍ਰਧਾਨ ਡਾ. ਜਸਵਿੰਦਰ ਪਟਿਆਲਾ, ਰੀਜਨਲ ਸਕੱਤਰ ਡਾ. ਜੁਗਲ ਕਿਸ਼ੋਰ ਅੰਮ੍ਰਿਤਸਰ, ਸੰਯੁਕਤ ਸਕੱਤਰ ਡਾ. ਰਾਜੇਸ਼ ਗਰਗ ਲੁਧਿਆਣਾ, ਵਿੱਤ ਸਕੱਤਰ ਡਾ. ਗੁਰਪ੍ਰੀਤ ਸਿੰਘ ਮਾਨਸਾ ਅਤੇ ਪ੍ਰੈਸ ਸਕੱਤਰ ਡਾ. ਸੰਜੀਵ ਕੰਬੋਜ ਮੁਹਾਲੀ ਵੀ ਹਾਜ਼ਰ ਸਨ।

Load More Related Articles

Check Also

ਨੰਬਰਦਾਰਾਂ ਦੀਆਂ ਹੱਕੀ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਲਈ ਯੋਗ ਪੈਰਵੀ ਕਰਨ ਦਾ ਮਤਾ ਪਾਸ

ਨੰਬਰਦਾਰਾਂ ਦੀਆਂ ਹੱਕੀ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਲਈ ਯੋਗ ਪੈਰਵੀ ਕਰਨ ਦਾ ਮਤਾ ਪਾਸ ਭਗਤ ਆਸਾ ਰਾਮ ਜੀ ਦ…