ਸਿਹਤ ਮੰਤਰੀ ਵੱਲੋਂ ਪਿੰਡ ਕੰਡਾਲਾ ਦੇ ਸੀਵਰੇਜ ਤੇ ਜਲ ਸਪਲਾਈ ਪ੍ਰਾਜੈਕਟ ਲਈ 20 ਲੱਖ ਰੁਪਏ ਦੇਣ ਦਾ ਐਲਾਨ

ਵੱਖ-ਵੱਖ ਅਧਿਕਾਰੀਆਂ ਨੂੰ ਪਿੰਡ ਕੰਡਾਲਾ ਤੇ ਹੋਰਨਾਂ ਪਿੰਡਾਂ ਵਿੱਚ ਵਿਕਾਸ ਕੰਮ ਛੇਤੀ ਮੁਕੰਮਲ ਕਰਨ ਦੇ ਆਦੇਸ਼

ਸਿਹਤ ਮੰਤਰੀ ਬਲਬੀਰ ਸਿੱਧੂ ਨੇ ਅਧਿਕਾਰੀਆਂ ਨੂੰ ਨਾਲ ਲੈ ਕੇ ਪਿੰਡ ਕੰਡਾਲਾ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜੂਨ:
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਨਾਲ ਲੈ ਕੇ ਪਿੰਡ ਕੰਡਾਲਾ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਮੰਤਰੀ ਨੇ ਕੰਡਾਲਾ ਸਮੇਤ ਵੱਖ-ਵੱਖ ਪਿੰਡਾਂ ਵਿੱਚ ਮੌਜੂਦਾ ਸਮੇਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਛੇਤੀ ਮੁਕੰਮਲ ਕਰਨ ਦੇ ਆਦੇਸ਼ ਵੀ ਦਿੱਤੇ। ਇਸ ਮੌਕੇ ਸ੍ਰੀ ਸਿੱਧੂ ਨੇ ਕੰਡਾਲਾ ਵਿੱਚ ਸੀਵਰੇਜ ਤੇ ਜਲ ਸਪਲਾਈ ਪ੍ਰਾਜੈਕਟ ਲਈ 20 ਲੱਖ ਰੁਪਏ ਹੋਰ ਦੇਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਵੀ ਉਨ੍ਹਾਂ ਇਸ ਪ੍ਰਾਜੈਕਟ ਲਈ 24 ਲੱਖ ਰੁਪਏ ਦਿੱਤੇ ਗਏ ਸਨ ਅਤੇ ਬਾਕੀ ਖਰਚਾ ਪੰਚਾਇਤ ਵੱਲੋਂ ਕੀਤਾ ਜਾ ਰਿਹਾ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਹਲਕੇ ਦੇ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੱਖ-ਵੱਖ ਵਿਕਾਸ ਕਾਰਜ ਕਰਵਾਏ ਗਏ ਹਨ ਤੇ ਜੰਗੀ ਪੱਧਰ ਉੱਤੇ ਜਾਰੀ ਵੀ ਹਨ। ਪਿੰਡਾਂ ਨੂੰ ਆਪਸ ਵਿੱਚ ਜੋੜਨ ਵਾਲੀਆਂ ਲਿੰਕ ਸੜਕਾਂ ਦੀ ਵਿਸੇਸ਼ ਮੁਰੰਮਤ ਅਤੇ ਨਵਨਿਰਮਾਣ ਕੀਤਾ ਗਿਆ ਹੈ, ਜਿਸ ਨਾਲ ਲੋਕਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਆਵਾਜਾਈ ਵਿੱਚ ਆ ਰਹੀਆਂ ਦਿੱਕਤਾਂ ਤੋਂ ਛੁਟਕਾਰਾ ਮਿਲਿਆ ਹੈ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਵਿੱਚ ਸੀਵਰੇਜ ਸਿਸਟਮ, ਟੋਭਿਆਂ ਦੀ ਕਾਇਆ ਕਲਪ, ਗਲੀਆਂ, ਨਾਲੀਆਂ ਪੱਕੀਆਂ ਕਰਨਾ, ਪਾਰਕਾਂ ਦਾ ਨਿਰਮਾਣ, ਖੇਡ ਮੈਦਾਨ, ਸਟੇਡੀਅਮ, ਜਿਮਨੇਜ਼ੀਅਮ, ਕਮਿਊਨਿਟੀ ਹਾਲ, ਗ੍ਰਾਮ ਸਭਾ ਹਾਲ, ਧਰਮਸ਼ਾਲਾ, ਸਟਰੀਟ ਲਾਈਟਾਂ, ਪਿੰਡਾਂ ਦੀਆਂ ਪ੍ਰਮੁੱਖ ਥਾਵਾਂ ’ਤੇ ਸੀਸੀਟੀਵੀ ਕੈਮਰੇ ਲਗਾਉਣੇ, ਬੱਸ ਸ਼ੈਲਟਰਾਂ ਦੀ ਉਸਾਰੀ, ਸ਼ਮਸ਼ਾਨਘਾਟ/ਕਬਰਸਤਾਨ, ਪੀਣ ਵਾਲੇ ਪਾਣੀ ਦੀ ਸਪਲਾਈ, ਕਮਿਊਨਿਟੀ ਲਾਇਬਰੇਰੀ, ਕੂੜਾ ਕਰਕਟ ਦੀ ਸੁਚੱਜੀ ਸੰਭਾਲ, ਕਮਿਊਨਿਟੀ ਇਮਾਰਤਾਂ ਨੂੰ ਵਿਲੱਖਣ ਸਮਰੱਥਾ ਵਾਲੇ ਵਿਅਕਤੀਆਂ ਦੇ ਜਾਣ ਲਈ ਯੋਗ ਬਣਾਉਣਾ, ਸਕੂਲ, ਆਦਿ ਦਾ ਵਿਕਾਸ ਸ਼ਾਮਲ ਹਨ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਡੀਡੀਪੀਓ ਸੁਖਚੈਨ ਸਿੰਘ, ਪੰਚਾਇਤੀ ਰਾਜ ਦੇ ਐਕਸੀਅਨ ਮਹੇਸ਼ਵਰ ਸ਼ਾਰਦਾ, ਐਸਡੀਓ ਪੀਡਬਲਿਊਡੀ ਕਰਨੈਲ ਸਿੰਘ, ਐਸਡੀਓ ਪਬਲਿਕ ਹੈਲਥ ਸਿਮਰਨ ਕੌਰ, ਐਸਡੀਓ ਪਾਵਰਕੌਮ ਮਨਦੀਪ ਅੱਤਰੀ, ਜਸਪਾਲ ਮਸੀਹ ਜੀਈ ਪੰਚਾਇਤੀ ਰਾਜ, ਰਾਜ ਕੁਮਾਰ ਜੇਈ ਪੀ ਡਬਲਿਊ ਡੀ, ਵਿਮਲਾ ਦੇਵੀ ਸਰਪੰਚ ਕੰਡਾਲਾ, ਮਲਕੀਤ ਸਿੰਘ ਸਾਬਕਾ ਸਰਪੰਚ ਕੰਡਾਲਾ, ਸੁਖਵਿੰਦਰ ਸਿੰਘ ਸੁੱਖਾ, ਸੁਖਪ੍ਰੀਤ ਸਿੰਘ ਗੋਲਡੀ, ਗੁਰਮੀਤ ਸਿੰਘ, ਬਲਬੀਰ ਸਿੰਘ, ਗੁਰਮੇਲ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…